ਚੇਨੱਈ (ਸਮਾਜ ਵੀਕਲੀ): ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਅੱਜ ਵਰ੍ਹਦਿਆਂ ਕਿਹਾ ਹੈ ਕਿ ਤਾਮਿਲਾਂ ਦੀ ਦੇਸ਼ਭਗਤੀ ਲਈ ਉਨ੍ਹਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਪ੍ਰਧਾਨ ਮੰਤਰੀ ਵੱਲੋਂ 7 ਫਰਵਰੀ ਨੂੰ ਸੰਸਦ ’ਚ ਦਿੱਤੇ ਗਏ ਬਿਆਨ ਅਤੇ ਗਣਤੰਤਰ ਦਿਵਸ ਮੌਕੇ ਤਾਮਿਲ ਨਾਡੂ ਦੀ ਝਾਕੀ ਨੂੰ ਰੱਦ ਕਰਨ ਦਾ ਜ਼ਿਕਰ ਕਰਦਿਆਂ ਸਟਾਲਿਨ ਨੇ ਕਿਹਾ ਕਿ ਕਿਸ ਨੇ ਗਣਤੰਤਰ ਦਿਵਸ ਦੀ ਪਰੇਡ ਸਮੇਂ ਤਾਮਿਲ ਨਾਡੂ ਦੀ ਝਾਕੀ ਨਾ ਕੱਢਣ ਦਾ ਫ਼ੈਸਲਾ ਲਿਆ ਸੀ। ਇਥੇ ਸਥਾਨਕ ਚੋਣਾਂ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਸਟਾਲਿਨ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਲੋਕ ਸਭਾ ’ਚ ਦਿੱਤੇ ਗਏ ਭਾਸ਼ਨ ਦੌਰਾਨ ਤਾਮਿਲ ਨਾਡੂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਸਟਾਲਿਨ ਨੇ ਕਿਹਾ,‘‘ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭਾਜਪਾ ਕਈ ਸਾਲਾਂ ਤੱਕ ਤਾਮਿਲ ਨਾਡੂ ’ਚ ਰਾਜ ਕਰਨ ਦੇ ਯੋਗ ਨਹੀਂ ਹੋਵੇਗੀ। ਇਸ ਦੇ ਜਵਾਬ ’ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਤਾਮਿਲ ਨਾਡੂ ਦੇ ਲੋਕ ਰਾਸ਼ਟਰਵਾਦੀ ਹਨ ਅਤੇ ਤਾਮਿਲ ਨਾਡੂ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਖ਼ਿਲਾਫ਼ ਆਲੋਚਨਾ ਨੂੰ ਭਾਰਤ ਖ਼ਿਲਾਫ਼ ਆਲੋਚਨਾ ਦਾ ਰੂਪ ਦੇ ਦਿੱਤਾ।’’ ਉਨ੍ਹਾਂ ਕਿਹਾ ਕਿ ਭਾਰਤੀ ਦਾ ਬੁੱਤ ਲਾਉਣ ਤੋਂ ਕਿਸ ਨੇ ਰੋਕਿਆ ਸੀ ਜਦਕਿ ਮੋਦੀ ਖੁਦ ਆਪਣੇ ਭਾਸ਼ਨਾਂ ’ਚ ਕੌਮੀ ਕਵੀ ਦੇ ਗੀਤਾਂ ਦਾ ਹਵਾਲਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਮੋਦੀ ਅਤੇ ਹੋਰ ਆਗੂਆਂ ’ਚ ਸਮੱਸਿਆ ਇਹ ਹੈ ਕਿ ਉਹ ਸੋਚਦੇ ਹਨ ਕਿ ਦੇਸ਼ ਸਿਰਫ਼ ਇਕ ਇਲਾਕਾ ਹੈ ਜਦਕਿ ਅਸੀਂ ਆਖਦੇ ਹਾਂ ਕਿ ਰਾਸ਼ਟਰ ਲੋਕਾਂ ਨਾਲ ਬਣਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly