ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਸਹਿਯੋਗ ਨਾਲ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ (ਡੀ.ਐੱਮ.ਸੀ.) ਲੁਧਿਆਣਾ ਵੱਲੋਂ ਡੀ.ਬੀ.ਟੀ. – ਵੈਲਕਮ ਟਰੱਸਟ ਇੰਡੀਆ ਐਲਾਇੰਸ ਦੀ ਫੰਡਿਗ ਨਾਲ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ “ਸਟੋਪ-ਐਪੀਲੈਪਸੀ ਪ੍ਰੋਜੈਕਟ” ਦੀ ਸ਼ੁਰੂਆਤ ਕੀਤੀ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਵਿਖੇ “ਸਟੋਪ-ਐਪੀਲੈਪਸੀ ਪ੍ਰੋਜੈਕਟ” ਦਾ ਰਸਮੀ ਉਦਘਾਟਨ ਕੀਤਾ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਮਿਰਗੀ ਦੇ ਇਲਾਜ ਪ੍ਰਬੰਧਨ ਲਈ ਪ੍ਰਾਇਮਰੀ ਕੇਅਰ ਵਿੱਚ ਮੈਡੀਕਲ ਸਟਾਫ ਦੀ ਸਮਰੱਥਾ ਵਿਚ ਸੁਧਾਰ ਕਰਨਾ ਹੈ। ਇਹ ਪ੍ਰੋਜੈਕਟ ਮਿਰਗੀ ਤੋੰ ਪੀੜਤ ਲੋਕਾਂ ਦੀ ਦੇਖਭਾਲ ਨੂੰ ਮਿਆਰੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰੇਗਾ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਕ ਸਿਹਤ ਸੁਰੱਖਿਆ ਲਈ ਪਹਿਲ ਦੇ ਆਧਾਰ ‘ਤੇ ਮਿਰਗੀ ਦਾ ਇਲਾਜ ਮੁਹੱਈਆ ਕਰਵਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ। ਉਨ੍ਹਾਂ ਸ਼ੁਰੂਆਤੀ ਪੜਾਵਾਂ ਵਿੱਚ ਮਿਰਗੀ ਦੇ ਇਲਾਜ ਪ੍ਰਬੰਧਨ ਲਈ ਪ੍ਰਾਇਮਰੀ ਹੈਲਥ ਕੇਅਰ ਵਰਕਰਾਂ ਦੀ ਅਹਿਮ ਭੂਮਿਕਾ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ, ਜਿਨ੍ਹਾਂ ਵਿੱਚ ਪੰਜਾਬ ਦੇ ਨਵਾਂਸ਼ਹਿਰ, ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਅਤੇ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਭੀਮਾਵਰਮ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਮਿਰਗੀ (ਐਪੀਲੈਪਸੀ) ਆਪਣੇ-ਆਪ ਵਿੱਚ ਕੋਈ ਰੋਗ ਨਹੀਂ, ਸਗੋਂ ਦਿਮਾਗ ਨਾਲ ਸਬੰਧਿਤ ਤੰਤੂ ਪ੍ਰਣਾਲੀ ਦਾ ਇੱਕ ਵਿਗਾੜ ਹੈ, ਜਿਸ ਵਿੱਚ ਦੌਰੇ ਪੈਂਦੇ ਹਨ। ਮਿਰਗੀ ਦੀ ਬਿਮਾਰੀ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਹੋ ਸਕਦੀ ਹੈ। ਪੰਜਾਬ ਦੇ 3 ਲੱਖ ਲੋਕਾਂ ਸਮੇਤ ਦੇਸ਼ ਦੇ ਤਕਰੀਬਨ ਇੱਕ ਕਰੋੜ ਲੋਕਾਂ ਨੂੰ ਇਹ ਰੋਗ ਪ੍ਰਭਾਵਿਤ ਕਰਦਾ ਹੈ। ਸਾਧਾਰਨ, ਸਸਤੀਆਂ ਦਵਾਈਆਂ ਨਾਲ ਇਲਾਜ ਸੰਭਵ ਹੋਣ ਦੇ ਬਾਵਜੂਦ ਇਲਾਜ ਦੇ ਇੱਕ ਵੱਡਾ ਪਾੜਾ ਹੈ। ਇਸ ਰੋਗ ਦੇ 70 ਫੀਸਦੀ ਲੋਕ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ। ਜੇਕਰ ਇਸ ਨੂੰ ਬਿਨਾਂ ਇਲਾਜ ਛੱਡ ਦਿੱਤਾ ਜਾਵੇ ਤਾਂ ਦਵਾ-ਪ੍ਰਤੀਰੋਧਕ ਮਿਰਗੀ ਆਮ ਆਬਾਦੀ ਨਾਲੋਂ ਸਮੇਂ ਤੋਂ ਪਹਿਲਾਂ ਮੌਤ ਦਰ ਦਾ 2-3 ਗੁਣਾ ਵੱਧ ਜੋਖਮ ਪੈਦਾ ਕਰ ਸਕਦੀ ਹੈ। ਹਾਲਾਂਕਿ, ਸਹੀ ਇਲਾਜ ਨਾਲ, ਮਿਰਗੀ ਵਾਲੇ ਮਰੀਜ਼ ਸਿਹਤਮੰਦ ਜੀਵਨ ਜੀਅ ਸਕਦੇ ਹਨ। ਇਸ ਨਾਲ ਮਿਰਗੀ ਦੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਦਾ ਸੁਪਨਾ ਸਾਕਾਰ ਹੋਵੇਗਾ। ਉਨ੍ਹਾਂ ਮਿਰਗੀ ਦੇ ਕਾਰਨਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਮਿਰਗੀ ਦੀ ਬਿਮਾਰੀ ਦਿਮਾਗ ਵਿੱਚ ਟਿਊਮਰ ਦਾ ਹੋਣਾ, ਸਿਰ ਦੀ ਸੱਟ ਜਾਂ ਦਿਮਾਗੀ ਤਪਦਿਕ, ਦਿਮਾਗੀ ਤਣਾਅ, ਦਿਮਾਗੀ ਸੋਜਿਸ਼, ਦਿਮਾਗੀ ਲਹੂ ਨਾੜੀਆਂ ਦੇ ਨੁਕਸ, ਮੰਦਬੁੱਧੀ ਹੋਣਾ, ਦਿਮਾਗ ਵਿੱਚ ਲਾਗ ਦਾ ਹੋਣਾ, ਸ਼ਰਾਬ, ਤੇਜ਼ ਦਵਾਈਆਂ ਹੋਰ ਨਸ਼ਿਆਂ ਦੇ ਕਾਰਨ ਵੀ ਹੋ ਸਕਦੀ ਹੈ। ਸਮਾਰੋਹ ਦੇ ਅੰਤ ਵਿੱਚ ਜ਼ਿਲ੍ਹਾ ਹਸਪਤਾਲ, ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸਤਵਿੰਦਰਪਾਲ ਸਿੰਘ ਨੇ ਸਮਾਗਮ ਵਿਚ ਆਏ ਹੋਏ ਸਮੂਹ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਮਿਰਗੀ ਦੇ ਰੋਗੀਆਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਵਿੱਚ ਮਦਦ ਮਿਲੇਗੀ।
