ਮੋਦੀ ਨੇ ਮੀਟਿੰਗ ਕਰ ਕੇ ਤੂਫ਼ਾਨ ‘ਜਵਾਦ’ ਦੀ ਸਥਿਤੀ ਦਾ ਜਾਇਜ਼ਾ ਲਿਆ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੀਟਿੰਗ ਕਰ ਕੇ ਸਮੁੰਦਰੀ ਤੂਫ਼ਾਨ ‘ਜਵਾਦ’ ਨਾਲ ਸਬੰਧਤ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਬੰਗਾਲ ਦੀ ਖਾੜੀ ’ਤੇ ਸੰਭਾਵੀ ਸਮੁੰਦਰੀ ਤੂਫ਼ਾਨ ਬਾਰੇ ਮੋਦੀ ਨੂੰ ਅਧਿਕਾਰੀਆਂ ਨੇ ਜਾਣੂ ਕਰਾਇਆ। ਇਹ ਤੂਫ਼ਾਨ ਉੱਤਰੀ ਆਂਧਰਾ ਪ੍ਰਦੇਸ਼ ਤੇ ਉੜੀਸਾ ਤੱਟ ਉਤੇ ਮਾਰ ਕਰ ਸਕਦਾ ਹੈ। ਇਸ ਦੌਰਾਨ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ।

ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਤੂਫ਼ਾਨ ਚਾਰ ਦਸੰਬਰ ਨੂੰ ਉੜੀਸਾ ਤੱਟ ’ਤੇ ਪਹੁੰਚ ਰਿਹਾ ਹੈ। ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਹੋਈ ਮੀਟਿੰਗ ’ਚ ਕੇਂਦਰੀ ਮੰਤਰੀ ਤੇ ਸੂਬਿਆਂ ਦੇ ਅਧਿਕਾਰੀਆਂ, ਕਈ ਏਜੰਸੀਆਂ ਸ਼ਾਮਲ ਸਨ। ਰਾਜ ਸਰਕਾਰ ਨੇ ਬੁੱਧਵਾਰ 13 ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਯੋਜਨਾ ਬਣਾਉਣ ਲਈ ਕਿਹਾ ਹੈ ਤਾਂ ਜੋ ਖ਼ਤਰਾ ਬਣਨ ’ਤੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾ ਸਕੇ। ਐੱਨਡੀਆਰਐਫ ਤੇ ਹੋਰਨਾਂ ਰਾਹਤ ਬਲਾਂ ਦੀ ਤਾਇਨਾਤੀ ਲਈ ਯੋਜਨਾਬੰਦੀ ਕਰਨ ਲਈ ਵੀ ਕਿਹਾ ਗਿਆ ਹੈ। ਭਵਿੱਖਬਾਣੀ ਮੁਤਾਬਕ ਦੱਖਣੀ ਅੰਡੇਮਾਨ ਸਾਗਰ ਵਿਚ ਹਲਕੇ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ ਤੇ ਇਹ ਤੂਫ਼ਾਨ ਬਣ ਕੇ ਤੱਟ ਵੱਲ ਵੱਧ ਰਿਹਾ ਹੈ। ਤੱਟ ਰੱਖਿਅਕਾਂ ਨੇ ਅਗਾਊਂ ਕਦਮ ਚੁੱਕੇ ਹਨ। ਤੂਫ਼ਾਨ ਕਾਰਨ ਆਂਧਰਾ ਪ੍ਰਦੇਸ਼, ਉੜੀਸਾ ਤੇ ਪੱਛਮੀ ਬੰਗਾਲ ਦੇ ਤੱਟੀ ਜ਼ਿਲ੍ਹਿਆਂ ਵਿਚ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਹੈ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਵੀ ਮੁੱਖ ਸਕੱਤਰਾਂ ਨਾਲ ਸਥਿਤੀ ਦਾ ਜਾਇਜ਼ਾ ਲਿਆ ਹੈ। ਗ੍ਰਹਿ ਮੰਤਰਾਲਾ ਚੌਵੀ ਘੰਟੇ ਸੂਬਾਈ ਅਥਾਰਿਟੀਆਂ ਦੇ ਸੰਪਰਕ ਵਿਚ ਰਹੇਗਾ। ਜਲ ਸੈਨਾ ਤੇ ਏਅਰ ਫੋਰਸ ਨੂੰ ਵੀ ਤਿਆਰ ਰਹਿਣ ਲਈ ਕਿਹਾ ਗਿਆ ਹੈ। ਬਿਜਲੀ, ਸੰਚਾਰ ਤੇ ਸਿਹਤ ਮੰਤਰਾਲਾ ਵੀ ਹੰਗਾਮੀ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧਰਮ ਦੀ ਸਿਆਸਤ ਕਰ ਰਹੇ ਨੇ ਯੋਗੀ, ਲੋਕ ਵਿਕਾਸ ਦੇ ਮੁੱਦੇ ਚੁੱਕਣ: ਪ੍ਰਿਯੰਕਾ
Next articleਅਮਰੀਕਾ ਵੱਲੋਂ ਯੂਕਰੇਨ ਮੁੱਦੇ ’ਤੇ ਰੂਸ ਨੂੰ ਸਿੱਧੀ ਚਿਤਾਵਨੀ