ਮੋਦੀ ਦੇ ਕਾਫ਼ਲੇ ਨੇੜੇ ਢੁਕਣ ਵਾਲੇ ਦੀ ਵੱਡੇ ਭਾਜਪਾ ਆਗੂਆਂ ਤੱਕ ਪਹੁੰਚ

ਤਲਵਾੜਾ (ਸਮਾਜ ਵੀਕਲੀ):  ਲੰਘੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਫ਼ੇਰੀ ਦੌਰਾਨ ਸੁਰੱਖਿਆ ਘੇਰਾ ਉਲੰਘ ਕੇ ਹੱਥਾਂ ’ਚ ਭਾਜਪਾ ਦਾ ਝੰਡਾ ਚੁੱਕੀ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਲੋਕਾਂ ’ਚ ਸ਼ਾਮਲ ਇਕ ਨੌਜਵਾਨ ਦੀ ਪਛਾਣ ਸ਼ਿਵਮ ਸ਼ਰਮਾ ਵਾਸੀ ਤਲਵਾੜਾ ਵਜੋਂ ਹੋਈ ਹੈ। ਉਸ ਦੀਆਂ ਭਾਜਪਾ ਦੇ  ਵੱਡੇ ਆਗੂਆਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਰੋਕੇ ਜਾਣ ਦੀ ਘਟਨਾ ਨੇ ਨਵਾਂ ਮੋੜ ਲੈ ਲਿਆ ਹੈ। ਸ਼ਿਵਮ ਸ਼ਰਮਾ ਨੇ ਭਾਜਪਾ ਆਗੂਆਂ ਨਾਲ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਖਾਤਿਆਂ ’ਤੇ ਪਈਆਂ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ, ਲਖੀਮਪੁਰ ਘਟਨਾ ਵਿੱਚ ਘਿਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ, ਲਾਲ ਕ੍ਰਿਸ਼ਨ ਅਡਵਾਨੀ, ਸ਼ਿਵ ਸੈਨਾ ਹਿੰਦ ਪੰਜਾਬ ਦੇ ਵਿਵਾਦਤ ਆਗੂ ਨਿਸ਼ਾਂਤ ਸ਼ਰਮਾ, ਕੇਂਦਰੀ ਮੰਤਰੀ ਅਨੁਰਾਗ ਠਾਕੁਰ ਤੇ ਹੋਰ ਸ਼ਾਮਲ ਹਨ।

ਮੂਲ ਰੂਪ ਵਿੱਚ ਉਤਰਾਖੰਡ ਨਾਲ ਸਬੰਧਤ ਸ਼ਿਵਮ ਸ਼ਰਮਾ ਸਥਾਨਕ ਬੀਬੀਐੱਮਬੀ ਕਲੋਨੀ ਦੇ ਸੈਕਟਰ ਤਿੰਨ ਵਿੱਚ ਰਹਿੰਦਾ ਹੈ। ਉਹ ਪਿਛਲੇ ਕੁਝ ਸਾਲਾਂ ਤੋਂ ਸ਼ਿਵ ਸੈਨਾ ਹਿੰਦ ਵਰਗੇ ਕਈ ਕੱਟੜਪੰਥੀ ਸੰਗਠਨਾਂ ਦਾ ਸਰਗਰਮ ਕਾਰਕੁਨ ਹੈ ਅਤੇ ਉਹ ਖੁਦ ਨੂੰ ਪੰਜਾਬ ਭਾਜਪਾ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਤੇ ਭਾਜਪਾ ਸਵੱਛ ਭਾਰਤ ਅਭਿਆਨ ਦਾ ਮੈਂਬਰ ਦੱਸਦਾ ਹੈ। ਉਸ ਨੂੰ ਪੰਜਾਬ ਪੁਲੀਸ ਦੀ ਸੁਰੱਖਿਆ ਛਤਰੀ ਮਿਲੀ ਹੋਈ ਹੈ। ਸੂਤਰਾਂ ਅਨੁਸਾਰ ਸ਼ਿਵਮ ਸ਼ਰਮਾ ਕੋਲ ਪਿਛਲੇ ਕਰੀਬ ਦੋ ਸਾਲ ਤੋਂ ਪੰਜਾਬ ਪੁਲੀਸ ਦੀ ਸੁਰੱਖਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸ੍ਰੀ ਸ਼ਰਮਾ ਦੀ ਸੁਰੱਖਿਆ ਬਾਰੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਸਥਾਨਕ ਪੁਲੀਸ ਕੋਲ ਕੋਈ ਦਸਤਾਵੇਜ਼ ਹੈ।

ਸੂਤਰਾਂ ਅਨੁਸਾਰ ਪੰਜਾਬ ਪੁਲੀਸ ਨੇ ਸ਼ਿਵਮ ਸ਼ਰਮਾ ਨੂੰ ਕਿਸੇ ਵੱੱਡੇ ਆਗੂ ਜਾਂ ਅਧਿਕਾਰੀ ਦੇ ਕਹਿਣ ’ਤੇ ਜ਼ੁਬਾਨੀ ਹੀ ਸੁਰੱਖਿਆ ਦਿੱਤੀ ਹੋਈ ਹੈ। ਫਿਰੋਜ਼ਪੁਰ ਫ਼ੇਰੀ ਦੌਰਾਨ ਸੜਕ ਜਾਮ ਵਿੱਚ ਫਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਜਦੋਂ ਵਾਪਸ ਮੁੜ ਰਿਹਾ ਸੀ ਤਾਂ ਸ਼ਿਵਮ ਸ਼ਰਮਾ ਆਪਣੇ ਕੁਝ ਸਮਰਥਕਾਂ ਨਾਲ ਭਾਜਪਾ ਦਾ ਝੰਡਾ ਲੈ ਕੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਲਾਉਂਦਾ ਹੋਇਆ ਅੱਗੇ ਵਧਦਾ ਹੋਇਆ ਸਪਸ਼ਟ ਦਿਖਾਈ ਦਿੰਦਾ ਹੈ। ਇਹ ਵੀਡੀਓ ਕੌਮੀ ਖ਼ਬਰ ਚੈਨਲਾਂ ਵੱਲੋਂ ਵੀ ਚਲਾਈ ਗਈ ਹੈ। ਦੱਸਣਯੋਗ ਹੈ ਕਿ ਇਹ ਨੌਜਵਾਨ ਖੁਦ ਨੂੰ ਲੀਡਰ ਸਥਾਪਿਤ ਕਰਨ ਲਈ ਪਹਿਲਾਂ ਵੀ ਕਈ ਤਰ੍ਹਾਂ ਦੀਆਂ ਸਿਆਸੀ ਸਰਗਰਮੀਆਂ ਕਰ ਚੁੱਕਿਆ ਹੈ। ਜਿਥੇ ਸ਼ਿਵਮ ਸ਼ਰਮਾ ਦੀ ਇਸ ਹਰਕਤ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ’ਤੇ ਉਂਗਲ ਚੁੱਕਣ ਦਾ ਮੌਕਾ ਦਿੱਤਾ ਹੈ, ਉੱਥੇ ਹੀ ਭਾਜਪਾ ਅਤੇ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਵੀ ਕਈ ਸ਼ੰਕੇ ਖੜ੍ਹੇ ਕਰ ਦਿੱਤੇ ਹਨ। ਸ਼ਿਵਮ ਸ਼ਰਮਾ ਨੇ ਸੰਪਰਕ ਕਰਨ ’ਤੇ ਆਖਿਆ ਕਿ ਉਸ ਕੋਲ਼ ਇਸ ਸਮੇਂ ਇੱਕ ਸੁਰੱਖਿਆ ਕਰਮੀ ਹੈ, ਜੋ ਪੁਲੀਸ ਨੇ ਉਸ ਨੂੰ ਹਿੰਦੂ ਨੇਤਾ ਹੋਣ ਵਜੋਂ ਦਿੱਤਾ ਹੋਇਆ ਹੈ।

 

ਸ਼ਿਵਮ ਦੀ ਸੁਰੱਖਿਆ ਤੋਂ ਐੱਸਐੱਸਪੀ ਅਣਜਾਣ

ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲੀਸ ਮੁਖੀ ਕੁਲਵੰਤ ਸਿੰਘ ਹੀਰ ਨੇ ਪੰਜਾਬ ਪੁਲੀਸ ਵੱਲੋਂ ਸ਼ਿਵਮ ਸ਼ਰਮਾ ਨੂੰ ਦਿੱਤੀ ਪੁਲੀਸ ਸੁਰੱਖਿਆ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਨੇ ਕੀਤੀ ਲੋਕਤੰਤਰ ਦੀ ਹੱਤਿਆ: ਰਾਘਵ ਚੱਢਾ
Next articleਦੇਸ਼ ’ਚ ਕਰੋਨਾ ਦੇ 1.41 ਲੱਖ ਤੋਂ ਵੱਧ ਨਵੇਂ ਕੇਸ