ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਬਾਲ ਪੁਰਸਕਾਰ ਦੇ ਜੇਤੂਆਂ ਨੂੰ ਅਪੀਲ ਕੀਤੀ ਹੈ ਕਿ ਉਹ ‘ਵੋਕਲ ਫਾਰ ਲੋਕਲ’ ਮੁਹਿੰਮ ਦੀ ਹਮਾਇਤ ਕਰਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈਆਂ ਜਾ ਰਹੀਆਂ ਸਾਰੀਆਂ ਨੀਤੀਆਂ ਦੇ ਕੇਂਦਰ ’ਚ ਨੌਜਵਾਨ ਹਨ।
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂਆਂ ਨਾਲ ਆਨਲਾਈਨ ਗੱਲਬਾਤ ਕਰਦਿਆਂ ਸ੍ਰੀ ਮੋਦੀ ਨੇ ਸੁਤੰਤਰਤਾ ਸੈਨਾਨੀ ਸੁਭਾਸ਼ ਚੰਦਰ ਬੋਸ ਦੇ ਹੋਲੋਗ੍ਰਾਮ ਬੁੱਤ ਦੇ ਉਦਘਾਟਨ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ‘ਸਾਨੂੰ ਨੇਤਾਜੀ ਤੋਂ ਫਰਜ਼ ਅਤੇ ਰਾਸ਼ਟਰ ਪ੍ਰੇਮ ਦੀ ਪ੍ਰੇਰਣਾ ਮਿਲਦੀ ਹੈ ਅਤੇ ਤੁਹਾਨੂੰ ਦੇਸ਼ ਲਈ ਫਰਜ਼ ਦੇ ਰਾਹ ’ਤੇ ਤੁਰਨਾ ਹੋਵੇਗਾ।’ ਪ੍ਰਧਾਨ ਮੰਤਰੀ ਨੇ ਬਾਲ ਪੁਰਸਕਾਰ ਜੇਤੂਆਂ ਨੂੰ ਬਲਾਕ ਚੇਨ ਤਕਨਾਲੋਜੀ ਦੀ ਵਰਤੋਂ ਕਰਦਿਆਂ ਡਿਜੀਟਲੀ ਸਰਟੀਫਿਕੇਟ ਵੀ ਵੰਡੇ। ‘ਵੋਕਲ ਫਾਰ ਲੋਕਲ’ ਮੁਹਿੰਮ ਲਈ ਹਮਾਇਤ ਮੰਗਦਿਆਂ ਸ੍ਰੀ ਮੋਦੀ ਨੇ ਪੁਰਸਕਾਰ ਜੇਤੂਆਂ ਨੂੰ ਕਿਹਾ ਕਿ ਉਹ ਆਪਣੇ ਘਰਾਂ ਅੰਦਰ ਵਿਦੇਸ਼ੀ ਵਸਤਾਂ ਦੀ ਸੂਚੀ ਬਣਾਉਣ। ਉਨ੍ਹਾਂ ਕਿਹਾ,‘‘ਸਾਨੂੰ ਇਸ ਗੱਲ ਦਾ ਮਾਣ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਨੌਜਵਾਨ ਨਿਵੇਕਲੇ ਰਾਹ ਅਪਣਾ ਰਹੇ ਹਨ ਅਤੇ ਮੁਲਕ ਨੂੰ ਅਗਾਂਹ ਲੈ ਕੇ ਜਾ ਰਹੇ ਹਨ।
ਸਾਨੂੰ ਇਸ ਗੱਲ ’ਤੇ ਵੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਦੇ ਸਾਰੇ ਸੀਈਓ ਨੌਜਵਾਨ ਭਾਰਤੀ ਹਨ। ਨੌਜਵਾਨਾਂ ਵੱਲੋਂ ਸਟਾਰਟਅੱਪਜ਼ ’ਚ ਨਾਮਣਾ ਖੱਟਣ ’ਤੇ ਵੀ ਸਾਨੂੰ ਮਾਣ ਹੁੰਦਾ ਹੈ।’’ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ’ਚ ਬੱਚਿਆਂ ਦੀ ਸ਼ਮੂਲੀਅਤ ਦੀ ਸ਼ਲਾਘਾ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੱਚਿਆਂ ਨੇ ਵੈਕਸੀਨੇਸ਼ਨ ਪ੍ਰੋਗਰਾਮ ’ਚ ਵੀ ਆਪਣੀ ਆਧੁਨਿਕ ਅਤੇ ਵਿਗਿਆਨਕ ਸੋਚ ਦਿਖਾਈ ਹੈ। ਉਨ੍ਹਾਂ ਕਿਹਾ ਕਿ 4 ਕਰੋੜ ਤੋਂ ਜ਼ਿਆਦਾ ਬੱਚਿਆਂ ਨੇ ਹੁਣ ਤੱਕ ਕਰੋਨਾ ਤੋਂ ਬਚਾਅ ਦੀ ਵੈਕਸੀਨ ਲਗਵਾ ਲਈ ਹੈ। ਉਨ੍ਹਾਂ ਬੱਚਿਆਂ ਨੂੰ ਪੂਰੇ ਸਮਾਜ ਲਈ ਪ੍ਰੇਰਣਾ ਬਣਨ ਲਈ ਵੀ ਕਿਹਾ। ਛੇ ਖੇਤਰਾਂ ਕਾਢਾਂ, ਖੇਡਾਂ, ਕਲਾ ਤੇ ਸੱਭਿਆਚਾਰ, ਸਮਾਜ ਸੇਵਾ, ਬਹਾਦਰੀ ਅਤੇ ਵਿਦਿਅਕ ਪ੍ਰਾਪਤੀਆਂ ’ਚ ਨਾਮਣਾ ਖੱਟਣ ਵਾਲੇ 29 ਬੱਚਿਆਂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ ਜਿਨ੍ਹਾਂ ’ਚੋਂ 14 ਲੜਕੀਆਂ ਹਨ। ਹਰੇਕ ਬੱਚੇ ਨੂੰ ਇਕ ਮੈਡਲ, ਇਕ ਲੱਖ ਰੁਪਏ ਦਾ ਨਕਦ ਇਨਾਮ ਅਤੇ ਸਰਟੀਫਿਕੇਟ ਦਿੱਤੇ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly