(ਸਮਾਜ ਵੀਕਲੀ)
ਸੱਤਰਾਂ ਪਝੰਤਰਾਂ ਨੂੰ ਢੁੱਕੇ ਬਿਲਕੁਲ ਅਨਪੜ੍ਹ ਬੂਟਾ ਸਿੰਘ ਨੂੰ ਫੌਜ ਵਿਚੋਂ ਪੈਨਸ਼ਨ ਆਏ ਨੂੰ ਬਹੁਤ ਲੰਬਾ ਅਰਸਾ ਹੋ ਗਿਆ ਸੀ”ਉਸ ਦੀ ਧਰਮਪਤਨੀ ਨਛੱਤਰ ਕੌਰ ਦੀ ਮੌਤ ਹੋਈ ਨੂੰ ਵੀ ਵੀਹ ਵਰ੍ਹੇ ਬੀਤ ਗਏ ਸਨ” ਬੱਚਿਆਂ ਨੂੰ ਮਾਂ ਅਤੇ ਪਿਤਾ ਦਾ ਪਿਆਰ ਦੇ ਕੇ ਬੂਟਾ ਸਿੰਘ ਨੇ ਚੰਗਾ ਪੜ੍ਹਾਇਆ ਲਿਖਾਇਆ ਅਤੇ ਜਵਾਨ ਹੋਣ ਤੇ ਬੇਟੀ ਕਰਮਦੀਪ ਕੌਰ ਦੀ ਚੰਗਾ ਵਰ ਦੇਖ ਕੇ ਸ਼ਾਦੀ ਕਰ ਦਿੱਤੀ ਅਤੇ ਹੋਣਹਾਰ ਬੇਟੇ ਲਖਵੀਰ ਸਿੰਘ ਦੀ ਫ਼ੌਜ ਵਿੱਚ ਭਰਤੀ ਹੋ ਜਾਣ ਤੋਂ ਬਾਅਦ ਦਵਿੰਦਰ ਕੌਰ ਨਾਲ਼ ਸ਼ਾਦੀ ਕਰ ਦਿੱਤੀ”ਨੂੰਹ,ਪੁੱਤਰ ਦੋਵੇਂ ਬਹੁਤ ਹੀ ਆਗਿਆਕਾਰ ਅਤੇ ਸੁਘੜ ਸਿਆਣੇ ਸਨ ਜੋ ਕਿ ਬੂਟਾ ਸਿੰਘ ਦੀ ਬਹੁਤ ਸੇਵਾ ਸਤਿਕਾਰ ਕਰਦੇ ਜਿਸ ਕਰਕੇ ਬੂਟਾ ਸਿੰਘ ਨੂੰ ਆਪਣੀ ਵਿੱਛੜ ਚੁੱਕੀ ਜੀਵਨ ਸਾਥੀ ਨਛੱਤਰ ਕੌਰ ਦੀ ਕਮੀਂ ਕਦੇ ਵੀ ਮਹਿਸੂਸ ਨਹੀਂ ਸੀ ਹੁੰਦੀ”ਬੂਟਾ ਸਿੰਘ ਕੋਲ਼ ਛੋਟਾ ਜਿਹਾ ਮੋਬਾਇਲ ਫ਼ੋਨ ਸੀ ਜਿਸ ਨਾਲ਼ ਉਹ ਅਪਣੀ ਬੇਟੀ ਅਤੇ ਰਿਸ਼ਤੇਦਾਰਾਂ,ਯਾਰਾਂ ਦੋਸਤਾਂ ਨਾਲ਼ ਗੱਲ ਬਾਤ ਕਰ ਲੈਂਦਾ ਸੀ”ਅਤੇ
ਬੂਟਾ ਸਿੰਘ ਨੂੰ ਵਾਹਿਗੁਰੂ ਨੇ ਪੋਤੇ ਅਤੇ ਪੋਤੀ ਦੀ ਦਾਤ ਵੀ ਬਖਸ਼ ਦਿੱਤੀ ਸੀ” ਘਰ ਵਿੱਚ ਰੌਣਕਾਂ ਅਤੇ ਖੁਸ਼ੀਆਂ ਖੇੜੇ ਸਨ”
ਇਸ ਵਾਰ ਜਦੋਂ ਲਖਵੀਰ ਸਿੰਘ ਅਪਣੇ ਬੇਟੇ ਪ੍ਰਭਜੋਤ ਦਾ ਜਨਮ ਦਿਨ ਮਨਾਉਣ ਲਈ ਫ਼ੌਜ ਵਿਚੋਂ ਛੁੱਟੀ ਲੈ ਕੇ ਆਇਆ ਤਾਂ ਉਸ ਨੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਆਪਣੇ ਪਿਤਾ ਬੂਟਾ ਸਿੰਘ ਨੂੰ ਵਧੀਆ ਕੰਪਨੀ ਦਾ ਵੱਡਾ ਮੋਬਾਇਲ ਫੋਨ ਲੈ ਕੇ ਗਿਫਟ ਵਜੋਂ ਦਿੰਦੇ ਹੋਏ ਕਿਹਾ” ਲਓ ਪਿਤਾ ਜੀ ਇਸ ਫ਼ੋਨ ਵਿੱਚ ਨੈਟ ਪੈਕ ਪੁਆ ਦਿੱਤਾ ਹੈ ਹੁਣ ਤੁਸੀਂ ਜਦੋਂ ਮਰਜ਼ੀ ਕੀਰਤਨ,ਕਥਾ, ਜਾਂ ਖ਼ਬਰਾਂ ਵਗੈਰਾ ਸੁਣ ਅਤੇ ਦੇਖ ਸਕਦੇ ਹੋ” ਅਤੇ ਤੁਹਾਡਾ ਟਾਈਮ ਪਾਸ ਵੀ ਹੋਵੇਗਾ ਅਤੇ ਦਿਲ ਵੀ ਲੱਗਿਆ ਰਹੇਗਾ”
ਬੂਟਾ ਸਿੰਘ ਨੇ ਫੋਨ ਨੂੰ ਹੱਥ ਵਿੱਚ ਫੜ ਕੇ ਖੁਸ਼ੀਆਂ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਿਹਾ”ਪਰ ਪੁੱਤ ਇਹ ਤਾਂ ਮੈਨੂੰ ਚਲਾਉਣਾ ਹੀ ਨਹੀਂ ਆਉਂਦਾ ਇਹ ਮੇਰੇ ਕਿਸ ਕੰਮ”ਕੋਈ ਔਖਾ ਨਹੀਂ ਜੀ ਬਾਪੂ ਜੀ ਜਦੋਂ ਕਿਸੇ ਦਾ ਫੋਨ ਆਵੇ ਤਾਂ ਹਰੇ ਜਿਹੇ ਨਿਸ਼ਾਨ ਤੇ ਉਂਗਲ ਮਾਰ ਕੇ ਸੁਣ ਲਿਓ” ਲਖਵੀਰ ਨੇ ਸਮਝਾਉਂਦੇ ਹੋਏ ਨੇ ਕਿਹਾ” ਬਾਕੀ ਮੈਂ ਜਾਂ ਦਵਿੰਦਰ ਸਿਖਾਅ ਦੇਵਾਂਗੇ”ਚੰਗਾ ਭਾਈ ਥੋਡੀ ਮਰਜੀ ਐ ਕਹਿ ਕੇ ਬੂਟਾ ਸਿੰਘ ਨੇ ਪੁਰਾਣਾ ਫੋਨ ਫੜਾ ਕੇ ਨਵਾਂ ਫੋਨ ਖੁਸ਼ੀ ਖੁਸ਼ੀ ਰੱਖ ਲਿਆ”ਇੱਕ ਦਿਨ ਸਾਰੇ ਰੋਟੀ ਪਾਣੀ ਖਾ ਕੇ ਸੌਣ ਲਈ ਚਲੇ ਗਏ ਅਤੇ ਬੂਟਾ ਸਿੰਘ ਵੀ ਆਪਣੇ ਕਮਰੇ ਵਿੱਚ ਸੌਂਣ ਲਈ ਚਲਾ ਗਿਆ ਤਾਂ ਉਸ ਨੇ ਸੋਚਿਆ ਕਿ ਫੋਨ ਚਲਾ ਕੇ ਕਥਾ ਸੁਣ ਲੈਂਦਾ ਹਾਂ ਪਰ ਉਸ ਤੋਂ ਪਤਾ ਨਹੀਂ ਕਿਹੜਾ ਬਟਨ ਦੱਬਿਆ ਗਿਆ ਕਿ ਚਮਕੀਲੇ ਦੇ ਪੰਜਾਬੀ ਗਾਣੇ ਚੱਲ ਪਏ” ਉਸ ਨੂੰ ਪਤਾ ਨਾ ਲੱਗੇ ਕਿ ਕਿਥੋਂ ਬੰਦ ਕਰੇ ਨਾ ਹੀ ਅਵਾਜ਼ ਘੱਟ ਕਰਨ ਦਾ ਪਤਾ ਲੱਗੇ” ਪਹਿਲਾਂ ਸੋਚਿਆ ਸੁੱਤੇ ਹੋਏ ਬੱਚਿਆਂ ਨੂੰ ਜਗਾ ਲੈਂਦਾ ਹਾਂ ਉਹ ਆਪੇ ਬੰਦ ਕਰ ਦੇਣਗੇ ਪਰ ਝਿੱਜਕਦਾ ਹੋਇਆ ਰੁਕ ਗਿਆ ਅਤੇ ਇੱਕ ਵਾਰ ਫਿਰ ਫੋਨ ਬੰਦ ਕਰਨ ਦੀ ਕੋਸ਼ਿਸ਼ ਕਰਨ ਲੱਗਾ ਪਰ ਸਫ਼ਲ ਨਾ ਹੋਇਆ”ਅਖੀਰ ਨੂੰ ਅੱਕ ਕੇ ਉਸ ਨੇ ਫੋਨ ਰੱਖ ਕੇ ਉੱਪਰ ਸਿਰਹਾਣਾ ਰੱਖ ਦਿੱਤਾ ਅਤੇ ਅਵਾਜ਼ ਫ਼ਿਰ ਵੀ ਘੱਟ ਨਾ ਹੋਈ ਤਾਂ ਉੱਤੇ ਇੱਕ ਕੰਬਲ ਸੁੱਟ ਦਿੱਤਾ ਹੁਣ ਅਵਾਜ਼ ਕਮਰੇ ਤੋਂ ਬਾਹਰ ਨਹੀਂ ਜਾ ਰਹੀ ਸੀ ਅਤੇ ਨਾ ਹੀ ਉਸ ਨੂੰ ਸੌਂਣ ਦੇ ਰਹੀ ਸੀ”ਅੱਧੀ ਰਾਤ ਤੋਂ ਬਾਅਦ ਜਦੋਂ ਫੋਨ ਦੀ ਬੈਟਰੀ ਖ਼ਤਮ ਹੋਈ ਤਾਂ ਜਾ ਕੇ ਫੋਨ ਬੰਦ ਹੋਇਆ ਅਤੇ ਬੂਟਾ ਸਿੰਘ ਨੂੰ ਚੈਨ ਅਤੇ ਨੀਂਦ ਆਏ”ਸਵੇਰੇ ਸਵੇਰੇ ਅੰਮ੍ਰਿਤ ਵੇਲੇ ਜਦੋਂ ਦਵਿੰਦਰ ਕੁਰਲੀ ਕਰਨ ਲਈ ਕੋਸਾ ਪਾਣੀ ਅਤੇ ਨਾਲ ਚਾਹ ਦੀ ਗੜਵੀ ਅਤੇ ਬਿਸਕੁਟ ਲੈ ਕੇ ਆਈ ਤਾਂ ਉਸ ਨੇ ਕਿਹਾ”ਲਿਆਓ ਬਾਪੂ ਜੀ ਫੋਨ ਮੈਂ ਤੇ ਕੀਰਤਨ ਚਲਾ ਦੇਵਾਂ”ਤਾਂ ਬੂਟਾ ਸਿੰਘ ਨੇ ਇਸ਼ਾਰਾ ਕਰਕੇ ਕੰਬਲ ਅਤੇ ਸਿਰਹਾਣੇ ਹੋਠੋਂ ਫੋਨ ਚੁੱਕਣ ਲਈ ਕਹਿੰਦੇ ਹੋਏ ਕਿਹਾ”ਓ ਭਾਈ ਮੇਰਾ ਤਾਂ ਪੁਰਾਣਾ ਫੋਨ ਈ ਦੇ ਦਿਓ ਮੈਂ ਨੀ ਇਹ ਮੁਸੀਬਤ ਮੁੱਲ ਲੈਂਦਾ।
ਮੈਨੂੰ ਪਤੈ! ਮੈਂ ਰਾਤ ਕਿਵੇਂ ਕੱਟੀ ਐ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ
95011-27033
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly