(ਸਮਾਜ ਵੀਕਲੀ)
ਗਲੀ ਚੋਂ ਲੰਘਦੀ ਵੱਡੀ ਗੱਡੀ ਦੇ ਡੈਕ ਤੋਂ ਵੱਡੇ ਗਾਇਕ ਦੇ ਬੋਲ ਸੁਣਾਈ ਦਿੱਤੇ , ‘ ਬੈਠਕ ਬਾਬੇ ਬਿਸ਼ਨੇ ਦੀ। ‘
ਥੋੜ੍ਹੇ ਜਿਹੇ ਪਿੱਛੇ ਚਲਾ ਗਿਆ। ਜਦੋਂ ਗੀਤ ਸੁਣਿਆ ਸੀ ਕਿ, ‘ ਤੇਰੀ ਬੈਠਕ ਨੇ ਪੱਟਿਆ ਕਬੂਤਰ ਚੀਨਾ।’
ਜਦੋਂ ਬਾਪੂ, ਦਾਦੇ ਦੀਆਂ ਪੁਰਾਣੀਆਂ ਗੱਲਾਂ ਵੱਲ ਧਿਆਨ ਦਿੱਤਾ ਕਿ, ਜਵਾਨੀ ਵੇਲੇ ਮੂੰਗਲੀਆਂ ਫੇਰਦਿਆਂ ਨੇ ਡੰਡ ਬੈਠਕਾਂ ਮਾਰਨੀਆਂ ਤਾਂ ਸਵਾਦ ਹੀ ਵੱਖਰਾ ਹੁੰਦਾ ਸੀ। ਕਦੇ ਕਦਾਈਂ ਮਾਸਟਰ ਜੀ ਸਕੂਲ ‘ਚ ਕੰਨ ਫੜ੍ਹਾ ਊਠਕ ਬੈਠਕ ਵੀ ਕਰਾਉਂਦੇ ਸਨ। ਆਮ ਹੀ ਪ੍ਰਚਲਤ ਸੀ ਕਿ ਜਿਸ ਦੀ ਸੋਬਿਤ (ਬੈਠਕ) ਮਾੜੀ ਹੈ। ਉਹ ਭਾਵੇਂ ਕਿੰਨਾ ਵੀ ਚੰਗਾ ਬਨਣ ਦੀ ਕੋਸ਼ਿਸ਼ ਕਰੇ। ਉਹ ਸਮਾਜ ‘ਚ ਦੁਰਕਾਰਿਆ ਹੀ ਜਾਵੇਗਾ।
ਫਿਰ ਦਰਵਾਜ਼ੇ (ਦਲਾਨ) ‘ਚ ਬਣੀ ਬੈਠਕ ਦਾ ਚੇਤਾ ਆਇਆ। ਜਿਸ ਦੇ ਤਕਰੀਬਨ ਦੋ ਬਾਰ(ਬੂਹਾ) ਹੁੰਦੇ ਸਨ। ਇੱਕ ਦਰਵਾਜ਼ੇ ‘ਚ ਦੂਜਾ ਗਲੀ ਵਿੱਚ ਖੁਲਦਾ ਸੀ। ਜਿੱਥੇ ਬਾਪੂ ਖੂੰਡੇ ਨਾਲ ਹਮੇਸ਼ਾ ਘਰ ਦਾ ਚੌਕੀਦਾਰ ਬਣ ਬੈਠਾ ਰਹਿੰਦਾ ਸੀ। ਕੀ ਮਜ਼ਾਲ ਕਿ ਕੋਈ ਓਪਰਾ ਬੰਦਾ ਘਰ ‘ਚ ਪਰਵੇਸ਼ (ਲੰਘ ਜਾਵੇ) ਕਰ ਜਾਵੇ।
ਪਰਿਵਾਰਕ ਮੈਂਬਰ ਤੋਂ ਕੋਈ ਗਲਤੀ ਹੋ ਜਾਣੀ ਤਾਂ ਫੈਸਲਾ ਬਾਪੂ ਨੇ ਹੀ ਨਿਬੇੜਣਾ। ਜੋ ਹਮੇਸ਼ਾ ਅਦਾਲਤ ਵਾਂਗ ਅਟੱਲ ਹੁੰਦਾ ਸੀ। ਕੋਈ ਵੀ ਚੂੰ ਚਾਂ ਨਹੀਂ ਕਰਦਾ ਸੀ। ਜੋ ਅੱਜ ਵੀ ਹਨ ਜਿਵੇਂ ਕਿ ਮੈਂ ਆਪਣੇ ਸਹੁਰੇ ਘਰ ਮਹਿਸੂਸ ਕਰ, ਆਨੰਦ ਮਾਣ ਰਿਹਾ ਹਾਂ।
ਬੈਠਕ ਤਾਂ ਹਰੇਕ ਰਾਜ ਪੱਧਰੀ ਸੰਸਦ ਦੀ ਤੇ ਦੇਸ਼ ਦੀ ਲੋਕ ਸਭਾ ਅਤੇ ਰਾਜ ਸਭਾ ਦੀ ਵੀ ਹੁੰਦੀ ਹੈ। ਓਹ ਭਾਵੇਂ ਜਨਤਾ ਦੇ ਭਲੇ ਲਈ ਨਹੀਂ। ਬੱਸ ਐਵੇਂ ਰੌਲਾ ਰੱਪਾ ਪਾ ਕੇ ਉਠਾ ਦਿੱਤੀ ਜਾਂਦੀ ਹੈ।
ਕਦੇ ਕਦੇ ਛੋਹਰ ਮੱਤ ਮੁੱਛ ਫੁੱਟ ਗਭਰੇਟ ਬਾਬੇ ਦੀ ਕਮਾਈ ਕੀਤੀ ਸੱਥ(ਬੈਠਕ) ਨੂੰ ਗਲਤ ਢੰਗ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਤਾਂ ਹੀ ਜਵਾਨੀ, ਬਜ਼ੁਰਗਾਂ ਨੂੰ ਛੱਡਕੇ ਬਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਹਨ। ਉਹਨਾਂ ਮਗਰ ਲੱਗ ਕੇ ਬੁੱਢੇ ਵਾਰੇ ਉਹ ਵੀ ਜ਼ਹਾਜ ਦੀ ਪੂਛ ਫੜ੍ਹਣ ਨੂੰ ਤਿਆਰ ਹਨ ਨਾ ਕਿ, ਬਾਬਾ ਆਪਣੀ ਬੈਠਕ ਦੀ ਮਹਾਨਤਾ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਗੁਰਮੀਤ ਸਿੰਘ ਸਿੱਧੂ ਕਾਨੂੰਗੋ
81465 93089
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly