(ਸਮਾਜ ਵੀਕਲੀ)
ਜਿੰਨਾਂ ਲਈ ਉਮਰ ਸੀ ਗਾਲੀ ਉਹੀ ਵੱਟਣ ਘੂਰੀ।
ਸਾਡੇ ਵਿਰੋਧੀਆਂ ਦੀ ਉਹ ਕਰਦੇ ਜੀ ਹਜ਼ੂਰੀ।
ਚੰਬੇ ਦੀ ਡਾਲੀ ਸੰਗ ਲੱਗਕੇ ਟੁੱਟੇ ਅੱਧ ਵਿਚਕਾਰੋਂ,
ਅੱਕਾਂ ਦੇ ਫੁੱਲ ਹੁੰਦੇ ਆਪਣੀ ਅਉਧ ਹੰਢਾਉਂਦੇ ਪੂਰੀ।
ਕੁੱਝ ਬੰਦਿਆਂ ਨੂੰ ਖਾ ਗਿਆ, ਗੁੰਮਨਾਮੀ ਦਾ ਝੋਰਾ,
ਕਈਆਂ ਨੂੰ ਲੈ ਕੇ ਬਹਿ ਗਈ ਅੰਤਾਂ ਦੀ ਮਸ਼ਹੂਰੀ।
ਮਨ ਦਾ ਕਾਲਾ ਹਿਰਨ ਮਹਿਕ ਦੇ ਪਿਛੇ ਪਿਆ ਭਟਕੇ,
ਭੁੱਲ ਗਿਆ ਚੰਦਰਾ ਆਪਣੀ ਨਾਭੀ ਦੀ ਕਸਤੂਰੀ।
ਪੈਸੇ ਵਾਲੇ ਪੈਸੇ ਦੀ ਹੈਂਕੜ ਵਿੱਚ ਬੁੱਢੇ ਹੋ ਗਏ,
ਪੈਸੇ ਬਾਝੋਂ ਹਰ ਸੋਹਣੀ ਸਖਸ਼ੀਅਤ ਰਹੀ ਅਧੂਰੀ।
ਅਜੇ ਵੀ ਰਾਤ-ਬਰਾਤੇ ਉਸਦਾ ਚੇਤਾ ਆਉਂਦਾ ਰਹਿੰਦਾ,
ਪੋਹ ਦੀ ਧੁੱਪ ਜਿਹਾ ਨਿੱਘਾ,ਰੰਗਤ ਘਿਉ-ਕਪੂਰੀ।
ਪ੍ਰਸ਼ੋਤਮ ਪੱਤੋ, ਮੋਗਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly