ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੇ ਦਿ ਸ੍ਰੀ ਗੁਰੂ ਰਵਿਦਾਸ ਨਗਰ ਦੁੱਧ ਉਤਪਾਦਕ ਸਹਿਕਾਰੀ ਸਭਾ ਵੱਲੋਂ ਕਰਵਾਏ ਪ੍ਰੋਗਰਾਮ ਵਿੱਚ ਸੁਸਾਇਟੀ ਦੇ ਦੁੱਧ ਉਤਪਾਦਕ ਮੈਂਬਰਾਂ ਨੂੰ ਬੋਨਸ ਦੇ ਚੈੱਕ ਵੰਡ ਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਹੋਰ ਦੁੱਧ ਉਤਪਾਦਕਾਂ ਨੂੰ ਵੀ ਵੇਰਕਾ ਦੀਆਂ ਸਹਿਕਾਰੀ ਸਭਾਵਾਂ ਨਾਲ ਜੁੜ ਕੇ ਅਜਿਹੇ ਲਾਭ ਲੈਣੇ ਚਾਹੀਦੇ ਹਨ। ਵਿਧਾਇਕ ਨੇ ਦੱਸਿਆ ਕਿ ਮਿਲਕ ਪਲਾਂਟ ਹੁਸ਼ਿਆਰਪੁਰ ਵਲੋਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਲੱਖਾਂ ਰੁਪਏ ਸ਼ੁੱਧ ਲਾਭ ਦੇ ਰੂਪ ਵਿਚ ਬੋਨਸ ਦੇ ਚੈਕ ਸਭਾ ਦੇ ਨਿਯਮਾਂ ਅਨੁਸਾਰ ਦਿੱਤੇ ਗਏ ਹਨ ਜਿਸ ਤਹਿਤ ਅੱਜ ਸਭਾ ਦੇ 61 ਮੈਂਬਰਾਂ ਨੂੰ ਕਰੀਬ 9.64 ਲੱਖ ਰੁਪਏ ਦੇ ਚੈਕ ਬੋਨਸ ਦੇ ਤੌਰ ’ਤੇ ਦੇ ਕੇ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਬ੍ਰਹਮ ਸ਼ੰਕਰ ਜਿੰਪਾ ਨੇ ਦੁੱਧ ਉਤਪਾਦਕਾਂ ਨੂੰ ਸਾਫ਼-ਸੁਥਰਾ ਦੁੱਧ ਪੈਦਾ ਕਰਕੇ ਵੇਰਕਾ ਦੁੱਧ ਉਤਪਾਦਕ ਸਹਿਕਾਰੀ ਸਭਾ ਨੂੰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵੇਰਕਾ ਮਿਲਕ ਪਲਾਂਟ ਵੱਲੋਂ ਦੁੱਧ ਉਤਪਾਦਕਾਂ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਇਹ ਕੰਮ ਸ਼ਲਾਘਾਯੋਗ ਹੈ, ਜਿਸ ਸਦਕਾ ਭਵਿੱਖ ਵਿੱਚ ਹੋਰ ਵੀ ਦੁੱਧ ਉਤਪਾਦਕ ਵੇਰਕਾ ਨਾਲ ਜੁੜਨਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁੱਧ ਉਤਪਾਦਕਾਂ ਦੀ ਹਰ ਸਮੱਸਿਆ ਦੇ ਹੱਲ ਲਈ ਵਚਨਬੱਧ ਹੈ। ਮਿਲਕ ਪਲਾਂਟ ਹੁਸ਼ਿਆਰਪੁਰ ਦੇ ਮੈਨੇਜਰ ਨਵਤੇਜ ਸਿੰਘ ਰਿਆੜ ਨੇ ਸਭਾ ਦੇ ਮੈਂਬਰਾਂ ਨੂੰ ਸਾਫ-ਸੁਥਰਾ ਦੁੱਧ ਪੈਦਾ ਕਰਨ ਦੇ ਫਾਇਦੇ ਅਤੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਕੌਂਸਲਰ ਅਮਰੀਕ ਸਿੰਘ, ਦੇਸ ਰਾਜ, ਸੰਦੀਪ ਚੇਚੀ ਅਤੇ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj