“ਨਹੀਂਉ ਲੱਭਣੇ ਲਾਲ ਗੁਆਚੇ”

(ਸਮਾਜ ਵੀਕਲੀ)
ਨਹੀਂਉ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆ,
ਜਿਹੜੇ ਤੁਰ ਜਾਂਦੇ ਮੁੜ ਨਹੀਂਉ ਆਉਂਦੇ
ਕਾਹਤੋਂ ਰਿਹਾ ਟੋਲ ਜੋਗੀਆਂ,
ਕਿੱਥੇ ਗਿਆ ਯਾਰ ਸਾਡਾ
ਕਿੱਥੇ ਗਿਆ ਦਿਲਦਾਰ ਸਾਡਾ
ਹੁਣ ਯਾਦਾਂ ਨੂੰ ਹੀ ਮੰਨ ਲੈ ਸਹਾਰਾ,
ਜੋ ਨੇ ਤੇਰੇ ਕੋਲ ਜੋਗੀਆਂ
ਨਹੀਂਉ ਲੱਭਣੇ ਲਾਲ ਗੁਆਚੇ,
ਮਿੱਟੀ ਨਾ ਫਰੋਲ ਜੋਗੀਆਂ।
ਕਿਸੇ ਨੇ ਸੱਚ ਲਿਖਿਆ ਹੈ ਇੱਕ ਵਾਰ ਗੁਆਚੇ ਲਾਲ ਮੁੜ ਕਦੇ ਨਹੀਂ ਲੱਭਦੇ। ਕਿਸੇ ਨੇ ਪੁੱਛਿਆ ਕਿ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਕੀ ਹੈ ਤਾਂ ਜ਼ਿਆਦਾਤਰ ਲੋਕਾਂ ਦਾ ਜਵਾਬ ਸੀ ਕਿ ਇੱਕ ਨੌਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣ ਤੋਂ ਵੱਡਾ ਹੋਰ ਕੋਈ ਦੁੱਖ ਨਹੀਂ। ਦੁਨੀਆਂ ਵਿੱਚ ਪਤਾ ਨਹੀਂ ਅਜਿਹੇ ਕਿੰਨੇ ਕੁ ਮਾਪੇ ਹਨ ਜਿਨ੍ਹਾਂ ਕੋਲ ਔਲਾਦ ਨਹੀਂ ਜਾ ਫਿਰ ਉਨ੍ਹਾਂ ਦੇ ਨੌਜਵਾਨ ਬੱਚੇ ਜਵਾਨੀ ਵਿੱਚ ਹੀ ਇਸ ਦੁਨੀਆ ਤੋਂ ਚਲੇ ਗਏ ਹਨ। ਇਹੋ ਜਿਹੀ ਦਰਦ ਭਰੀ ਦਾਸਤਾਨ ਮੇਰੇ ਅਜ਼ੀਜ਼ ਦੋਸਤ ਅਤੇ ਪੰਜਾਬੀ ਲੇਖਕ ਕੁਲਦੀਪ ਸਿੰਘ ਸਾਹਿਲ ਦੀ ਹੈ। ਮੱਧ ਵਰਗੀ ਪਰਿਵਾਰ ਵਿੱਚ ਜੰਮੇ ਪਿੰਡ ਦੇ ਸਰਕਾਰੀ ਸਕੂਲ ਚ,ਪੜੇ ਅਤੇ ਸੰਘਰਸ਼ਮਈ ਜ਼ਿੰਦਗੀ ਦਾ ਸਫ਼ਰ ਤਹਿ ਕਰਕੇ ਇੱਕ ਚੰਗੇ ਮੁਕਾਮ ਤੇ ਪਹੁੰਚੇ ਨੇਕ ਦਿਲ ਇਨਸਾਨ, ਸਨਮਾਨਿਤ ਸ਼ਖ਼ਸੀਅਤ ਅਤੇ ਮੇਰੇ ਅਜ਼ੀਜ਼ ਬਾਈ ਕੁਲਦੀਪ ਸਿੰਘ ਸਾਹਿਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੋ ਸਾਲ ਪਹਿਲਾਂ 7 ਫਰਵਰੀ 2023 ਨੂੰ ਸਵੇਰੇ 8 ਵਜੇ ਤੱਕ ਚਿੱਤ ਚੇਤਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਹਸਦਾ ਵਸਦਾ ਪਰਿਵਾਰ ਵਿਖਰਣ ਵਾਲਾ ਹੈ ਚੇਤਾ ਵੀ ਨਹੀਂ ਸੀ ਕਿ ਸੰਘਰਸ਼ਮਈ ਜ਼ਿੰਦਗੀ ਅਤੇ ਖੂਨ ਪਸੀਨੇ ਨਾਲ ਸਿੰਜ ਕੇ ਪਾਲਿਆ ਬੂਟਾ ਅਤੇ ਉਨ੍ਹਾਂ ਦਾ ਲਾਡਲਾ ਸਾਹਿਲਪ੍ਰੀਤ ਉਨ੍ਹਾਂ ਨੂੰ ਇੰਝ ਇਕੱਲਿਆਂ ਛੱਡ ਕੇ ਤੁਰ ਜਾਵੇਗਾ। ਬੇਸ਼ੱਕ ਮਰਨਾ ਸੱਚ ਹੈ ਪਰ ਭਰ ਜਵਾਨੀ ਵਿੱਚ ਪੁੱਤ ਦਾ ਮਾਪਿਆਂ ਸਾਹਮਣੇ ਚਲੇ ਜਾਣਾ ਅਸਹਿ ਹੈ ਕਈ ਵਾਰ ਤਾਂ ਮੈਨੂੰ ਬੜੀ ਹੈਰਾਨੀ ਹੁੰਦੀ ਹੈ। ਸੋਚਦਾਂ ਹਾਂ ਕਿ ਇਹ ਬੰਦਾ ਜੀਅ ਕਿਵੇਂ ਰਹਿਆ ਹੋਵੇਗਾ ? ਜਵਾਨ ਪੁੱਤਰ ਇਸਦਾ ਚਲਾ ਗਿਆ ਫਿਰ ਵੀ ਬਾਈ ਨੇ ਅਪਣੇ ਅਸਹਿ ਸਦਮੇ ਦਾ ਰੋਣਾ ਕਿਸੇ ਅੱਗੇ ਕਦੇ ਨਹੀਂ ਰੋਇਆ। ਇਕ ਦਿਨ ਪੁੱਛ ਹੀ ਲਿਆ ਯਾਰ ਮਨ ਨੂੰ ਸਬਰ ਕਿਵੇਂ ਹੁੰਦਾ ਹੈ ? ਮੇਰਾ ਸਵਾਲ ਸੁਣ ਕੇ ਉਸਦਾ ਚਿਹਰਾ ਗੰਭੀਰ ਹੋ ਗਿਆ ਦੋ ਕੁ ਮਿੰਟ ਚੁੱਪ ਰਿਹਾ ਅਤੇ ਫਿਰ ਕਹਿਣ ਲੱਗਾ ਮਨ ਸਮਝਾਉਣਾ ਪੈਂਦਾ ਇਹੋ ਜਿਹੀ ਸਥਿਤੀ ਵਿਚ ਇਨਸਾਨ ਕੋਲ ਦੋ ਹੀ ਰਸਤੇ ਹੁੰਦੇ ਹਨ ਇੱਕ ” ਨਾ ਜਿਉਣ ਦਾ” ਅਤੇ ਦੂਜਾ “ਦੂਜਿਆਂ ਲਈ ਜਿਉਣ ਦਾ” ਅਗਲਾ ਜਵਾਬ ਮੈਂ ਉਨ੍ਹਾਂ ਦੇ ਜਮੀਨ ਤੇ ਡਿੱਗੇ ਹੰਝੂ ਤੋਂ ਪੜ ਲਿਆ ਸੀ ਕਿ ਬਾਈ ਜੀ ਦੂਜੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਬਾਈ ਨੇ ਆਪਣੇ ਬੇਟੇ ਦੀ ਯਾਦ ਨੂੰ ਆਪਣੀ ਜ਼ਿੰਦਗੀ  ਨਾਲ ਜੋੜ ਲਿਆ ਹੈ ਉਨ੍ਹਾਂ ਦਾ ਬੇਟਾ ਸਾਹਿਲਪ੍ਰੀਤ ਸਿੰਘ ਉਨ੍ਹਾਂ ਦਾ ਤਖੱਲਸ ਬਣ ਗਿਆ ਹੈ ਬਾਈ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਾਹਿਤਕਾਰੀ ਅਤੇ ਸਮਾਜਿਕ ਕੰਮਾਂ ਨਾਲ ਜੋੜ ਲਿਆ ਹੈ। ਸਾਹਿਤਕਾਰੀ ਵਿੱਚ “ਕੁਲਦੀਪ ਸਿੰਘ ਸਾਹਿਲ” ਸਮਾਜਿਕ ਅਤੇ ਹੋਰ ਵਿਸ਼ਿਆਂ ਤੇ ਬਹੁਤ ਸਾਰੇ ਆਰਟੀਕਲ ਪਾਠਕਾਂ ਨੂੰ ਦੇ ਚੁੱਕੇ ਹਨ। ਬਾਈ ਜੀ ਦੇ ਬੇਟੇ ਸਾਹਿਲਪ੍ਰੀਤ ਸਿੰਘ ਦਾ ਜਨਮ 27 ਮਾਰਚ 1994 ਨੂੰ ਸ੍ਰੀਮਤੀ ਲਵਪ੍ਰੀਤ ਕੌਰ ਦੀ ਕੁੱਖੋਂ ਅਤੇ ਬਾਈ ਰਿਟਾਇਰ SDO ਕੁਲਦੀਪ ਸਿੰਘ ਸਾਹਿਲ ਦੇ ਘਰ ਪਿੰਡ ਰਾਮਨਗਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਹੋਇਆ। ਸਾਹਿਲਪ੍ਰੀਤ ਨੇ ਦਸਵੀਂ ਜਮਾਤ ਹੋਲੀ ਏਂਜਲਸ ਸਕੂਲ ਰਾਜਪੁਰਾ ਤੋਂ ਪਾਸ ਕੀਤੀ ਅਤੇ 12ਵੀ ਨਾਨ ਮੈਡੀਕਲ ਜਮਾਤ ਸਕਾਲਰ ਪਬਲਿਕ ਸਕੂਲ ਰਾਜਪੁਰਾ ਤੋਂ ਕੀਤੀ। ਸਾਹਿਲਪ੍ਰੀਤ ਸਿੰਘ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇਲੈਕਟਰੀਕਲ ਇੰਜੀਨਅਰ ਦੀ ਡਿਗਰੀ ਪ੍ਰਾਪਤ ਕਰਕੇ 2016 ਵਿੱਚ ਕਨੇਡਾ ਵਿਖੇ ਪੜ੍ਹਾਈ ਕਰਨ ਲਈ ਵੀ ਚਲੇ ਗਏ ਸਨ ਪਰ 2017 ’ਚ ਬਿਜਲੀ ਬੋਰਡ ’ਚ ਸਿੱਧੇ ਤੌਰ ’ਤੇ ਜੇਈ ਭਰਤੀ ਹੋਣ ਕਰਕੇ ਵਾਪਿਸ ਪੰਜਾਬ ਪਰਤ ਆਏ। ਇਨ੍ਹਾਂ ਨੇ ਆਪਣੀ ਸਰਵਿਸ ਬਤੌਰ J.E 400KV ਗ੍ਰਿਡ ਪਿੰਡ ਚੰਦੁਆ ਤੋਂ ਸ਼ੁਰੂ ਕੀਤੀ ਉਨ੍ਹਾਂ ਨੇ ਬਹੁਤ ਜਲਦੀ ਹੀ SDO ਦੀ ਤਰੱਕੀ ਲਈ ਇਲੀਜੀਬਿਲਟੀ ਟੈਸਟ ਵੀ ਪਾਸ ਕਰ ਲਏ ਸਨ ਪਰ ਸਾਇਦ ਹੋਣੀ ਨੂੰ ਇਹ ਸਭ ਕੁਝ ਮਨਜ਼ੂਰ ਨਹੀਂ ਸੀ। ਸਾਹਿਲਪ੍ਰੀਤ 3 ਫ਼ਰਵਰੀ ਨੂੰ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦਿਆਂ ਬਿਜਲੀ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ 4 ਦਿਨ PGI ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 7 ਫ਼ਰਵਰੀ ਨੂੰ ਆਪਣੇ ਮਾਪਿਆਂ, ਛੋਟੇ ਭਰਾ ਗੁਰਕੰਵਲ ਅਤੇ ਆਪਣੇ ਪਿਆਰਿਆਂ ਨੂੰ ਰੋਦਾ ਕੁਰਲਾਉਂਦਾ ਛੱਡ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਮੈਂ ਇਸ ਪਰਿਵਾਰ ਨੂੰ ਬਹੁਤ ਨੇੜਿਉਂ ਵੇਖਿਆ ਹੈ ਬਹੁਤ ਹੀ ਮਿਹਨਤੀ ਅਤੇ ਨਿਮਰਤਾ ਵਾਲਾ ਪਰਿਵਾਰ ਹੈ ਪਰ ਹੋਣੀ ਨੂੰ ਕੌਣ ਟਾਲ ਸਕਦਾ ਹੈ ਵਕਤ ਇਸ ਪਰਿਵਾਰ ਨੂੰ ਅਜਿਹਾ ਦਰਦ ਦੇ ਗਿਆ ਹੈ ਜੋ ਸ਼ਾਇਦ ਮੌਤ ਤੱਕ ਜ਼ਿੰਦਗੀ ਦੇ ਨਾਲ ਨਾਲ ਚਲਦਾ ਰਹੇਗਾ। ਇੱਕ ਮਿਲਾਪੜਾ,ਸਾਉ ਅਤੇ ਨੇਕ ਦਿਲ ਇਨਸਾਨ ਸਾਹਿਲਪ੍ਰੀਤ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ। ਬੇਸ਼ੱਕ ਸਰੀਰਕ ਤੌਰ ਤੇ ਅੱਜ ਉਨ੍ਹਾਂ ਨੂੰ ਵਿਛੜਿਆਂ ਦੋ ਸਾਲ ਹੋ ਚੁੱਕੇ ਹਨ ਪਰ ਕਦੇ ਨਹੀਂ ਲੱਗਿਆ ਕਿ ਉਹ ਸਾਡੇ ਤੋਂ ਦੂਰ ਚਲਾ ਗਿਆ ਹੈ।
ਚਿੱਠੀ ਨਾ ਕੋਈ ਸੰਦੇਸ਼,
ਨਾਂ ਜਾਨੇ ਕੌਣ ਸਾ ਦੇਸ਼,
ਜਹਾਂ ਤੁਮ ਚਲੇ ਗਏ।
ਰਮੇਸ਼ਵਰ ਸਿੰਘ
9914880392
Previous articleਕੁਲਦੀਪ ਸਿੰਘ ਸਾਹਿਲ ਵਲੋਂ ਮੈਡੀਕਲ ਖੋਜ ਲਈ ਸਰੀਰਦਾਨ
Next articleਸਿੱਧਾ ਬੰਦਾ ਸਿੱਧੀ ਗੱਲ।ਮਸ਼ੀਨ।