ਜਲੰਧਰ, ਅੱਪਰਾ (ਸਮਾਜ ਵੀਕਲੀ) (ਜੱਸੀ)- ਹਲਕਾ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਇਲਾਕੇ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਕਾਂਗਰਸ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੇਲੇ ਐਲਾਨੇ ਗਏ ਡਿਗਰੀ ਕਾਲਜ ਨੂੰ ਬਣਾਉਣ ਦੀ ਮੰਗ ਨੂੰ ਅੱਜ ਵਿਧਾਨ ਸਭਾ ਵਿੱਚ ਉਠਾਇਆ। ਉਨ੍ਹਾਂ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ਤੇ ਬਣਨ ਵਾਲੇ ਡਿਗਰੀ ਕਾਲਜ ਨੂੰ ਜਲਦ ਤੋਂ ਜਲਦ ਬਣਾਉਣ ਦੀ ਮੰਗ ਨੂੰ ਕਰਦਿਆਂ ਕਿਹਾ ਕਿ ਇਸ ਸੰਬੰਧੀ ਲੋੜੀਂਦੀ ਜ਼ਮੀਨ ਨਗਰ ਕੌਂਸਲ ਆਦਮਪੁਰ ਵਲੋਂ ਸਰਕਾਰ ਨੂੰ ਮੁਹੱਈਆ ਕਰਵਾਈ ਗਈ ਹੈ। ਵਿਧਾਇਕ ਵੱਲੋਂ ਸੰਬੰਧਿਤ ਮੰਤਰੀ ਪੁੱਛਿਆ ਕਿ ਇਹ ਕਾਲਜ ਕਦੋਂ ਤੱਕ ਬਣਕੇ ਤਿਆਰ ਹੋ ਜਾਵੇਗਾ।
ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਲੰਬੇ ਸਮੇਂ ਤੋਂ ਵਿਦਿਆਰਥੀਆਂ ਦੇ ਹੱਕਾਂ ਲਈ ਸੜਕਾਂ ਤੇ ਅੰਦੋਲਨ ਕਰਦੇ ਰਹੇ ਹਨ।ਉਨ੍ਹਾਂ ਕਿਹਾ ਕਿ ਕੌਮ ਦੇ ਮਹਾਨ ਰਹਿਬਰ ਸਾਹਿਬ ਕਾਂਸ਼ੀ ਰਾਮ ਜੀ ਦੇ ਨਾਮ ਤੇ ਆਦਮਪੁਰ ਵਿੱਚ ਬਣਨ ਵਾਲੇ ਡਿਗਰੀ ਕਾਲਜ ਦੇ ਮੁੱਦੇ ਨੂੰ ਪੰਜਾਬ ਵਿਧਾਨ ਸਭਾ ਵਿੱਚ ਉਠਾਕੇ ਮੈਂ ਆਪਣਾ ਫਰਜ਼ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ
ਡਿਗਰੀ ਕਾਲਜ ਬਣਾਉਣ ਲਈ ਸਦਾ ਯਤਨਸ਼ੀਲ ਰਹਾਂਗਾ।