ਮੋਦੀ ਵੱਲੋਂ ਅਫ਼ਗਾਨ ਸਿੱਖਾਂ ਅਤੇ ਹਿੰਦੂਆਂ ਦੇ ਵਫ਼ਦ ਨਾਲ ਮੁਲਾਕਾਤ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਫ਼ਗਾਨਿਸਤਾਨ ਤੋਂ ਆਏ ਸਿੱਖਾਂ ਅਤੇ ਹਿੰਦੂਆਂ ਦੇ ਵਫ਼ਦ ਨਾਲ ਇਥੇ ਆਪਣੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦਾ ਸਨਮਾਨ ਕਰਦਿਆਂ ਉਨ੍ਹਾਂ ਅਫ਼ਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਲਿਆਉਣ ਲਈ ਮੋਦੀ ਦਾ ਧੰਨਵਾਦ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕੇਂਦਰੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਵੀ ਹਾਜ਼ਰ ਸਨ। ਇਕ ਦਿਨ ਪਹਿਲਾਂ ਸ੍ਰੀ ਮੋਦੀ ਨੇ ਦੇਸ਼ ਦੀਆਂ ਅਹਿਮ ਸਿੱਖ ਸ਼ਖ਼ਸੀਅਤਾਂ ਨਾਲ ਮੁਲਾਕਾਤ ਕੀਤੀ ਸੀ।

ਪ੍ਰਧਾਨ ਮੰਤਰੀ ਨੇ ਵਫ਼ਦ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਮਹਿਮਾਨ ਨਹੀਂ ਸਗੋਂ ਆਪਣੇ ਘਰਾਂ ਵਿੱਚ ਹਨ। ‘ਭਾਰਤ ਤੁਹਾਡਾ ਆਪਣਾ ਘਰ ਹੈ।’ ਉਨ੍ਹਾਂ ਅਫ਼ਗਾਨਿਸਤਾਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਸੁਰੱਖਿਅਤ ਭਾਰਤ ਵਾਪਸੀ ਲਈ ਸਰਕਾਰ ਵੱਲੋਂ ਦਿੱਤੀ ਗਈ ਸਹਾਇਤਾ ਬਾਰੇ ਵੀ ਚਰਚਾ ਕੀਤੀ। ਇਸ ਸੰਦਰਭ ’ਚ ਉਨ੍ਹਾਂ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਮਹੱਤਤਾ ਅਤੇ ਉਸ ਦੇ ਲਾਭਾਂ ਬਾਰੇ ਵੀ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਭਵਿੱਖ ਵਿੱਚ ਵੀ ਹਿੰਦੂਆਂ ਅਤੇ ਸਿੱਖਾਂ ਨੂੰ ਲਗਾਤਾਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸ੍ਰੀ ਮੋਦੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਪਰੰਪਰਾ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਪਸ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਅਫ਼ਗਾਨਿਸਤਾਨ ਦੇ ਨਾਗਰਿਕਾਂ ਤੋਂ ਪਿਛਲੇ ਕੁਝ ਸਾਲਾਂ ਦੌਰਾਨ ਮਿਲੇ ਅਥਾਹ ਪਿਆਰ ਬਾਰੇ ਵੀ ਚਰਚਾ ਕੀਤੀ ਅਤੇ ਕਾਬੁਲ ਦੀ ਆਪਣੀ ਫੇਰੀ ਨੂੰ ਯਾਦ ਕੀਤਾ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਈਚਾਰੇ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਭਾਰਤ ਤੋਂ ਸਹਾਇਤਾ ਭੇਜਣ ਵਾਸਤੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਉਸ ਸਮੇਂ ਕੀਤੀ ਗਈ ਜਦੋਂ ਕੋਈ ਵੀ ਉਨ੍ਹਾਂ ਨਾਲ ਨਹੀਂ ਖੜ੍ਹਾ ਸੀ। ਵਫ਼ਦ ਦੇ ਹੋਰ ਮੈਂਬਰਾਂ ਨੇ ਵੀ ਸੰਕਟ ਦੀ ਘੜੀ ਵਿੱਚ ਪ੍ਰਧਾਨ ਮੰਤਰੀ ਦਾ ਸਾਥ ਦੇਣ ਲਈ ਧੰਨਵਾਦ ਕੀਤਾ।

ਵਫ਼ਦ ਵਿਚ ਹਰਭਜਨ ਸਿੰਘ ਪ੍ਰਧਾਨ ਅਫ਼ਗਾਨ ਹਿੰਦੂ-ਸਿੱਖ ਵੈਲਫੇਅਰ ਸੁਸਾਇਟੀ, ਵਿਕਰਮਜੀਤ ਸਿੰਘ ਸਾਹਨੀ, ਪ੍ਰਤਾਪ ਸਿੰਘ ਪ੍ਰਧਾਨ, ਡਾ. ਅਨਾਰਕਲੀ ਕੌਰ (ਸਾਬਕਾ ਮੈਂਬਰ ਪਾਰਲੀਮੈਂਟ), ਮਨੋਹਰ ਸਿੰਘ, ਤਰਿੰਦਰ ਸਿੰਘ ਸੋਨੀ, ਹੀਰਾ ਸਿੰਘ, ਬਲਦੇਵ ਸਿੰਘ ਖਾਲਸਾ (ਅਫ਼ਗਾਨ ਮੂਲ ਦੇ ਆਗੂ), ਹਰਵਿੰਦਰ ਸਿੰਘ, ਨਰਿੰਦਰ ਸਿੰਘ, ਸੰਤੋਖ ਸਿੰਘ ਸਚਦੇਵਾ, ਬਲਵੰਤ ਸਿੰਘ ਖਾਲਸਾ (ਅਫਗਾਨ ਮੂਲ ਦੇ ਆਗੂ), ਡਾ. ਰਘੂਨਾਥ ਕੋਛੜ, ਸੁਰਪਾਲ ਸਿੰਘ (ਐੱਮਪੀ. ਨਰਿੰਦਰ ਸਿੰਘ ਦੇ ਭਰਾ), ਇੰਦਰਜੀਤ ਸਿੰਘ ਮੌਂਟੀ, ਮਨਸਾ ਰਾਮ, ਲੇਖਰਾਜ ਭਗਤ, ਜਗਮੋਹਨ ਸਿੰਘ, ਹਿੰਮਤ ਸਿੰਘ, ਨਿਧਾਨ ਸਿੰਘ, ਬੰਸਰੀ ਲਾਲ ਅਰੰਦੇਹ, ਕੁਲਦੀਪ ਕੁਮਾਰ ਸਰੀਨ, ਸੰਤੋਖ ਸਿੰਘ ਚਾਵਲਾ, ਕੁਲਵੰਤ ਸਿੰਘ, ਫਤਿਹ ਸਿੰਘ, ਮਹਿੰਦਰ ਸਿੰਘ, ਦੁਰਮੀਤ ਸਿੰਘ, ਤਰਲੋਚਨ ਸਿੰਘ ਸਚਦੇਵਾ, ਕੀਰਤ ਸਿੰਘ ਅਤੇ ਡਾ. ਬੇਅੰਤ ਸ਼ਾਮਲ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਤਿਕਾਰ ਕੌਰ ਗਹਿਰੀ ਨੂੰ ਕਾਂਗਰਸ ’ਚੋਂ ਕੱਢਿਆ
Next articleਆਰਐੱਸਐੱਸ ਨਾਲ ਸਬੰਧਤ ਸੰਸਥਾ ਮੁਤਾਬਕ ‘ਹਿਜਾਬ ਨਾਲੋਂ ਸਿੱਖਿਆ ਵੱਧ ਮਹੱਤਵਪੂਰਨ’