ਸੁਰੱਖਿਆ ਲਈ ਘਰੇਲੂ ਨੁਕਤੇ :-
ਮਾਹਰਾਂ ਅਨੁਸਾਰ ਮਿਰਗੀ ਦੇ ਲੋਕਾਂ ਨੂੰ ਚੋਟ ਲੱਗ ਸਕਦੀ ਹੈ। ਚੁੱਲ੍ਹੇ ‘ਤੇ ਕੰਮ ਕਰਨ ਵੇਲੇ ਝੁਲਸਣ ਦੀ ਸੰਭਾਵਨਾ ਹੋ ਸਕਦੀ ਹੈ। ਇਹ ਸਭ ਘਰ ਵਿੱਚ ਵੀ ਹੋ ਸਕਦਾ ਹੈ, ਇਸ ਲਈ ਘਰ ਵਿੱਚ ਸੁਰੱਖਿਅਤ ਰਹਿਣ ਲਈ ਹੇਠ ਲਿਖੇ ਨਿਯਮਾਂ ਦੀ ਪਾਲਣਾ ਕਰੋ:-
1. ਜੇਕਰ ਤੁਸੀਂ ਕਮਰੇ ਵਿੱਚ ਇਕੱਲੇ ਹੋ ਜਾਂ ਇਸ਼ਨਾਨ ਘਰ ਵਿੱਚ ਹੋ, ਤਾਂ ਕਮਰੇ ਦੇ ਦਰਵਾਜ਼ੇ ਬੰਦ ਨਾ ਕਰੋ।
2. ਬਾਥ ਟੱਬ ਵਿੱਚ ਨਹਾਉਣ ਸਮੇਂ ਜੇਕਰ ਦੌਰਾ ਪੈਂਦਾ ਹੈ, ਤਾਂ ਡੁੱਬਣ ਦਾ ਖ਼ਤਰਾ ਹੋ ਸਕਦਾ ਹੈ।
3. ਖਾਣਾ ਬਣਾਉਣ ਵੇਲੇ ਉੱਚੇ ਸਟੈਂਡ ’ਤੇ ਬਣਾਉ। ਜੇ ਜ਼ਮੀਨ ’ਤੇ ਚੁੱਲ੍ਹਾ ਹੋਵੇ ਤਾਂ ਮਿਰਗੀ ਦੇ ਦੌਰੇ ਦੌਰਾਨ ਉਸ ‘ਤੇ ਡਿੱਗ ਸਕਦਾ ਹੈ ਅਤੇ ਡਿੱਗ ਕੇ ਜਲ ਸਕਦਾ ਹੈ। ਕੋਸ਼ਿਸ਼ ਕਰੋ ਕਿ ਮਾਈਕ੍ਰੋਵੇਵ ਦੀ ਵਰਤੋਂ ਕੀਤੀ ਜਾਵੇ।
4. ਅੱਗ ਨਾਲ ਸਬੰਧਤ ਜਾਂ ਬਿਜਲੀ ਦਾ ਕੰਮ ਕਰਦੇ ਸਮੇਂ ਮਿਰਗੀ ਦੇ ਪ੍ਰਭਾਵਿਤ ਵਿਅਕਤੀ ਨੂੰ ਦੌਰਾ ਪੈ ਜਾਵੇ ਤਾਂ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਇਸ ਲਈ ਅੱਗ ਨਾਲ ਸਬੰਧਤ ਜਾਂ ਬਿਜਲੀ ਦਾ ਕੰਮ ਨਾ ਕਰੋ।
ਬਾਕਸ ਵਿਚ ਦਵਾਈ ਛੱਡਣ ‘ਤੇ ਕੀ ਹੋ ਸਕਦਾ ?
1-ਲਗਾਤਾਰ ਜ਼ਿਆਦਾ ਦੌਰੇ ਪੈਣੇ
ਪੈ ਸਕਦੇ ਹਨ।
2-ਹਸਪਤਾਲ ਦਾਖਲ ਹੋਣਾ ਪੈ ਸਕਦਾ ਹੈ।
3-ਇਕਦਮ ਐਮਰਜੈਂਸੀ (ਤਤਕਾਲ) ਹਸਪਤਾਲ ਜਾਣਾ ਪੈ ਸਕਦਾ ਹੈ।
4-ਦੁਰਘਟਨਾ ਹੋ ਸਕਦੀ ਹੈ, ਜ਼ਖਮੀ ਹੋ ਸਕਦੇ। ਹਨ ਅਤੇ ਅੱਗ ਦੇ ਨੇੜੇ ਖੜ੍ਹੇ ਹੋਣ ਕਾਰਨ ਸੜ ਵੀ ਸਕਦੇ ਹੋ।
5-ਅਚਨਚੇਤ ਮੌਤ ਹੋ ਸਕਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly