(ਸਮਾਜ ਵੀਕਲੀ)
ਭਾਰਤੀ ਲੋਕਾ ਦਾ ਵਿਦੇਸ਼ਾਂ ਵਿੱਚ ਜਾ ਕੇ ਵੱਸਣ ਦਾ ਰੁਝਾਨ ਦਿਨੋ-ਦਿਨ ਵੱਧ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਿਕ 2022 ਵਿੱਚ ਕਰੀਬ 1.83 ਲੱਖ ਲੋਕਾਂ ਨੇ ਭਾਰਤ ਦੀ ਨਾਗਰਿਕਤਾ ਛੱਡ ਦਿੱਤੀ ਹੈ।ਪੰਜਾਬ ਦਾ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਿਹਾ ਹੈ । ਕਿਸੇ ਲਈ ਆਪਣਾ ਘਰ-ਬਾਰ ਛੱਡਣਾ ਸੌਖਾ ਨਹੀਂ ਹੁੰਦਾ, ਪਰ ਅਨੇਕਾਂ ਮਜਬੂਰੀਆਂ ਕਰਕੇ ਹੀ ਉਸਨੂੰ ਆਪਣੀ ਧਰਤੀ ਤੋਂ ਵੱਖ ਹੋਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਚੰਗੇ ਕਾਰੋਬਾਰਾਂ ਵਾਲੇ ਪਰਿਵਾਰ ਵੀ ਪੰਜਾਬ ਛੱਡਣ ਦੀ ਤਿਆਰੀ ਕਰ ਰਹੇ ਹਨ । ਲੋਕ ਜ਼ਮੀਨ ਜਾਇਦਾਦ, ਘਰ-ਬਾਰ ਵੇਚ ਕੇ ਪਰਿਵਾਰ ਸਮੇਤ ਵਿਦੇਸ਼ਾਂ ਵਿਚ ਵੱਸਣ ਜਾ ਰਹੇ ਹਨ ।
ਪੰਜਾਬ ਵਿੱਚ ਅਪਰਾਧਕ ਘਟਨਾਵਾਂ ਦਾ ਨਾ ਰੁੱਕਣਾ ਵੱਡੀ ਚਿੰਤਾ ਵਾਲੀ ਗੱਲ ਹੈ। ਸਿੱਧੂ ਮੂਸੇਵਾਲਾ ਦੇ ਦਿਨ ਦਿਹਾੜੇ ਕਤਲ ਤੋਂ ਬਾਅਦ ਪੰਜਾਬ ਵਿੱਚ ਅਜਿਹੇ ਅਪਰਾਧ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸੂਬੇ ਅੰਦਰ ਅਪਰਾਧੀਆਂ , ਲੁਟੇਰਿਆਂ ਖਾਸ ਤੌਰ ਤੇ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਵਰਗੀਆਂ ਵਾਰਦਾਤਾਂ ਦਾ ਵੱਧਣਾ ਕਾਨੂੰਨ ਵਿਵਸਥਾ ਲਈ ਠੀਕ ਨਹੀਂ ਹੈ। ਮਜਬੂਰੀਵੱਸ ਲੋਕ ਆਪਣੇ ਬੱਚਿਆਂ ਨੂੰ ਬਾਰ੍ਹਵੀਂ ਤੋਂ ਬਾਅਦ ਵਿਦੇਸ਼ ਭੇਜ ਰਹੇ ਹਨ । ਇਕ ਤਾਜ਼ਾ ਰਿਪੋਰਟ ਮੁਤਾਬਕ ਸੂਬੇ ਵਿੱਚ 75 ਲੱਖ ਤੋਂ ਵਧੇਰੇ ਲੋਕਾਂ ਕੋਲ ਪਾਸਪੋਰਟ ਹੈ। ਪਾਸਪੋਰਟ ਦਫ਼ਤਰਾਂ ਦੇ ਬਾਹਰ ਨੌਜਵਾਨਾਂ ਦੀ ਲੰਮੀਆਂ ਲੰਮੀਆਂ ਕਤਾਰਾਂ ਆਮ ਦੇਖਣ ਨੂੰ ਮਿਲਦੀਆਂ ਹਨ । ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਪਰਵਾਸ ਦਾ ਮੁੱਖ ਕਾਰਨ ਹੈ।ਮਾਂ ਬਾਪ ਕਰਜ਼ਈ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਨ ।
ਕੋਈ ਸਮਾਂ ਹੁੰਦਾ ਸੀ ਜਦੋਂ ਸਰਕਾਰੀ ਮੁਲਾਜ਼ਮ ਹੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਾਈ ਲਈ ਭੇਜਦੇ ਸਨ । ਵਿਦੇਸ਼ੀ ਪੜਾਈ ਕਰਕੇ ਫਿਰ ਉਹ ਵਾਪਿਸ ਪੰਜਾਬ ਆ ਕੇ ਆਪਣੀ ਧਰਤੀ ਤੇ ਹੀ ਨੌਕਰੀ ਕਰਦੇ ਸਨ।ਅੱਜ ਸਮਾਂ ਇਹ ਹੈ ਕਿ ਜੋ ਇਕ ਵਾਰ ਵਿਦੇਸ਼ ਚਲਾ ਗਿਆ ਉਹ ਵਾਪਸ ਮੁੜ ਕੇ ਨਹੀਂ ਆਉਂਦਾ।ਹੁਣ ਤਾਂ ਪਿੰਡਾਂ ਦੇ ਲੋਕ ਵੀ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿਚ ਭੇਜਦੇ ਹਨ । ਫਿਰ ਪਿੱਛੋਂ ਉਹ ਮਾਂ ਬਾਪ ਬੈਂਕ ਦੀਆਂ ਕਿਸ਼ਤਾਂ ਭਰਦੇ ਹਨ ।ਸਮੇਂ ਸਿਰ ਕਰਜ਼ਾ ਨਾ ਉਤਾਰਨ ਕਰਕੇ ਉਹੀ ਪਿਓ ਖ਼ੁਦਕੁਸ਼ੀ ਕਰ ਲੈਂਦਾ ਹੈ। ਪੰਜਾਬ ‘ਚ ਹਜ਼ਾਰਾਂ ਨੌਜਵਾਨ ਆਈਲੈਟਸ ਟੈਸਟ ਦੇ ਰਹੇ ਹਨ। ਪਹਿਲਾਂ ਆਈਲੈਟਸ ਸੈਂਟਰਾਂ ਦੀ ਫੀਸ ਭਰਦੇ ਹਨ, ਫਿਰ ਵਿਦੇਸ਼ਾਂ ਵਿੱਚ ਵਧੀਆ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਦਾਖ਼ਲੇ ਲਈ ਲੱਖਾਂ ਰੁਪਏ ਫੀਸ ਭਰਨ ਲਈ ਮਜ਼ਬੂਰ ਹੁੰਦੇ ਹਨ।
ਮਾਂ ਬਾਪ ਨੂੰ ਹਮੇਸ਼ਾ ਫ਼ਿਕਰ ਰਹਿੰਦਾ ਹੈ ਕਿ ਉਹਨਾਂ ਦਾ ਧੀ -ਪੁੱਤ ਕਿਤੇ ਨਸ਼ਿਆਂ ਦਾ ਸ਼ਿਕਾਰ ਨਾ ਹੋ ਜਾਏ।ਚਾਹਵਾਨਾਂ ਵਲੋਂ ਵਿਦੇਸ਼ਾਂ ਵਿੱਚ ਆਪਣੇ ਵਧੀਆ ਕਾਰੋਬਾਰ ਲਈ ਇਹੋ ਜਿਹਾ ਬਹੁਤ ਕੁੱਝ ਕੀਤਾ ਜਾ ਰਿਹਾ ਹੈ। ਜਿਸ ਦਾ ਸਿੱਧਾ ਅਸਰ ਪੰਜਾਬ ਦੀ ਆਰਥਿਕਤਾ ਤੇ ਸਾਫ਼ ਦਿਖਾਈ ਦੇ ਰਿਹਾ ਹੈ। ਜਿਨ੍ਹਾਂ ਪਰਿਵਾਰਾਂ ਦੀ ਚੰਗੀ ਜਾਣ-ਪਛਾਣ ਹੈ ,ਸੂਬੇ ਵਿੱਚ ਚੰਗੇ ਕਾਰੋਬਾਰ , ਬਿਜ਼ਨਸ ਮੈਨ ਤੇ ਵੱਡੇ-ਵੱਡੇ ਸ਼ੋਰੂਮ ਹਨ, ਉਹ ਵਿਦੇਸ਼ ਵਸਣ ਨੂੰ ਤਰਜੀਹ ਦੇਣ ਲੱਗ ਪਏ ਹਨ ।ਦੋ ਨੰਬਰ ਵਿੱਚ ਵਿਦੇਸ਼ ਜਾਣ ਕਾਰਨ ਕਈ ਅਜਿਹੇ ਬੱਚੇ ਉਹਨਾਂ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ। ਜਾਂ ਫ਼ਿਰ ਉਥੇ ਖੱਜਲ-ਖੁਆਰ ਹੋ ਕੇ ਫ਼ਿਰ ਇਹੀ ਬੱਚੇ ਆਪਣੇ ਘਰ ਨੂੰ ਖ਼ਾਲੀ ਹੱਥ ਵਾਪਸ ਆਉਂਦੇ ਹਨ। ਬੱਚਿਆਂ ਨੂੰ ਉਚੇਰੀ ਸਿੱਖਿਆ ਤੇ ਵਧੀਆ ਰੁਜ਼ਗਾਰ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ।
ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਪਰਵਾਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ‘ਚ ਹੀ ਵਧੀਆ ਸਨਅਤੀ ਨੀਤੀ ਬਣਾਉਣੀ ਚਾਹੀਦੀ ਹੈ ,ਤਾਂ ਕਿ ਵੱਧ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਯੋਗਤਾ ਦੇ ਮੁਤਾਬਕ ਰੁਜ਼ਗਾਰ ਮਿਲ ਸਕੇ । ਫਿਰ ਵਿਦੇਸ਼ ਜਾਣ ਦੀ ਬਜਾਏ ਨੌਜਵਾਨ ਇਥੇ ਆਪਣਾ ਵਧੀਆ ਭਵਿੱਖ ਬਣਾ ਸਕਣਗੇ।
ਸੰਜੀਵ ਸਿੰਘ ਸੈਣੀ
ਮੋਹਾਲੀ 7888966168