ਮਿੰਨੀ ਕਹਾਣੀ – ਮਾਸੜ

  ਸੁਖਦੇਵ ਸਿੰਘ ਭੁੱਲੜ

  (ਸਮਾਜ ਵੀਕਲੀ) ਮੱਘਰ ਆਪਣੇ ਦੋਵਾਂ ਭਰਾਵਾਂ ਤੋਂ ਵੱਡਾ ਸੀ। ਛੋਟੇ ਭਰਾ ਵਿਆਹੇ ਤੇ ਬਾਲ-ਬੱਚਿਆਂ ਵਾਲੇ ਸਨ, ਮਗਰ ਮੱਘਰ ਜਮਾਂਦਰੂ ਛੜਾ ਸੀ। ਤਿੰਨਾਂ ਭਰਾਵਾਂ ਦਾ ਕੰਮ-ਕਾਰ ਇਕੱਠਾ ਈ ਸੀ।ਘਰ ਦੀ ਸਾਰੀ ਕਬੀਲਦਾਰੀ ਛੋਟੇ ਭਰਾ ਨੇ ਸੰਭਾਲੀ ਹੋਈ ਸੀ। ਮੱਘਰ ਦਾ ਕੰਮ ਡੰਗਰਾਂ ਲਈ ਪੱਠੇ ਡੱਠੇ ਪਾਉਣਾ ਤੇ ਲਿਆਉਣਾ ਸੀ। ਉਹ ਸਾਜਰੇ ਈ ਬਲਦ ਗੱਡੀ ਜੋੜ ਕੇ, ਖੇਤੋਂ ਪੱਠੇ ਲੈ ਆਉਂਦਾ। ਰੋਟੀ ਪਾਣੀ ਖਾ ਕੇ ਸੱਥ ਦਾ ਸ਼ਿੰਗਾਰ ਵੀ ਬਣਦਾ। ਛੋਟੇ ਭਰਾਵਾਂ ਵੱਲੋਂ ਵੀ ਕੋਈ ਰੋਕ ਟੋਕ ਨਹੀਂ ਸੀ।ਸੋਹਣਾ ਕੰਮ ਚੱਲ ਰਿਹਾ ਸੀ।

   ਇੱਕ ਦਿਨ ਮੱਘਰ ਬਲਦ ਗੱਡੀ ਲੈ ਕੇ ਖੇਤ ਜਾ ਰਿਹਾ ਸੀ। ਰਾਤ ਦੀ ਕਿਣਮਿਣ ਨਾਲ ਕੱਚੇ ਰਾਹ ਦੀ ਮਿੱਟੀ ਪੋਲੀ ਹੋ ਚੁੱਕੀ ਸੀ। ਗੱਡੀ ਦੇ ਪਹੀਏ ਪੋਲੀ ਹੋ ਚੁੱਕੀ ਮਿੱਟੀ ਵਿੱਚ ਧੱਸਦੇ ਜਾ ਰਹੇ ਸੀ।ਬਲਦ ਦਾ ਜ਼ੋਰ ਵੀ ਦੁਗਣਾ ਲੱਗ ਰਿਹਾ ਸੀ। ਇਉਂ ਜਾਪਦਾ ਸੀ ਕਿ ਬਲਦ ਗੱਡੀ ਖਿੱਚਣ ਤੋਂ ਅਸੱਮਰਥ ਸੀ।ਅੰਤ ਉਹੀ ਗੱਲ ਹੋਈ, ਦੋ-ਚਾਰ ਕਿੱਲੇ ਜਾ ਕੇ ਗੱਡੀ ਰੇਤੇ ‘ਚ ਫਸ ਗਈ।

    ਮੱਘਰ ਗੱਡੀ ਕੱਢਣ ਲਈ ਸੋਚ ਰਿਹਾ ਸੀ ਕਿ ਉਹਨੂੰ ਇੱਕ ਸਿਆਣੀ ਉਮਰ ਦਾ ਬੰਦਾ ਆਉਂਦਾ ਦਿੱਸਿਆ।

    ” ਓ ਕਿਵੇਂ ਆਂ, ਮਾਸੜਾ ? ਘਰੇ ਤਾਂ ਸੁੱਖ ਆ ?” ਮੱਘਰ ਨੇ ਕੋਲ ਆਏ ਬੰਦੇ ਨੂੰ ਬੜੀ ਅਪਣੱਤ ਨਾਲ ਅਵਾਜ਼ ਮਾਰੀ। ਜਿਵੇਂ ਉਹ ਸੱਚਮੁੱਚ ਈ ਮੱਘਰ ਦਾ ਮਾਸੜ ਹੁੰਦਾ ਏ।

   “ਹਾਂ! ਹਾਂ! ਤੂੰ ਸੁਣਾ, ਤੇਰਾ ਕੀ ਹਾਲ ਐ ?” ਅਜਨਬੀ ਬੰਦੇ ਨੇ ਅੱਗੋਂ ਉੱਤਰ ਮੋੜਿਆ। ਉਹ ਖੁਸ਼ ਸੀ ਕਿ ਕਿਸੇ ਨੇ ਉਹਨੂੰ ਮਾਸੜ ਆਖ ਕੇ ਬੁਲਾਇਆ ਸੀ।

    “ਸਭ ਠੀਕ ਐ, ਮਾਸੜਾ !” ਮੱਘਰ ਨੇ ਸਹਿਜ ਭਾਵ ਨਾਲ ਆਖਿਆ, “ਆਈਂ ਮਾਸੜਾ ! ਗੱਡੀ ਗਾਰੇ ‘ਚ ਫਸਗੀ…ਲਵਾਈਂ ਧੱਕਾ….।”

    “ਚੱਲ, ਸ਼ੇਰਾ ?” ਮਾਸੜ ਨੇ ਵੀ ਲਾਂਗੜ ਕੱਸ ਲਿਆ। ਜੁੱਤੀ ਲਾਹ ਕੇ ਪਰ੍ਹਾਂ ਰੱਖ ਦਿੱਤੀ।

     ਉਨ੍ਹਾਂ ਦੋਹਾਂ ਨੇ ਧੱਕ ਕੇ ਗੱਡੀ ਬਾਹਰ ਕੱਢ ਲਈ। ਅਜਨਬੀ ਬੰਦੇ ਨੇ ਪੈਰ ਧੋ ਕੇ ਜੁੱਤੀ ਪਾ ਲਈ।

     “ਚੰਗਾ, ਮਾਸੜਾ!” ਮੱਘਰ ਨੇ ਧੰਨਵਾਦ ਕਰਦਿਆਂ ਬਣਾ ਸੁਆਰ ਕੇ ਆਖਿਆ, “ਸਾਡੇ ਮਾਸੜ ਪਤਾ ਕੀਹਨੂੰ ਕਹਿੰਦੇ ਆ ?”

     “ਕੀਹਨੂੰ ਕਹਿੰਦੇ ਆ ?”

     “ਭਰਾ ਦੇ ਸੌਹੁਰੇ ਨੂੰ!” ਮੱਘਰ ਦੇ ਮੋਟੇ ਮੋਟੇ ਬੁੱਲ੍ਹਾਂ ‘ਤੇ ਖਚਰਾ ਹਾਸਾ ਡਾਂਸ ਕਰ ਰਿਹਾ ਸੀ।

       “ਖੜ੍ਹ ਤੇਰੀ……!” ਅਜਨਬੀ ਬੰਦਾ ਭੱਠੀ ‘ਚ ਪਏ ਦਾਣੇ ਵਾਂਗ ਬੁੜਕਿਆ।

        ਸੁਖਦੇਵ ਸਿੰਘ ਭੁੱਲੜ

        ਸੁਰਜੀਤ ਪੁਰਾ ਬਠਿੰਡਾ

        9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕੁਦਰਤ ਦਾ ਕਹਿਰ: ਭਿਆਨਕ ਹੜ੍ਹ ਅਤੇ ਜ਼ਮੀਨ ਖਿਸਕਣ ਨੇ ਮਚਾਈ ਤਬਾਹੀ, 47 ਲੋਕਾਂ ਦੀ ਮੌਤ; ਕਈ ਘਰ ਤਬਾਹ ਹੋ ਗਏ
Next articleਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦੇਹਾਂਤ, ਫਿਲਮ ਇੰਡਸਟਰੀ ‘ਚ ਸੋਗ