*ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਹੋਣ ਵਾਲੇ ਨੁਕਸਾਨ ਲਈ ਵਿਸ਼ੇਸ਼ ਮੁਆਵਜ਼ੇ ਦੀ ਕੀਤੀ ਮੰਗ*
ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ) : ਗਡਰੀਆ ਭਾਈਚਾਰੇ ਦੀ ਤਰੱਕੀ, ਸੁਧਾਰ ਅਤੇ ਭੇਡਾਂ-ਬੱਕਰੀਆਂ ਪਾਲਣ ਵਿਚ ਆਉਂਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਗਾਤਾਰ ਯਤਨ ਜਾਰੀ ਹਨ। ਵਿਧਾਨ ਸਭਾ ਸੈਸ਼ਨ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿੱਚ ਲਿਆਂਦਾ ਕਿ ਗਡਰੀਆ ਬਰਾਦਰੀ ਸਾਡਾ ਸਰਮਾਇਆ ਹੈ ਜਿਸਨੂੰ ਸਾਂਭ ਕੇ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਧੰਦੇ ਨੂੰ ਬਚਾਉਣ ਲਈ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ । ਇਸ ਮੌਕੇ ਵਿਧਾਇਕ ਰੰਧਾਵਾ ਨੇ ਮੁੱਖ ਮੰਤਰੀ ਮਾਨ ਨਾਲ ਹੋਈ ਗੱਲਬਾਤ ਦੌਰਾਨ ਕਿਹਾ ਕਿ ਭੇਡਾਂ-ਬੱਕਰੀਆਂ ਪਾਲਣਾ ਦੇ ਮੁੱਖ ਕਿੱਤੇ ਨਾਲ਼ ਸਬੰਧਿਤ ਇਹ ਕੌਮ ਅਜੋਕੇ ਯੁੱਗ ਵਿਚ ਬਹੁਤ ਹੀ ਗ਼ੁਰਬਤ ਦੀ ਜ਼ਿੰਦਗੀ ਬਸਰ ਕਰ ਰਹੀ ਹੈ। ਗ਼ਰੀਬੀ ਕਾਰਨ ਢੁਕਵੇਂ ਪ੍ਰਬੰਧਾਂ ਦੀ ਤੋਟ ਦੇ ਚੱਲਦਿਆਂ, ਇਨ੍ਹਾਂ ਪਰਿਵਾਰਾਂ ਦੀਆਂ ਭੇਡਾਂ-ਬੱਕਰੀਆਂ ਨੂੰ ਆਵਾਰਾ ਕੁੱਤੇ ਖਾ ਜਾਂਦੇ ਹਨ ਜਾਂ ਫਿਰ ਆਮ ਚਰਾਂਦਾਂ ਨਾ ਹੋਣ ਦੀ ਸੂਰਤ ਵਿੱਚ ਸੜਕਾਂ ’ਤੇ ਹਾਦਸਿਆਂ ਦੌਰਾਨ ਇਨ੍ਹਾਂ ਦਾ ਸਾਰਾ ਇੱਜੜ ਹੀ ਮਰ ਜਾਂਦਾ ਹੈ।
ਪਰੰਤੂ ਅੱਜ ਤੱਕ ਪਿਛਲੀਆਂ ਸਰਕਾਰੇ-ਦਰਬਾਰੇ ਇਨ੍ਹਾਂ ਗ਼ਰੀਬ ਪਰਿਵਾਰਾਂ ਦੀ ਕਿਤੇ ਸੁਣਵਾਈ ਨਹੀਂ ਹੋਈ। ਵਿਧਾਇਕ ਰੰਧਾਵਾ ਹੈ ਗਡਰੀਆ ਬਰਾਦਰੀ ਲਈ ਸਭ ਤੋਂ ਵੱਧ ਖਤਰਨਾਕ ਜਾਨਵਰ ਅਵਾਰਾ ਕੁੱਤਿਆਂ ਤੇ ਨਕੇਲ ਕੱਸਣ ਲਈ ਉਪਰਾਲੇ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਹੋਰਨਾਂ ਆਵਾਰਾ ਪਸ਼ੂਆਂ ਵਾਂਗੂ ਆਵਾਰਾ ਕੁੱਤਿਆਂ ਲਈ ਵੀ ਵਾੜੇ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਆਮ ਲੋਕਾਂ ਤੇ ਗਡਰੀਆ ਲਈ ਖ਼ੌਫ਼ ਪੈਦਾ ਕਰਨ ਵਾਲੇ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਉੱਥੇ ਬੰਦ ਕਰਕੇ ਰੱਖਿਆ ਜਾ ਸਕੇ। ਉਹਨਾਂ ਆਵਾਰਾ ਕੁੱਤਿਆਂ ਦੇ ਹਮਲੇ ਕਾਰਨ ਮਰਨ ਵਾਲਿਆਂ ਭੇਡਾਂ ਦੇ ਨੁਕਸਾਨ ਦਾ ਮੁਆਵਜ਼ੇ ਦੇਣ ਲਈ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਗਡਰੀਆ ਦੇ ਰੋਜ਼ਗਾਰ ਅਤੇ ਕਿਤੇ ਨੂੰ ਉਤਸ਼ਾਹਿਤ ਕਰਨ ਲਈ ਭੇਡਾਂ ਦੀ ਮੰਡੀ ਲਾਉਣ ਅਤੇ ਸਰਕਾਰੀ ਇਲਾਜ, ਬੀਮਾ ਦੇ ਨਾਲ ਨੌਕਰੀਆਂ ਵਿੱਚ ਵਿਸ਼ੇਸ਼ ਕੋਟਾ ਰੱਖਣ ਦੀ ਮੰਗ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly