ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਇਨਡੋਰ ਸਟੇਡੀਅਮ ਵਿਚ ਇਕ ਮਹੱਤਵਪੂਰਨ ਪ੍ਰੋਜੈਕਟ ਦੀ ਸ਼ੁਰੂਆਤ ਕਰਦੇ ਹੋਏ ਸਟੇਡੀਅਮ ਦੇ ਵਿਸਥਾਰ ਕੰਮ ਦੀ ਸ਼ੁਰੂਆਤ ਕੀਤੀ। ਇਹ ਕੰਮ ਬਾਕਸਿੰਗ ਅਤੇ ਕੁਸ਼ਤੀ ਦੇ ਖੇਤਰ ਵਿਚ ਕੀਤਾ ਜਾ ਰਿਹਾ ਹੈ ਜਿਸ ਵਿਚ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਨੂੰ ਬਿਹਤਰ ਸੁਵਿਧਾ ਮਿਲ ਸਕੇਗੀ। ਇਸ ਪ੍ਰੋਜੈਕਟ ’ਤੇ ਕਰੀਬ 50 ਲੱਖ ਰੁਪਏ ਦੀ ਲਾਗਤ ਆਵੇਗੀ। ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨਾਲ ਇਸ ਪ੍ਰੋਜੈਕਟ ਦੇ ਬਾਰੇ ਵਿਚ ਚਰਚਾ ਕੀਤੀ ਸੀ ਅਤੇ ਉਨ੍ਹਾਂ ਦੇ ਸਹਿਯੋਗ ਨਾਲ ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਵਿਸਥਾਰ ਵਿਸ਼ੇਸ਼ ਤੌਰ ’ਤੇ ਬਾਕਸਿੰਗ ਅਤੇ ਕੁਸ਼ਤੀ ਦੇ ਖਿਡਾਰੀਆਂ ਨੂੰ ਧਿਆਨ ਵਿਚ ਰੱਖ ਕੇ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਅਭਿਆਸ ਦੇ ਲਈ ਵੱਧ ਸਥਾਨ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡਾ ਉਦੇਸ਼ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਖਿਡਾਰੀਆਂ ਨੂੰ ਹਰ ਸੰਭਵ ਸੁਵਿਧਾ ਪ੍ਰਦਾਨ ਕਰਨਾ ਹੈ। ਇਹ ਵਿਸਥਾਰ ਬਾਕਸਿੰਗ ਅਤੇ ਕੁਸ਼ਤੀ ਸਿਖਣ ਵਾਲਿਆਂ ਲਈ ਇਕ ਵੱਡਾ ਕਦਮ ਸਾਬਤ ਹੋਵੇਗਾ।
ਵਿਧਾਇਕ ਨੇ ਇਸ ਮੌਕੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਖੇਡਾਂ ਨੂੰ ਵਧਾਵਾ ਦੇਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖਿਡਾਰੀਆਂ ਦੀ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਉਚ ਪੱਧਰ ਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਇਹ ਯਤਨ ਨਾ ਕੇਵਲ ਖਿਡਾਰੀਆਂ ਲਈ ਲਾਭਕਾਰੀ ਹੋਵੇਗਾ ਬਲਕਿ ਹੁਸ਼ਿਆਰਪੁਰ ਨੂੰ ਖੇਡ ਨਕਸ਼ੇ ’ਤੇ ਇਕ ਨਵੀਂ ਪਹਿਚਾਣ ਦਿਵਾਉਣ ਵਿਚ ਸਹਾਈ ਸਾਬਤ ਹੋਵੇਗਾ। ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਸਥਾਨਕ ਖੇਡ ਸਮੂਦਾਏ ਵਿਚ ਉਤਸ਼ਾਹ ਦਾ ਮਾਹੌਲ ਹੈ। ਖਿਡਾਰੀਆਂ ਅਤੇ ਕੋਚਾਂ ਨੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਉਮੀਦ ਕੀਤੀ ਕਿ ਇਸ ਪ੍ਰਕਾਰ ਦੇ ਯਤਨਾਂ ਨਾਲ ਨਾ ਕੇਵਲ ਖੇਡ ਪ੍ਰਤਿਭਾ ਉਭਰ ਕੇ ਸਾਹਮਣੇ ਆਵੇਗੀ ਬਲਕਿ ਖੇਤਰੀ ਅਤੇ ਰਾਸ਼ਟਰੀ ਪੱਧਰ ‘ਤੇ ਵੀ ਉਪਲਬੱਧੀਆਂ ਹਾਸਲ ਹੋਵੇਗੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹਰਮੀਤ ਸਿੰਘ ਔਲਖ, ਦਿ ਹੁਸ਼ਿਆਰਪੁਰ ਸੈਂਟਰ ਕੁਆਪ੍ਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤਾ ਚੌਧਰੀ, ਐਕਸੀਅਨ ਗੁਰਮੀਤ ਸਿੰਘ, ਵਰਿੰਦਰ ਸ਼ਰਮਾ ਬਿੰਦੂ, ਵਰਿੰਦਰ ਵੈਦ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj