ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਦੇਸ਼ ਲਈ ਦੇਸ਼ ਅੰਦਰੋਂ ਨਵੀਨਤਮ ਤਕਨਾਲੋਜੀ ਦਾ ਵਿਕਾਸ ਕਰਨ ’ਤੇ ਜ਼ੋਰ ਦਿੱਤਾ। ਉਹ ਉੱਦਮੀਆਂ ਤੇ ਨਵੀਨਤਮ ਤਕਨਾਲੋਜੀ ਨੂੰ ਅਫ਼ਸਰਸ਼ਾਹੀ ਦੇ ਘੇਰੇ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਚੁੱਕੇ ਕਦਮਾਂ ਬਾਰੇ ਦੱਸ ਰਹੇ ਸਨ। ਉਹ ਵੀਡੀਓ ਕਾਨਫਰੰਸ ਰਾਹੀਂ ਸਟਾਰਟਅਪਜ਼ ਸ਼ੁਰੂ ਕਰਨ ਵਾਲੇ ਘੱਟ ਉਮਰ ਦੇ ਉੱਦਮੀਆਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ,‘ਸਾਡੇ ਸਟਾਰਟਅਪ ਮਾਹੌਲ ਬਦਲ ਰਹੇ ਹਨ। ਮੇਰਾ ਮੰਨਣਾ ਹੈ ਕਿ ਸਟਾਰਟਅਪ ਨਵੇਂ ਭਾਰਤ ਦੀ ਰੀੜ੍ਹ ਦੀ ਹੱਡੀ ਬਣਨਗੇ।’ ਉਨ੍ਹਾਂ ਕਿਹਾ,‘ਆਓ! ਅਸੀਂ ਭਾਰਤ ਲਈ ਭਾਰਤ ਵਿੱਚੋਂ ਨਵੀਨਤਮ ਤਕਨਾਲੋਜੀ ਦਾ ਵਿਕਾਸ ਕਰੀਏ। ਭਾਰਤ ਵਿੱਚ 60,000 ਤੋਂ ਵੱਧ ਸਟਾਰਟਅਪ ਹਨ। ਉਨ੍ਹਾਂ ਕਿਹਾ ਸਰਕਾਰ ਤਿੰਨ ਪੱਖਾਂ ’ਤੇ ਧਿਆਨ ਕੇਂਦਰਤ ਕਰ ਰਹੀ ਹੈ— ਪਹਿਲਾ, ਸਰਕਾਰੀ ਪ੍ਰਕਿਰਿਆਵਾਂ ਤੋਂ ਉੱਦਮਾਂ ਤੇ ਨਵੀਨਤਮ ਤਕਨਾਲੋਜੀ ਨੂੰ ਮੁਕਤ ਕਰਵਾਉਣਾ; ਦੂਜਾ, ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਸੰਸਥਾਗਤ ਢਾਂਚਾ ਬਣਾਉਣਾ ਅਤੇ ਤੀਜਾ, ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly