- ਛੇਵੇਂ ਤਨਖਾਹ ਕਮਿਸ਼ਨ ਨੂੰ ਮਿਲੇਗੀ ਹਰੀ ਝੰਡੀ
- ਸਫਾਈ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸ ਕਾਮਿਆਂ ਨੂੰ ਠੇਕੇ ’ਤੇ ਲਿਆਉਣ ਦਾ ਅਮਲ ਸ਼ੁਰੂ
ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ‘ਮਿਸ਼ਨ-2022’ ਦੀ ਤਿਆਰੀ ਲਈ ਸੱਦੀ ਅਹਿਮ ਮੀਟਿੰਗ ’ਚ ਸਮੁੱਚੀ ਵਜ਼ਾਰਤ ਦੀ ਸ਼ਮੂਲੀਅਤ ਨੇ ਪਾਰਟੀ ਅੰਦਰਲੇ ਬਾਗ਼ੀ ਸੁਰਾਂ ਦੇ ਮੱਠਾ ਪੈਣ ਵੱਲ ਇਸ਼ਾਰਾ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਵਜ਼ੀਰਾਂ ਨੂੰ ਵਿਚਾਰ-ਵਟਾਂਦਰੇ ਲਈ ਸੱਦਿਆ ਸੀ। ਉਨ੍ਹਾਂ ਦੋ ਸ਼ਿਫ਼ਟਾਂ ’ਚ ਮੰਤਰੀਆਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਹੁਣ ਸਿਸਵਾਂ ਫਾਰਮ ਹਾਊਸ ਦੀ ਥਾਂ ਆਪਣੀ ਸੈਕਟਰ 2 ਵਿਚਲੀ ਸਰਕਾਰੀ ਰਿਹਾਇਸ਼ ਤੋਂ ਕੰਮ ਕਰਨਾ ਸ਼ੁਰੂ ਕੀਤਾ ਹੈ।ਸੂਤਰਾਂ ਅਨੁਸਾਰ ਮੁੱਖ ਮੰਤਰੀ ਨਾਲ ਹੋਈ ਪਹਿਲੀ ਮੀਟਿੰਗ ਵਿਚ ਮਨਪ੍ਰੀਤ ਬਾਦਲ, ਬ੍ਰਹਮ ਮਹਿੰਦਰਾ, ਸੁਖਜਿੰਦਰ ਸਿੰਘ ਰੰਧਾਵਾ, ਬਲਬੀਰ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸੁਖਸਰਕਾਰੀਆ, ਚਰਨਜੀਤ ਸਿੰਘ ਚੰਨੀ, ਗੁਰਪ੍ਰੀਤ ਸਿੰਘ ਕਾਂਗੜ ਆਦਿ ਸ਼ਾਮਲ ਸਨ।
ਦੂਸਰੀ ਮੀਟਿੰਗ ਵਿਚ ਬਾਕੀ ਵਜ਼ੀਰ ਸ਼ਾਮਲ ਹੋਏ। ਇਨ੍ਹਾਂ ਮੀਟਿੰਗਾਂ ਤੋਂ ਸੰਕੇਤ ਮਿਲੇ ਹਨ ਕਿ ਅਕਾਲੀ-ਬਸਪਾ ਗੱਠਜੋੜ ਬਣਨ ਮਗਰੋਂ ਕਾਂਗਰਸ ਸਰਕਾਰ ਨੇ ਅਗਲੀਆਂ ਚੋਣਾਂ ਦੀ ਤਿਆਰੀ ਲਈ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਅਮਲੀ ਰੂਪ ਦੇਣ ਲਈ ਤਿਆਰੀ ਵਿੱਢ ਦਿੱਤੀ ਹੈ। ਭਲਕੇ ਸ਼ੁੱਕਰਵਾਰ ਨੂੰ ਹੋ ਰਹੀ ਕੈਬਨਿਟ ਮੀਟਿੰਗ ਵਿਚ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਕਈ ਅਹਿਮ ਫੈਸਲੇ ਹੋਣ ਦੀ ਸੰਭਾਵਨਾ ਹੈ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅੱਜ ਦੀ ਮੀਟਿੰਗ ਵਿਚ ‘ਮਿਸ਼ਨ-2022’ ਦਾ ਮੁੱਦਾ ਪ੍ਰਮੁੱਖ ਰਿਹਾ। ਇਸ ਨੂੰ ਲੈ ਕੇ ਜਿੱਥੇ ਸਿਆਸੀ ਵਿਚਾਰ-ਵਟਾਂਦਰਾ ਹੋਇਆ, ਉਥੇ ਸ਼ੁੱਕਰਵਾਰ ਨੂੰ ਹੋ ਰਹੀ ਕੈਬਨਿਟ ਮੀਟਿੰਗ ਵਿਚ 6ਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਹਰੀ ਝੰਡੀ ਦੇਣ ਵਾਸਤੇ ਵੀ ਗੰਭੀਰ ਚਰਚਾ ਹੋਈ। ਵਿੱਤ ਵਿਭਾਗ ਦੀ ਸਮੁੱਚੀ ਟੀਮ ਵੱਲੋਂ ਮੁੱਖ ਮੰਤਰੀ ਅਤੇ ਵਜ਼ੀਰਾਂ ਨੂੰ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਨਾਲ ਪੈਣ ਵਾਲੇ ਵਿੱਤੀ ਬੋਝ ਤੋਂ ਜਾਣੂ ਕਰਵਾਇਆ ਗਿਆ। 6ਵੇਂ ਤਨਖਾਹ ਕਮਿਸ਼ਨ ਨੂੰ ਫੌਰੀ ਲਾਗੂ ਕਰਨ ਲਈ ਸਭਨਾਂ ਮੰਤਰੀਆਂ ਨੇ ਸਹਿਮਤੀ ਦਿੱਤੀ, ਜਿਸ ਨਾਲ ਭਲਕ ਦੀ ਕੈਬਨਿਟ ਮੀਟਿੰਗ ਵਿੱਚ ਇਸ ਏਜੰਡੇ ’ਤੇ ਮੋਹਰ ਲੱਗਣ ਦੇ ਆਸਾਰ ਬਣ ਗਏ ਹਨ। ਪੰਜਾਬ ਸਰਕਾਰ ਵੱਲੋਂ ਅਗਲੀਆਂ ਚੋਣਾਂ ਤੋਂ ਪਹਿਲਾਂ ਕਰੀਬ 6.50 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਖੁਸ਼ ਕਰਨ ਦਾ ਯਤਨ ਕੀਤਾ ਜਾਵੇਗਾ।
ਵਿੱਤ ਵਿਭਾਗ ਵੱਲੋਂ ਦੱਸਿਆ ਕਿ ਕਰੀਬ 13 ਹਜ਼ਾਰ ਕਰੋੜ ਦਾ ਫੌਰੀ ਵਿੱਤੀ ਬੋਝ ਖ਼ਜ਼ਾਨੇ ’ਤੇ ਪਵੇਗਾ। ਸੂਤਰਾਂ ਮੁਤਾਬਕ ਭਲਕੇ ਦੀ ਕੈਬਨਿਟ ਮੀਟਿੰਗ ਖੁਸ਼ੀਆਂ ਭਰੇ ਫੈਸਲੇ ਲੈ ਕੇ ਆਵੇਗੀ। ਨਗਰ ਨਿਗਮਾਂ ’ਚ ਠੇਕੇ ’ਤੇ ਕੰਮ ਕਰਦੇ ਸਫਾਈ ਕਾਮਿਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਿੰਗ ਵਾਲੇ ਕਾਮਿਆਂ ਨੂੰ ਠੇਕੇ ’ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਮਨਪ੍ਰੀਤ ਬਾਦਲ ਅਤੇ ਬ੍ਰਹਮ ਮਹਿੰਦਰਾ ਆਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਨੇ ਅਮਲ ਵਿੱਢ ਦਿੱਤਾ ਹੈ। ਕਰੀਬ 30 ਹਜ਼ਾਰ ਮੁਲਾਜ਼ਮਾਂ ਨੂੰ ਇਸ ਦਾ ਲਾਭ ਮਿਲੇਗਾ। ਕਾਂਗਰਸ ਹਾਈਕਮਾਨ ਨੇ ਖੜਗੇ ਕਮੇਟੀ ਦੀ ਰਿਪੋਰਟ ਮਗਰੋਂ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਨੂੰ ਅਗਲੀ ਜੰਗ (ਅਸੈਂਬਲੀ ਚੋਣਾਂ) ਲਈ ਇਕਜੁੱਟ ਹੋਣ ਦਾ ਸਪਸ਼ਟ ਸੁਨੇਹਾ ਦਿੱਤਾ ਸੀ।
ਅਕਾਲੀ ਦਲ-ਬਸਪਾ ਗੱਠਜੋੜ ਮਗਰੋਂ ਪਾਰਟੀ ਆਗੂ ਆਪਸੀ ਮੱਤਭੇਦ ਭੁਲਾ ਕੇ ਕਦਮ ਮਿਲਾ ਕੇ ਚੱਲਣ ’ਚ ਹੀ ਆਪੋ-ਆਪਣੀ ਭਲਾਈ ਸਮਝਣ ਲੱਗੇ ਹਨ। ਹਾਲਾਂਕਿ ਪਾਰਟੀ ਅੰਦਰ ਇਹ ਤਿੱਖਾ ਵਿਰੋਧ ਛੇਤੀ ਕਿਤੇ ਮਿਟਣ ਵਾਲਾ ਨਹੀਂ ਹੈ, ਪਰ ਅੱਜ ਮੱਠਾ ਜ਼ਰੂਰ ਹੋਇਆ ਹੈ। ਕੁਝ ਵਜ਼ੀਰਾਂ ਦਾ ਮੱਤ ਸੀ ਕਿ ਮੁੱਖ ਮੰਤਰੀ ਵੱਲੋਂ ਜੋ ਹੁਣ ਦਰਵਾਜ਼ੇ ਖੋਲ੍ਹੇ ਗਏ ਹਨ ਅਤੇ ਲੋਕਾਂ ਨੂੰ ਮਿਲਣ ਲੱਗੇ ਹਨ, ਇਹ ਕੰਮ ਦੋ ਸਾਲ ਪਹਿਲਾਂ ਸ਼ੁਰੂ ਹੋ ਜਾਣਾ ਚਾਹੀਦਾ ਸੀ। ਅੱਜ ਮੁੱਖ ਮੰਤਰੀ ਨਿਵਾਸ ’ਤੇ ਕਾਂਗਰਸੀ ਆਗੂ ਰਣਇੰਦਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਜ਼ੀਰਾਂ ਅਤੇ ਕਾਂਗਰਸੀ ਆਗੂਆਂ ਨਾਲ ਅੱਜ ਗੱਲਬਾਤ ਵੀ ਕੀਤੀ। ਅੱਜ ਕਈ ਸੰਸਦ ਮੈਂਬਰ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly