ਹੁਣ ਤੱਕ ਜ਼ਿਲ੍ਹੇ ’ਚ 465395 ਮੀਟਰਿਕ ਟਨ ਝੋਨੇ ਦੀ ਖ਼ਰੀਦ ’ਤੇ 98 ਫੀਸਦ ਹੋਈ ਅਦਾਇਗੀ-
ਜ਼ਿਲ੍ਹੇ ਦੀਆਂ ਮੰਡੀਆਂ ’ਚ 94.25 ਫੀਸਦ ਹੋਈ ਚੁਕਾਈ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਅੱਜ ਖ਼ੁਰਾਕ ਸਪਲਾਈ ਵਿਭਾਗ, ਮੰਡੀ ਬੋਰਡ,ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਸਾਂਝੀ ਮੀਟਿੰਗ ਕਰਕੇ ਝੋਨੇ ਦੀ ਸਮੁੱਚੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲਿਆ ਗਿਆ।
ਸਥਾਨਕ ਮਾਰਕਿਟ ਕਮੇਟੀ ਦੇ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਉਨ੍ਹਾਂ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸੁਣਿਆ ਅਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਖ਼ਰੀਦ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਨਿੱਜੀ ਤੌਰ ’ਤੇ ਨਿਗਰਾਨੀ ਕਰਨ । ਉਨ੍ਹਾਂ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਕਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹ ਕਿ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਖੁਦ ਮੰਡੀਆਂ ਵਿੱਚ ਜਾ ਕੇ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਰਾਬਤਾ ਕਾਇਮ ਕਰਨ । ਉਨ੍ਹਾਂ ਹੁਣ ਤੱਕ ਹੋਈ ਖ਼ਰੀਦ ’ਤੇ ਤਸੱਲੀ ਜਤਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਨਾਲੋ ਨਾਲ ਖ਼ਰੀਦ ਕਰਨ ਦੇ ਇਲਾਵਾ 48 ਘੰਟੇ ਦੇ ਅੰਦਰ ਅੰਦਰ ਅਦਾਇਗੀ ਵੀ ਯਕੀਨੀ ਬਣਾਈ ਗਈ ਹੈ ।
ਇਸ ਮੌਕੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਗੀਤਾ ਬਿਸ਼ੰਭੂ ਅਤੇ ਜ਼ਿਲ੍ਹਾ ਮੰਡੀ ਅਫ਼ਸਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 22 ਅਕਤੂਬਰ ਤੱਕ 465395 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਇਸ ਤੋਂ ਇਲਾਵਾ ਮੰਡੀਆਂ ਵਿਚੋਂ ਖ਼ਰੀਦੇ ਗਏ ਝੋਨੇ ਦੀ ਚੁਕਾਈ ਵੀ ਨਿਰਧਾਰਿਤ ਸਮੇਂ ਅੰਦਰ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ 94.25 ਫੀਸਦੀ ਝੋਨੇ ਦੀ ਚੁਕਾਈ ਹੋ ਚੁੱਕੀ ਹੈ ,ਇਸ ਤੋਂ ਇਲਾਵਾ ਖ਼ਰੀਦੇ ਗਏ ਝੋਨੇ ਬਦਲੇ ਕਿਸਾਨਾਂ ਨੂੰ 748 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ ਜੋ ਕਿ ਖ਼ਰੀਦੇ ਗਏ ਝੋਨੇ ਦੀ ਅਦਾਇਗੀ ਦਾ 98 ਫੀਸਦ ਬਣਦਾ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਪਰਮਿੰਦਰ ਸਿੰਘ, ਨਗਰ ਕੌੌਸਲ ਦੇ ਪ੍ਰਧਾਨ ਦੀਪਕ ਧੀਰ, ਉਪ ਚੇਅਰਮੈਨ ਮਾਰਕਿਟ ਕਮੇਟੀ ਰਾਕੇਸ਼ ਕੁਮਾਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly