ਲਖਨਊ (ਸਮਾਜ ਵੀਕਲੀ): ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਰੱਬ ਵੱਲੋਂ ਬਣਾਈ ‘ਲਾਮਿਸਾਲ ਜੋੜੀ’ ਕਰਾਰ ਦਿੱਤਾ ਹੈ। ਸਿੰਘ ਨੇ ਇਹ ਗੱਲ ਅੱਜ ਇਥੇ ਆਪਣੇ ਸੰਸਦੀ ਹਲਕੇ ਲਖਨਊ ਵਿੱਚ 1700 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿੱਚ ਕਹੀ। ਇਸ ਮੌਕੇ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਤੇ ਦੋਵੇਂ ਉਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਤੇ ਕੇਸ਼ਵ ਪ੍ਰਸਾਦ ਮੌਰਿਆ ਵੀ ਮੌਜੂਦ ਸਨ। ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਦਾਅਵਾ ਕੀਤਾ ਕਿ ਮੁਲਕ ਦੇ 90 ਫੀਸਦ ਪਰਿਵਾਰ ਸਰਕਾਰੀ ਸਕੀਮਾਂ ਦਾ ਲਾਹਾ ਲੈ ਰਹੇ ਹਨ।
ਸਿੰਘ ਨੇ ਕਿਹਾ ਕਿ ਇਹ ਗਿਣਤੀ ਵੱਧ ਵੀ ਹੋ ਸਕਦੀ ਹੈ। ਰੱਖਿਆ ਮੰਤਰੀ ਨੇ ਕਿਹਾ, ‘‘ਯੋਗੀ ਆਦਿੱਤਿਆਨਾਥ ਜੇਕਰ ਮੁੱਖ ਮੰਤਰੀ ਨਾ ਹੁੰਦੇ ਤਾਂ ਸ਼ਾਇਦ ਮੈੈਂ ਲਖਨਊ ਵਿੱਚ ਇੰਨੇ ਕੰਮ ਨਾ ਕਰਵਾ ਸਕਦਾ। ਮੇਰੀ ਕੋਸ਼ਿਸ਼ ਹੈ ਕਿ ਲਖਨਊ ਨੂੰ ਸੁੰਦਰ ਸ਼ਹਿਰ ਬਣਾਇਆ ਜਾਵੇ। ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਨੇ ਵੀ ਇਸ ਕੰਮ ਵਿੱਚ ਮੇਰੀ ਮਦਦ ਕੀਤੀ।’ ਸਿੰਘ ਨੇ ਕਿਹਾ ਕਿ ਤਾਮਿਲ ਨਾਡੂ ਤੇ ਕਰਨਾਟਕ ਦੀ ਉਨ੍ਹਾਂ ਦੀ ਹਾਲੀਆ ਫੇਰੀ ਦੌਰਾਨ ਕੁਝ ਲੋਕ ਮਿਲੇ ਜਿਨ੍ਹਾਂ ਯੋਗੀ ਜੀ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਕੋਵਿਡ-19 ਕਰਕੇ ਯਤੀਮ ਹੋਏ ਬੱਚਿਆਂ ਦੀ ਸੰਭਾਲ ਲਈ ਮੁੱਖ ਮੰਤਰੀ ਵੱਲੋਂ ਕੀਤੇ ਕੰਮਾਂ ਨੇ ਉਨ੍ਹਾਂ ਦਾ ਦਿਲ ਛੂਹ ਲਿਆ ਹੈ। ਯੋਗੀ ਨੇ ਆਪਣੇ ਸੰਬੋਧਨ ਵਿੱਚ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀ ਸੇਧ ਤੇ ਹੱਲਾਸ਼ੇਰੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਰਾਜਨਾਥ ਵੱਲੋਂ 1710 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਆਪਣੇ ਸੰਸਦੀ ਹਲਕੇ ਦੀ ਫੇਰੀ ਦੌਰਾਨ ਸੂਬਾਈ ਰਾਜਧਾਨੀ ਵਿੱਚ ਸਮਾਰਟ ਲਖਨਊ ਤੇ ਸਮਾਰਟ ਸਟੇਟ ਪ੍ਰਾਜੈਕਟ ਤਹਿਤ 1710 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਰੱਖਿਆ ਮੰੰਤਰੀ ਨੇ 180 ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਪ੍ਰਾਜੈਕਟਾਂ ਵਿੱਚ ਚੌਕ ਫਲਾਈਓਵਰ ਤੇ ਕਿਸਾਨ ਪੱਥ ਦਾ ਉਦਘਾਟਨ ਵੀ ਸ਼ਾਮਲ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly