ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਸਿੱਖਿਆ ਵੱਲੋਂ ਪੰਜਾਬ ਚ ਅੱਠਵੀਂ ਜਮਾਤ ਤੱਕ ਦੇ ਲਗਭਗ 400 ਮਿਡਲ ਸਕੂਲਾਂ ਨੂੰ ਹਾਈ ਦੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਮਰਜ ਕਰਨ ਦੀ ਨੀਤੀ ਤਿਆਰ ਕੀਤੀ ਜਾ ਰਹੀ ਹੈ ਜਿਸ ਦਾ ਸਾਂਝਾ ਅਧਿਆਪਕ ਮੋਰਚੇ ਵਲੋਂ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਂਝਾ ਅਧਿਆਪਕ ਮੋਰਚਾ ਜ਼ਿਲਾ ਕਪੂਰਥਲਾ ਦੇ ਆਗੂਆਂ ਸੁਖਚੈਨ ਸਿੰਘ ਬੱਧਣ, ਸੁਖਦਿਆਲ ਸਿੰਘ ਝੰਡ, ਮਾਸਟਰ ਨਰੇਸ਼ ਕੋਹਲੀ , ਅਤੇ ਰਸ਼ਪਾਲ ਸਿੰਘ ਵੜੈਚ ਆਦਿ ਨੇ ਦੱਸਿਆ ਕਿ ਇਸ ਨੀਤੀ ਅਧੀਨ ਮਿਡਲ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਦੂਰ ਦੁਰਾਡੇ ਸਕੂਲਾਂ ਚ ਜਾਣਾ ਪਵੇਗਾ ਅਤੇ ਜੋ ਕਿ ਬੱਚਿਆਂ ਲਈ ਬਹੁਤ ਮੁਸ਼ਕਿਲ ਹੈ ।ਉਹਨਾਂ ਨੇ ਕਿਹਾ ਕਿ ਮਿਡਲ ਸਕੂਲਾਂ ਨੂੰ ਮਰਜ ਕਰਨ ਦੇ ਨਾਲ ਨਾਲ ਮਾਸਟਰ ਕੇਡਰ ਦੀਆਂ ਵੱਖ-ਵੱਖ ਅਸਾਮੀਆਂ ਖਤਮ ਹੋ ਜਾਣਗੀਆਂ। ਸਕੂਲਾਂ ਚ ਸੇਵਾ ਨਿਭਾ ਰਹੇ ਅਧਿਆਪਕਾਂ ਦਾ ਭਵਿੱਖ ਮੁਸੀਬਤਾਂ ਵਿੱਚ ਫਸ ਜਾਵੇਗਾ ਤੇ ਨਾਲ ਹੀ ਨਵੀਆਂ ਹੋਣ ਵਾਲੀਆਂ ਭਰਤੀਆਂ ਦੇ ਬੁਰਾ ਅਸਰ ਪਵੇਗਾ ।ਉਹਨਾਂ ਨੇ ਸਮੂਹ ਅਧਿਆਪਕਾਂ ਨੂੰ ਇਸ ਨੀਤੀ ਦਾ ਵਿਰੋਧ ਕਰਨ ਅਤੇ ਸੰਘਰਸ਼ ਲਈ ਲਾਮਬੰਦ ਕੀਤਾ। ਉਨ੍ਹਾਂ ਨੇ ਇਸ ਮੌਕੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਨੀਤੀ ਨੂੰ ਤਰੁੰਤ ਵਾਪਸ ਲਿਆ ਜਾਵੇ।