“ਮਿੱਟੀ ਨਾ ਫਰੋਲ ਜੋਗੀਆ

(ਸਮਾਜ ਵੀਕਲੀ)

“ਮਿੱਟੀ ਨਾ ਫਰੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ,
ਜਿਹੜੇ ਤੁਰ ਜਾਂਦੇ ਮੁੜ ਨਹੀਂਉ ਆਉਂਦੇ,
ਕਾਹਤੋਂ ਰਿਹਾ ਟੋਲ ਜੋਗੀਆ,
ਕਿੱਥੇ ਗਿਆ ਯਾਰ ਸਾਡਾ
ਕਿੱਥੇ ਗਿਆ ਦਿਲਦਾਰ ਸਾਡਾ
ਹੁਣ ਯਾਦਾਂ ਨੂੰ ਹੀ ਮੰਨ ਲੈ ਸਹਾਰਾ,
ਜੋ ਨੇ ਤੇਰੇ ਕੋਲ ਜੋਗੀਆ,
ਨਹੀਂਉ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ।
ਮੱਧ ਵਰਗੀ ਪਰਿਵਾਰ ਵਿੱਚ ਜੰਮੇ ਪਿੰਡ ਦੇ ਸਰਕਾਰੀ ਸਕੂਲ ਚ,ਪੜੇ ਅਤੇ ਸੰਘਰਸ਼ਮਈ ਜ਼ਿੰਦਗੀ ਦਾ ਸਫ਼ਰ ਤਹਿ ਕਰਕੇ ਇੱਕ ਚੰਗੇ ਮੁਕਾਮ ਤੇ ਪਹੁੰਚੇ ਨੇਕ ਦਿਲ ਇਨਸਾਨ, ਸਨਮਾਨਿਤ ਸ਼ਖ਼ਸੀਅਤ ਅਤੇ ਮੇਰੇ ਅਜ਼ੀਜ਼ ਬਾਈ ਕੁਲਦੀਪ ਸਿੰਘ ਸਾਹਿਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇੱਕ ਸਾਲ ਪਹਿਲਾਂ 7 ਫਰਵਰੀ 2023 ਨੂੰ ਸਵੇਰੇ 8 ਵਜੇ ਤੱਕ ਚਿੱਤ ਚੇਤਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਹਸਦਾ ਵਸਦਾ ਪਰਿਵਾਰ ਵਿਖਰਨ ਵਾਲਾ ਹੈ ਚੇਤਾ ਵੀ ਨਹੀਂ ਸੀ ਕਿ ਸੰਘਰਸ਼ਮਈ ਜ਼ਿੰਦਗੀ ਅਤੇ ਖੂਨ ਪਸੀਨੇ ਨਾਲ ਸਿੱਝ ਕੇ ਪਾਲਿਆ ਬੂਟਾ ਅਤੇ ਉਨ੍ਹਾਂ ਦਾ ਲਾਡਲਾ ਸਾਹਿਲਪ੍ਰੀਤ ਉਨ੍ਹਾਂ ਨੂੰ ਇੰਝ ਇਕੱਲਿਆਂ ਛੱਡ ਕੇ ਤੁਰ ਜਾਵੇਗਾ। ਬੇਸ਼ੱਕ ਮਰਨਾ ਸੱਚ ਹੈ ਪਰ ਭਰ ਜਵਾਨੀ ਵਿੱਚ ਪੁੱਤ ਦਾ ਮਾਪਿਆਂ ਸਾਹਮਣੇ ਚਲੇ ਜਾਣਾ ਅਸਹਿ ਹੈ ਕਈ ਵਾਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ। ਸੋਚਦਾਂ ਹਾਂ ਕਿ ਇਹ ਬੰਦਾ ਜੀਅ ਕਿਵੇਂ ਰਹਿਆ ਹੋਵੇਗਾ ? ਜਵਾਨ ਪੁੱਤਰ ਇਸਦਾ ਚਲਾ ਗਿਆ ਫਿਰ ਵੀ ਬਾਈ ਨੇ ਅਪਣੇ ਅਸਹਿ ਸਦਮੇ ਦਾ ਰੋਣਾ ਕਿਸੇ ਅੱਗੇ ਕਦੇ ਨਹੀਂ ਰੋਇਆ। ਇਕ ਦਿਨ ਪੁੱਛ ਹੀ ਲਿਆ ਯਾਰ ਮਨ ਨੂੰ ਸਬਰ ਕਿਵੇਂ ਹੁੰਦਾ ਹੈ ? ਮੇਰਾ ਸਵਾਲ ਸੁਣ ਕੇ ਉਸਦਾ ਚਿਹਰਾ ਗੰਭੀਰ ਹੋ ਗਿਆ ਦੋ ਕੁ ਮਿੰਟ ਚੁੱਪ ਰਿਹਾ ਅਤੇ ਫਿਰ ਕਹਿਣ ਲੱਗਾ ਮਨ ਸਮਝਾਉਣਾ ਪੈਂਦਾ ਇਹੋ ਜਿਹੀ ਸਥਿਤੀ ਵਿਚ ਇਨਸਾਨ ਕੋਲ ਦੋ ਹੀ ਰਸਤੇ ਹੁੰਦੇ ਹਨ ਇੱਕ “ਨਾ ਜਿਉਣ ਦਾ” ਅਤੇ ਦੂਜਾ “ਦੂਜਿਆਂ ਲਈ ਜਿਉਣ ਦਾ” ਅਗਲਾ ਜਵਾਬ ਮੈਂ ਉਨ੍ਹਾਂ ਦੇ ਜਮੀਨ ਤੇ ਡਿੱਗੇ ਹੰਝੂ ਤੋਂ ਪੜ ਲਿਆ ਸੀ ਕਿ ਬਾਈ ਜੀ ਦੂਜੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਬਾਈ ਨੇ ਆਪਣੇ ਬੇਟੇ ਦੀ ਯਾਦ ਨੂੰ ਆਪਣੀ ਜ਼ਿੰਦਗੀ ਨਾਲ ਜੋੜ ਲਿਆ ਹੈ ਉਨ੍ਹਾਂ ਦਾ ਬੇਟਾ ਸਾਹਿਲਪ੍ਰੀਤ ਸਿੰਘ ਉਨ੍ਹਾਂ ਦਾ ਤਖੱਲਸ ਬਣ ਗਿਆ ਹੈ ਬਾਈ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਹਿਤਕਾਰੀ ਅਤੇ ਸਮਾਜਿਕ ਕੰਮਾਂ ਨਾਲ ਜੋੜ ਲਿਆ ਹੈ ਸਾਹਿਤਕਾਰੀ ਵਿੱਚ “ਕੁਲਦੀਪ ਸਿੰਘ ਸਾਹਿਲ” ਦੇ ਨਾਂ ਹੇਠ ਉਹ ਸਮਾਜਿਕ ਅਤੇ ਹੋਰ ਵਿਸ਼ਿਆਂ ਤੇ 250 ਤੋਂ ਵੱਧ ਆਰਟੀਕਲ ਪਾਠਕਾਂ ਨੂੰ ਦੇ ਚੁੱਕੇ ਹਨ ਬਾਈ ਜੀ ਦੇ ਬੇਟੇ ਸਾਹਿਲਪ੍ਰੀਤ ਸਿੰਘ ਦਾ ਜਨਮ 27 ਮਾਰਚ 1994 ਨੂੰ ਸ੍ਰੀਮਤੀ ਲਵਪ੍ਰੀਤ ਕੌਰ ਦੀ ਕੁੱਖੋਂ ਅਤੇ ਬਾਈ ਰਿਟਾਇਰ SDO ਕੁਲਦੀਪ ਸਿੰਘ ਸਾਹਿਲ ਦੇ ਘਰ ਪਿੰਡ ਰਾਮਨਗਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਹੋਇਆ। ਸਾਹਿਲਪ੍ਰੀਤ ਨੇ 10ਵੀਂ ਜਮਾਤ ਹੋਲੀਏਂਜਲ ਸਕੂਲ ਰਾਜਪੁਰਾ ਤੋਂ ਪਾਸ ਕੀਤੀ ਅਤੇ 12ਵੀ ਨਾਨ ਮੈਡੀਕਲ ਜਮਾਤ ਸਕਾਲਰ ਪਬਲਿਕ ਸਕੂਲ ਰਾਜਪੁਰਾ ਤੋਂ ਕੀਤੀ। ਸਾਹਿਲਪ੍ਰੀਤ ਸਿੰਘ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇਲੈਕਟਰੀਕਲ ਇੰਜੀਨਅਰ ਦੀ ਡਿਗਰੀ ਪ੍ਰਾਪਤ ਕਰਕੇ 2016 ਵਿੱਚ ਕਨੇਡਾ ਵਿਖੇ ਪੜ੍ਹਾਈ ਕਰਨ ਲਈ ਵੀ ਚਲੇ ਗਏ ਸਨ ਪਰ 2017 ’ਚ ਬਿਜਲੀ ਬੋਰਡ ’ਚ ਸਿੱਧੇ ਤੌਰ ’ਤੇ ਜੇਈ ਭਰਤੀ ਹੋਣ ਕਰਕੇ ਵਾਪਿਸ ਪੰਜਾਬ ਪਰਤ ਆਏ। ਇਨ੍ਹਾਂ ਨੇ ਆਪਣੀ ਸਰਵਿਸ ਬਤੌਰ J.E 400KV ਗ੍ਰਿਡ ਪਿੰਡ ਚੰਦੁਆ ਤੋਂ ਸ਼ੁਰੁ ਕੀਤੀ ਉਨ੍ਹਾਂ ਨੇ ਬਹੁਤ ਜਲਦੀ ਹੀ SDO ਦੀ ਤਰੱਕੀ ਲਈ ਇਲੀਜੀਬਿਲਟੀ ਟੈਸਟ ਵੀ ਪਾਸ ਕਰ ਲਏ ਸਨ ਪਰ ਸਾਇਦ ਹੋਣੀ ਨੂੰ ਇਹ ਸਭ ਕੁਝ ਮਨਜ਼ੂਰ ਨਹੀਂ ਸੀ। ਸਾਹਿਲਪ੍ਰੀਤ 3 ਫ਼ਰਵਰੀ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ 4 ਦਿਨ PGI ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 7 ਫ਼ਰਵਰੀ ਨੂੰ ਆਪਣੇ ਮਾਪਿਆਂ, ਛੋਟੇ ਭਰਾ ਗੁਰਕੰਵਲ ਅਤੇ ਆਪਣੇ ਪਿਆਰਿਆਂ ਨੂੰ ਰੋਦਾ ਕੁਰਲਾਉਂਦਾ ਛੱਡ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਇੱਕ ਮਿਲਾਪੜਾ,ਸਾਉ ਅਤੇ ਨੇਕ ਦਿਲ ਇਨਸਾਨ ਸਾਹਿਲ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਬੇਸ਼ੱਕ ਅੱਜ ਉਨ੍ਹਾਂ ਨੂੰ ਵਿਛੜਿਆਂ ਇੱਕ ਸਾਲ ਹੋ ਗਿਆ ਹੈ ਪਰ ਕਦੇ ਨਹੀਂ ਲੱਗਿਆ ਕਿ ਉਹ ਸਾਡੇ ਤੋਂ ਦੂਰ ਚਲਾ ਗਿਆ ਹੈ।
ਚਿੱਠੀ ਨਾ ਕੋਈ ਸੰਦੇਸ਼,
ਨਾ ਜਾਨੇ ਕੌਣ ਸਾ ਦੇਸ਼,
ਜਹਾਂ ਤੁਮ ਚਲੇ ਗਏ।
ਰਾਮੇਸ਼ਵਰ ਸਿੰਘ 
9914880392

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article ” ਸਾਹਿਲਪ੍ਰੀਤ ਦੀ ਯਾਦ ਵਿੱਚ ਜਾਂਸਲਾ ਸਕੂਲ ਦੀ ਲਾਇਬ੍ਰੇਰੀ ਨੂੰ ਸਹਾਇਤਾ ਰਾਸ਼ੀ ਭੇਟ ਕੀਤੀ ਗਈ”
Next articleਬੇਗਮਪੁਰਾ ਵਸਾਓ ਸੰਗਤੇ