ਹਾਵੇਰੀ (ਸਮਾਜ ਵੀਕਲੀ) :ਰੂਸ ਵੱਲੋਂ ਯੂਕਰੇਨ ’ਤੇ ਕੀਤੇ ਹਮਲੇ ਦੌਰਾਨ ਗੋਲਾਬਾਰੀ ’ਚ ਮਾਰੇ ਗਏ ਕਰਨਾਟਕ ਦੇ ਵਿਦਿਆਰਥੀ ਨਵੀਨ ਸ਼ੇਖਰੱਪਾ ਦੇ ਪਿਤਾ ਗਿਆਨਗੌਦਰ ਨੇ ਅੱਜ ਦੋਸ਼ ਲਾਇਆ ਕਿ ਯੂਕਰੇਨ ਦੇ ਖਾਰਕੀਵ ’ਚ ਫਸੇ ਭਾਰਤੀ ਵਿਦਿਆਰਥੀਆਂ ਨਾਲ ਭਾਰਤੀ ਅੰਬੈਸੀ ’ਚੋਂ ਕਿਸੇ ਨੇ ਵੀ ਰਾਬਤਾ ਨਹੀਂ ਕੀਤਾ। ਨਵੀਨ ਦੇ ਚਾਚਾ ਉੱਜਨਗੌੜਾ ਨੇ ਦਾਅਵਾ ਕੀਤਾ ਕਿ ਉਸ ਦਾ ਭਤੀਜਾ ਹੋਰਨਾਂ ਵਿਦਿਆਰਥੀਆਂ ਨਾਲ ਖਾਰਕੀਵ ਦੇ ਇਕ ਬੰਕਰ ਵਿੱਚ ਫਸਿਆ ਹੋਇਆ ਸੀ। ਉਹ ਸਵੇਰੇ ਕਰੰਸੀ ਬਦਲਾਉਣ ਤੇ ਖਾਣ-ਪੀਣ ਦਾ ਸਾਮਾਨ ਲੈਣ ਲਈ ਗਿਆ ਸੀ ਕਿ ਗੋਲੀਬਾਰੀ ਦੀ ਜ਼ੱਦ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ।
ਉੱਜਨਗੌੜਾ ਨੇ ਕਿਹਾ ਕਿ ਅਜੇ ਮੰਗਲਵਾਰ ਸਵੇਰੇ (ਯੂਕਰੇਨੀ ਸਮੇਂ ਅਨੁਸਾਰ) ਹੀ ਨਵੀਨ ਨੇ ਆਪਣੇ ਪਿਤਾ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਬੰਕਰ ਵਿੱਚ ਖਾਣ-ਪੀਣ ਲਈ ਕੁਝ ਨਹੀਂ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਬਸਵਰਾਜ ਬੋਮੱਈ ਨੇ ਪੀੜਤ ਪਰਿਵਾਰ ਨੂੰ ਫੋਨ ਕਰਕੇ ਆਪਣੀ ਸੰਵੇਦਨਾ ਜ਼ਾਹਿਰ ਕੀਤੀ ਹੈ। ਇਸ ਤੋਂ ਪਹਿਲਾਂ ਯੂਕਰੇਨ ਵਿਚਲੀ ਭਾਰਤੀ ਅੰਬੈਸੀ ਨੇ ਅੱਜ ਇਕ ਨਵੀਂ ਐਡਵਾਈਜ਼ਰੀ ਵਿੱਚ ਉਥੇ ਫਸੇ ਭਾਰਤੀ ਨਾਗਰਿਕਾਂ ਨੂੰ ਫੌਰੀ ਰਾਜਧਾਨੀ ਕੀਵ ਛੱਡਣ ਲਈ ਆਖਿਆ ਸੀ। ਅੰਬੈਸੀ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਟਰੇਨ ਜਾਂ ਆਵਾਜਾਈ ਦਾ ਕੋਈ ਵੀ ਹੋਰ ਸਾਧਨ ਲੈ ਕੇ ਫੌਰੀ ਕੀਵ ਛੱਡ ਦੇਣ। ਅੰਬੈਸੀ ਨੇ ਕਿਹਾ ਸੀ, ‘‘ਅਸੀਂ ਵਿਦਿਆਰਥੀਆਂ ਸਣੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਅੱਜ ਹੀ ਫੌਰੀ ਕੀਵ ਛੱਡ ਜਾਣ। ਟਰੇਨ ਜਾਂ ਫਿਰ ਕੋਈ ਵੀ ਹੋਰ ਉਪਬਲਧ ਸਾਧਨ ਲੈਣ ਤੇ ਉਥੋਂ ਨਿਕਲਣ ਦੀ ਕਰਨ।’’ ਭਾਰਤੀ ਅੰਬੈਸੀ ਨੇ ਇਹ ਐਡਵਾਈਜ਼ਰੀ ਅਜਿਹੇ ਮੌਕੇ ਜਾਰੀ ਕੀਤੀ ਸੀ ਜਦੋਂ ਰਾਜਧਾਨੀ ਕੀਵ ਦੁਆਲੇ ਰੂਸੀ ਤੇ ਯੂਕਰੇਨੀ ਫੌਜਾਂ ਦਰਮਿਆਨ ਟਕਰਾਅ ਸਿਖਰ ਉੱਤੇ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly