(ਸਮਾਜ ਵੀਕਲੀ)
ਬਸੰਤ ਪੰਚਮ ਨੂੰ ਅਸਮਾਨ ਵਿੱਚ ਉੱਠਦੇ ਰੰਗ ਬਰੰਗੇ ਪਤੰਗ ਵੇਖ ਰਮਨ ਦੇ ਦਿਲ ਵਿੱਚ ਵੀ ਪਤੰਗ ਉਡਾਉਣ ਦੀ ਰੀਝ ਉੱਸਲਵੱਟੇ ਲੈਣ ਲੱਗੀ ।ਰਮਨ ਦੇ ਮੰਮੀ ਨੇ ਉਸ ਨੂੰ ਪਤੰਗ ਲਿਆਉਣ ਲਈ ਪੈਸੇ ਦੇ ਦਿੱਤੇ ਪਰ ਚਾਈਨਾ ਡੋਰ ਖਰੀਦਣ ਤੋਂ ਮਨਾ ਕਰ ਦਿੱਤਾ ।ਰਮਨ ਦੀ ਦਲੀਲ ਸੀ ਕਿ ਉਸਦੀ ਪਤੰਗ ਸਾਧਾਰਨ ਡੋਰ ਨਾਲ ਛੇਤੀ ਹੀ ਕੱਟ ਜਾਵੇਗੀ।ਇਸ ਲਈ ਉਹ ਚਾਈਨਾ ਡੋਰ ਲੈਣ ਦੀ ਜ਼ਿਦ ਕਰਨ ਲੱਗਾ।
ਉਹਨਾਂ ਦੇ ਵਿਹੜੇ ਵਿੱਚ ਅੰਬ ਦਾ ਬਹੁਤ ਵੱਡਾ ਰੁੱਖ ਹੈ।ਰਮਨ ਰੋਜ਼ ਪੰਛੀਆਂ ਨੂੰ ਪਾਣੀ ਤੇ ਚੋਗਾ ਪਾਉਂਦਾ ਹੈ ।ਪੰਛੀਆਂ ਨੂੰ ਚੋਗਾ ਚੁਗਦੇ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ।ਅੱਜ ਉਹ ਪੰਛੀਆਂ ਨੂੰ ਰੋਟੀ ਦੇ ਛੋਟੇ ਛੋਟੇ ਟੁਕੜੇ ਕਰ ਕੇ ਪਾ ਰਿਹਾ ਸੀ, ਅਚਾਨਕ ਇੱਕ ਕਬੂਤਰ ਵਿਹੜੇ ਵਿੱਚ ਆ ਡਿੱਗਿਆ ।ਉਸਨੇ ਤੜਫਦੇ ਕਬੂਤਰ ਨੂੰ ਹੌਂਸਲਾ ਕਰ ਕੇ ਚੁੱਕ ਲਿਆ ।ਕਬੂਤਰ ਦੇ ਪੈਰਾਂ ਵਿੱਚ ਤੇ ਖੰਭਾਂ ਵਿੱਚ ਡੋਰ ਫਸੀ ਹੋਈ ਸੀ।ਕਬੂਤਰ ਦੇ ਤੜਫਣ ਨਾਲ ਡੋਰ ਉਸ ਨੂੰ ਵਧੇਰੇ ਜ਼ਖਮੀ ਕਰ ਰਹੀ ਸੀ।ਰਮਨ ਨੇ ਮੰਮੀ ਦੀ ਮੱਦਦ ਨਾਲ ਡੋਰ ਕੱਟੀ ਤੇ ਕਬੂਤਰ ਨੂੰ ਪਾਣੀ ਪਿਲਾਇਆ ।ਉਸਦੇ ਜ਼ਖਮ ਬਹੁਤ ਡੂੰਘੇ ਸਨ।ਉਸਦੇ ਮੰਮੀ ਨੇ ਕਬੂਤਰ ਦੇ ਜ਼ਖਮਾਂ ਤੇ ਦਵਾਈ ਲਾਈ।ਕਬੂਤਰ ਦੀਆਂ ਅੱਖਾਂ ਵਿੱਚ ਦਰਦ ਦੇ ਹੰਝੂ ਵੇਖ ਕੇ ਰਮਨ ਨੇ ਕਿਹਾ,’ਮੈਂ ਪਤੰਗ ਤੇ ਚਾਈਨਾ ਡੋਰ ਨਹੀਂ ਲਵਾਂਗਾ।ਮੰਮੀ, ਆਹ ਲਵੋ ਪੈਸੇ ।ਚਲੋ ਕਬੂਤਰ ਨੂੰ ਡਾਕਟਰ ਕੋਲ ਲੈ ਚੱਲੀਏ ।”
ਅਮਰਜੀਤ ਕੌਰ ਮੋਰਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly