ਵਿਧਾਇਕ ਜਿੰਪਾ ਨੇ ਵਿਧਾਨ ਸਭਾ ਵਿੱਚ ਮੈਡੀਕਲ ਕਾਲਜ ਦਾ ਜਲਦੀ ਟੈਂਡਰ ਲਗਾਉਣ ਦਾ ਮੁੱਦਾ ਉਠਾਇਆ

ਵਿਧਾਇਕ ਬ੍ਰਹਮ ਸ਼ੰਕਰ ਜਿੰਪਾ

ਸੀਵਰਮੈਨਾਂ ਦੇ ਤਨਖਾਹ ਵਾਧੇ ਦਾ ਮੁੱਦਾ ਵੀ ਜ਼ੋਰਦਾਰ ਢੰਗ ਨਾਲ ਚੁੱਕਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਪੰਜਾਬ ਵਿਧਾਨ ਸਭਾ ‘ਚ ਹੁਸ਼ਿਆਰਪੁਰ ਦੇ ਸਿਹਤ ਸੰਬੰਧੀ ਢਾਂਚੇ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਮੁੱਦੇ ਉਠਾਏ। ਉਨ੍ਹਾਂ ਸਪੀਕਰ ਰਾਹੀਂ ਸਿਹਤ ਮੰਤਰੀ ਨੂੰ ਅਪੀਲ ਕੀਤੀ ਕਿ ਸ਼ਹੀਦ ਉਧਮ ਸਿੰਘ ਸਟੇਟ ਇੰਸਟੀਟਿਉਟ ਆਫ ਮੈਡੀਕਲ ਸਾਇੰਸਜ਼ ਦੇ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਦਾ ਟੈਂਡਰ ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਵਿਧਾਇਕ ਜਿੰਪਾ ਨੇ ਕਿਹਾ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਲਈ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਸਿਹਤ ਸੁਵਿਧਾਵਾਂ ਵਿੱਚ ਸੁਧਾਰ ਹੋਣ ਦੇ ਨਾਲ-ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਇਸਦੇ ਨਾਲ ਹੀ ਉਨ੍ਹਾਂ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਬਣ ਰਹੀ 50-ਬੈੱਡ ਦੀ ਕ੍ਰਿਟੀਕਲ ਕੇਅਰ ਯੂਨਿਟ ਨੂੰ ਲੈ ਕੇ ਉਠਾਏ ਗਏ ਕਦਮਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਇਸ ਪ੍ਰੋਜੈਕਟ ਦਾ ਟੈਂਡਰ ਜਾਰੀ ਕਰਨ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਯੂਨਿਟ ਗੰਭੀਰ ਰੋਗੀਆਂ ਦੇ ਇਲਾਜ ਲਈ ਇਕ ਮੀਲ ਪੱਥਰ ਸਾਬਤ ਹੋਵੇਗਾ। ਵਿਧਾਇਕ ਜਿੰਪਾ ਨੇ ਵਿਧਾਨ ਸਭਾ ‘ਚ ਸੀਵਰਮੈਨਾਂ ਦੇ ਤਨਖਾਹ ਵਾਧੇ ਦਾ ਮੁੱਦਾ ਵੀ ਪੂਰੇ ਜੋਰ-ਸ਼ੋਰ ਨਾਲ ਚੁੱਕਿਆ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸੀਵਰਮੈਨਾਂ ਦਾ ਇਕ ਪ੍ਰਤੀਨਿਧੀ ਮੰਡਲ ਉਨ੍ਹਾਂ ਕੋਲ ਆਇਆ ਸੀ, ਜਿਸ ਵਿੱਚ ਉਨ੍ਹਾਂ ਨੇ ਪੱਕੇ ਹੋਣ ਅਤੇ ਤਨਖਾਹ ਵਾਧੇ ਦੀ ਮੰਗ ਰੱਖੀ ਸੀ। ਵਿਧਾਇਕ ਨੇ ਕਿਹਾ ਕਿ ਨਾ ਕੇਵਲ ਹੁਸ਼ਿਆਰਪੁਰ, ਸਗੋਂ ਪੂਰੇ ਪੰਜਾਬ ‘ਚ ਨਗਰ ਨਿਗਮ ਅਤੇ ਨਗਰ ਪ੍ਰੀਸ਼ਦਾਂ ਵਿੱਚ ਸੀਵਰਮੈਨ ਅਤੇ ਹੋਰ ਕਰਮਚਾਰੀ ਪਿਛਲੇ 10 ਸਾਲਾਂ ਤੋਂ ਕੱਚੇ ਤੌਰ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਇਨ੍ਹਾਂ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ, ਅਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਨ੍ਹਾਂ ਨੂੰ ਉਚਿਤ ਮਿਹਨਤਾਨਾ ਦਿੱਤਾ ਜਾਵੇ। ਵਿਧਾਇਕ ਜਿੰਪਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਜੇਕਰ ਸਮੂਹ ਕਰਮਚਾਰੀਆਂ ਨੂੰ ਪੱਕਾ ਕਰਨਾ ਸੰਭਵ ਨਹੀਂ, ਤਾਂ ਘੱਟੋ-ਘੱਟ ਉਨ੍ਹਾਂ ਨੂੰ ਯੋਗ ਵੇਤਨ ਦਿਤਾ ਜਾਵੇ, ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਹਾਲਤ ਸੁਧਰ ਸਕੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਨੇ ਸੀਵਰਮੈਨਾਂ ਦੇ ਤਨਖਾਹ ਵਾਧੇ ਲਈ ਇੱਕ ਮਤਾ ਵੀ ਪਾਸ ਕੀਤਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਚੱਬੇਵਾਲ ਹਲਕੇ ਦੇ ਸਕੂਲਾਂ ‘ਚ ਅਧਿਆਪਕਾਂ ਦੀ ਕਮੀ ਦਾ ਮਾਮਲਾ ਵਿਧਾਨ ਸਭਾ ‘ਚ ਰੱਖਿਆ
Next articleਨਸ਼ਿਆਂ ਸਬੰਧੀ ਜਾਣਕਾਰੀ ਪੁਲਿਸ ਨਾਲ ਕੀਤੀ ਜਾਵੇ ਸਾਂਝੀ – ਐਸ.ਐਸ.ਪੀ ਦੀ ਲੋਕਾਂ ਨੂੰ ਅਪੀਲ