(ਸਮਾਜ ਵੀਕਲੀ)
ਉਹ ਚਾਰੇ ਬਚਪਨ ਵੇਲੇ ਤੋਂ ਦੋਸਤ ਬਣੇ ਸਨ। ਜੋ ਜਵਾਨੀ ‘ਚ ਪੈਰ ਪਸਾਰ ਚੁੱਕੇ ਸਨ। ਉਹ ਸੀ ਵੀ (ਸਮਾਜ ਮੁਤਾਬਿਕ) ਵੱਖ ਵੱਖ ਧਰਮਾਂ ਨਾਲ ਸੰਬੰਧਤ। ਕੁਦਰਤੀ ਉਹਨਾਂ ਦੇ ਧਰਮਾਂ ਦੇ ਚਾਰੇ ਅਸਥਾਨ ਸ੍ਰੀ ਗੁਰੂਦੁਆਰਾ ਸਾਹਿਬ, ਮਸੀਤ, ਮੰਦਰ ਤੇ ਗਿਰਝਾ ਘਰ (ਚਰਚ) ਬਣੇ ਹੋਏ ਸਨ। ਪਿੰਡ ਦੇ ਲੋਕ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਸਨ। ਪਿੰਡ ‘ਚ ਸਾਂਤੀ ਬਣੀ ਹੋਈ ਸੀ।
ਚਾਰੋਂ ‘ਚੋਂ ਕਿਸੇ ਵੀ ਇੱਕ ਧਾਰਮਿਕ ਸਥਾਨ ‘ਤੇ ਲੰਗਰ, ਸਾਲਾਨਾ ਭੰਡਾਰਾ ਜਾਂ ਹੋਰ ਵੀ ਕੋਈ ਸਮਾਗਮ ਹੋਣਾ। ਉਹਨਾਂ ਚਾਰਾਂ ਨੇ ਵੱਧ ਚੜ੍ਹਕੇ ਭਾਗ ਲੈ ਉਹਨੇਂ ਦਿਨ ਉਥੇ ਹੀ ਰਹਿ ਸੇਵਾ ਸੰਭਾਲ ਕਰਨੀ। ਕੀ ਮਜ਼ਾਲ ਕੋਈ ਸ਼ਰਾਰਤੀ ਅਨਸਰ ਗਲਤ ਕਦਮ ਚੁੱਕਣ ਦੀ ਜ਼ੁਹਰੱਤ ਕਰੇ। ਪਿੰਡ ਦੀ ਮੁੰਡੀਰ ਔਖੀ ਰਹਿੰਦੀ ਸੀ ਤੇ ਧਰਮ ਦੇ ਅਖੌਤੀ ਪ੍ਰਚਾਰਕਾਂ ਭੋਲੀ ਭਾਲੀ ਜਨਤਾ ਨੂੰ ਕੁਰਾਹੇ ਪਾ ਕੇ ਵੋਟਾਂ ਵਟੋਰਣ ਲਈ ਤੱਤਪਰ ਰਹਿੰਦੇ ਸਨ।
ਉਹਨਾਂ ਨੇ ਆਪਣੇ ਕੰਮ ਕਾਜ ਨਬੇੜਕੇ ਦੁਪਹਿਰੇ ਸੱਥ(ਹਥਾਈ) ‘ਚ ਤਖਤਪੋਸ਼ ‘ਤੇ ਤਾਸ਼ ਖੇਡਣ ਬੈਠ ਜਾਣਾ। ਵਾਹ ਲੱਗਦੀ ਕਿਸੇ ਨੂੰ ਵੀ ਕੋਲ ਨਾ ਬੈਠਣ ਦੇਣਾ। ਪੁੱਛਣ ‘ਤੇ ਤਰਕ ਦੇਣਾ ਕਿ,’ ਬਾਹਰਲਾ ਵਿਅਕਤੀ (ਤਾਕਤ) ਫਿੱਕ ਪੁਵਾ ਦਿੰਦਾ ਹੈ।’ ਹੱਸ ਖੇਡ ਕੇ ਕੱਲ੍ਹ ਮਿਲਣ ਦਾ ਵਾਅਦਾ ਕਰਕੇ ਤਰਕਾਲਾਂ ਨੂੰ ਚਲੇ ਜਾਣਾ। ਇਸ ਯਾਰੀ ਦੀ ਨੇੜਲੇ ਪਿੰਡਾਂ ‘ਚ ਧਾਂਕ ਪੂਰੀ ਤਰ੍ਹਾਂ ਸੀ ਕਿ ਇਹ ਵੱਖ ਨਹੀਂ ਹੁੰਦੇ।
ਕੁੱਝ ਚੱਕਵੇਂ ਮੁੰਡਿਆਂ, ਸ਼ਰਾਰਤੀ ਧਾਰਮਿਕ ਆਗੂਆਂ ਤੇ ਘੁਡੰਮ ਚੌਧਰੀਆਂ ਨੇ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕਿਆ। ਵਾਰੀ ਵਾਰੀ ਹਰੇਕ ਧਾਰਮਿਕ ਸਥਾਨ ‘ਤੇ ਇਕੱਠ ਕਰਕੇ ਵੱਡੇ ਲੀਡਰਾਂ ਨੂੰ ਸੱਦਿਆ ਜਾਵੇਗਾ। ਸਮਝ ਉਹ ਵੀ ਗਏ ।
ਸਮੇਂ ਮੁਤਾਬਿਕ ਹਰੇਕ ਧਾਰਮਿਕ ਸਥਾਨ ਲੰਗਰ ਪਾਣੀ ਚੱਲੇ। ਇੱਕ ਦੂਜੇ ਦੇ ਧਰਮਾਂ ਖ਼ਿਲਾਫ ਕੂੜ ਪ੍ਰਚਾਰ ਕੀਤਾ ਗਿਆ। ਲੋਕਾਂ ਦੇ ਮਨਾਂ ਅੰਦਰ ਨਫ਼ਰਤ ਦੇ ਬੀਅ ਬੋਏ ਜਾਣ ਲੱਗੇ। ਪਰ ਉਹ ਕਿਸੇ ਵੀ ਸਮਾਗਮ ‘ਚ ਨਾ ਗਏ ਆਪਣੇ ਆਪਣੇ ਘਰ ਰਹੇ।
ਕਈ ਦਿਨਾਂ ਬਾਅਦ ਜਦ ਉਹ ਫਿਰ ਤਾਸ਼ ਖੇਡਣ ਬੈਠੇ ਤਾਂ ਜਿਹਨੇ ਮੂੰਹ ਉਹਨੀਆਂ ਗੱਲਾਂ। ਹਾਜ਼ਰ ਬਜ਼ੁਰਗਾਂ ਤੇ ਮੋਹਤਬਰ ਲੋਕਾਂ ਨੇ ਸਵਾਲ ਦਾਗਣੇ ਸ਼ੁਰੂ ਕਰ ਦਿੱਤੇ ਕਿ, ‘ ਤੁਸੀਂ ਕਿਹੜੇ ਧਰਮ ਦੇ ਧਾਰਨੀ ਹੋ ਕਿਤੇ ਵੀ ਨਜ਼ਰੀਂ ਨਹੀਂ ਆਏ। ‘ ਉਹਨਾਂ ਨੇ ਸਲਾਹ ਮਸ਼ਵਰਾ ਕਰਕੇ ਜੋ ਜਵਾਬ ਦਿੱਤਾ ਸਾਰੇ ਹੀ ਦੰਗ ਪਰੇਸ਼ਾਨ ਰਹਿ ਗਏ।
ਸਾਡੇ ਵਿੱਚ ਇਨਸਾਨੀਅਤ ਦੀ ਦੋਸਤੀ ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਹਮੇਸ਼ਾ, ਰਹੇਗੀ ਵੀ। ਚਾਰੇ ਠਹਾਕਾ ਮਾਰ ਕੇ ਹੱਸਦੇ ਗੁਣਗੁਣਾਂਦੇ ਯੇ ਦੋਸਤੀ ਕਦੇ ਵੀ ਨਹੀਂ ਟੂਟੇਗੀ । ਅੱਖਾਂ ਤੋਂ ਉਹਲੇ ਹੋ ਗਏ,,,,,,,।
ਗੁਰਮੀਤ ਸਿੰਘ ਸਿੱਧੂ
ਕਾਨੂੰਗੋ ਗਲੀ ਨੰਬਰ
11ਸੱਜੇ ਡੋਗਰ ਬਸਤੀ ਫਰੀਦਕੋਟ।
81465 93089
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly