ਮੋਗਾ ਥੱਪੜ ਕਾਂਡ: ਲੁਧਿਆਣਾ ਦੇ ਐੱਸਐੇੱਚਓ ਖ਼ਿਲਾਫ਼ ਕੇਸ ਦਰਜ

ਮੋਗਾ (ਸਮਾਜ ਵੀਕਲੀ) : ਇਥੋਂ ਦੀ ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਵਾਲੇ ਥਾਣਾ ਡਿਵੀਜ਼ਨ-5, ਲੁਧਿਆਣਾ ਪੁਲੀਸ ਦੇ ਐੱਸਐੱਚਓ ਸਬ-ਇੰਸਪੈਕਟਰ ਕੁਲਦੀਪ ਸਿੰਘ ਖ਼ਿਲਾਫ਼ ਥਾਣਾ ਸਿਟੀ ਵਿੱਚ ਅੱਜ ਸਵੇਰੇ ਕੇਸ ਦਰਜ ਕੀਤਾ ਗਿਆ ਹੈ। ਥਾਣੇਦਾਰ ਖ਼ਿਲਾਫ਼ ਕਾਰਵਾਈ ਲਈ ਰਾਤ ਇਕ ਵਜੇ ਵਿਧਾਇਕ ਧਰਨੇ ਵਿਚ ਬੈਠੇ ਤੇ ਧਰਨਾ ਤੜਕੇ 3 ਵਜੋਂ ਤੱਕ ਚੱਲਿਆ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਵੀਰਵਾਰ ਨੂੰ ਸ਼ਾਮ ਕਰੀਬ 5 ਵਜੇ ਇਥੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਲਈ ਛਾਪਾ ਮਾਰਿਆ ਸੀ।

ਇਸ ਦੌਰਾਨ ਐੱਸਐੱਚਓ ਨੇ ਤੈਸ਼ ’ਚ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ ਨੂੰ ਥੱਪੜ ਮਾਰਨ ਨਾਲ ਹਜ਼ੂਮ ਇਕੱਠਾ ਹੋ ਗਿਆ। ਲੋਕ ਦੇਰ ਰਾਤ ਤੱਕ ਕਾਰਵਾਈ ਦੀ ਮੰਗ ਨੂੰ ਲੈ ਕੇ ਡਟੇ ਰਹੇ ਅਤੇ ਦੇਰ ਰਾਤ ਨੂੰ ਸਥਾਨਕ ਹਾਕਮ ਧਿਰ ਵਿਧਾਇਕ ਡਾ. ਹਰਜੋਤ ਕਮਲ ਵੀ ਲੋਕਾਂ ਨਾਲ ਧਰਨੇ ਉੱਤੇ ਆ ਬੈਠੇ। ਸਥਾਨਕ ਪੁਲੀਸ ਅਧਿਕਾਰੀ ਦੋਵਾਂ ਧਿਰਾਂ ਵਿੱਚ ਦੇਰ ਰਾਤ ਸਮਝੌਤਾ ਕਰਵਾਉਣ ਲਈ ਕੋਸ਼ਿਸਾਂ ਕਰਦੇ ਰਹੇ। ਸੂਤਰਾਂ ਦੀ ਮੰਨੀਏ ਤਾਂ ਐੱਸਐੱਚਓ ਨੇ ਕਥਿਤ ਤੌਰ ਉੱਤੇ ਮੁਆਫ਼ੀ ਵੀ ਮੰਗ ਲਈ। ਇਸ ਮਾਮਲੇ ਨੇ ਸਿਆਸੀ ਰੰਗਤ ਲੈ ਲੈਣ ਬਾਅਦ ਅੱਜ ਸਵੇਰੇ ਥਾਣਾ ਸਿਟੀ ਪੁਲੀਸ ਨੇ ਐੱਸਐੱਚਓ ਖ਼ਿਲਾਫ਼ ਆਈਪੀਸੀ ਦੀ ਧਾਰਾ 323/341/506 ਧਰਾਵਾਂ ਤਹਿਤ ਐਫ਼ਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਡਿਪਟੀ ਮੇਅਰ ਅਸੋਕ ਕੁਮਾਰ ਧਮੀਜਾ ਜੋ ਸਥਾਨਕ ਕਬਾੜ ਬਜ਼ਾਰ ਦੇ ਪ੍ਰਧਾਨ ਵੀ ਹਨ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਲੁਧਿਆਣਾ ਪੁਲੀਸ ਨੇ ਉਸ ਦੇ ਭਤੀਜੇ ਦੀ ਦੁਕਾਨ ਉੱਤੇ ਛਾਪਾਮਾਰੀ ਕੀਤੀ। ਉਹ ਸ਼ਹਿਰ ਦਾ ਨੁਮਾਇੰਦਾ ਤੇ ਕਬਾੜ ਬਜ਼ਾਰ ਦਾ ਪ੍ਰਧਾਨ ਹੋਣ ਦੇ ਨਾਤੇ ਉਥੇ ਪੁੱਜਾ ਤਾਂ ਲੁਧਿਆਣਾ ਪੁਲੀਸ ਨੇ ਉਸ ਦੀ ਗੱਲ ਸੁਣਨ ਦੀ ਥਾਂ ਕਥਿਤ ਤੌਰ ਉੱਤੇ ਲੱਖ ਰੁਪਏ ਦੀ ਵੱਢੀ ਮੰਗੀ। ਇਸ ਬਾਅਦ ਤੈਸ਼ ’ਚ ਆ ਕੇ ਐੱਸਐੱਚਓ ਕੁਲਦੀਪ ਸਿੰਘ ਨੇ ਉਸ ਨੂੰ ਥੱਪੜ ਮਾਰਕੇ ਅਪਮਾਨਿਤ ਕੀਤਾ ਗਿਆ। ਥੱਪੜ ਮਾਰਨ ਦੀ ਘਟਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਥੇ ਦੱਸਣਯੋਗ ਹੈ ਕਿ ਲੁਧਿਆਣਾ ਪੁਲੀਸ ਪਹਿਲਾਂ ਡਿਪਟੀ ਮੇਅਰ ਨੂੰ ਥੱਪੜ ਮਾਰਨ ਤੋਂ ਮੁਕਰ ਗਈ ਪਰ ਸੀਸੀਟੀਵੀ ਕੈਮਰੇ ਨੋ ਪੋਲ ਖੋਲ੍ਹ ਦਿੱਤੀ ਸੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੀਤ ਨੂੰ ਮੁਰਾਦ !
Next articleਬਰਤਾਨੀਆ ਦੀ ਸੰਸਦ ’ਚ ਕਸ਼ਮੀਰ ਬਾਰੇ ਮਤਾ ਪੇਸ਼, ਭਾਰਤ ਨਾਰਾਜ਼