ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਸਟੇਟ ਐਵਾਰਡੀ ਲੈਕਚਰਾਰ ਰੋਸ਼ਨ ਖੈੜਾ ਨੇ ਆਪਣੇ ਪੋਤਰੇ ਨੂੰ ਸਰਕਾਰੀ ਸਕੂਲ ਖੈੜਾ ਦੋਨਾਂ ਵਿੱਚ ਕਰਵਾਇਆ ਦਾਖ਼ਲ
ਮੈਨੂੰ ਖੁਸ਼ੀ ਹੈ ਕਿ ਮੇਰੀ ਤੀਸਰੀ ਪੀੜ੍ਹੀ ਵੀ ਆਪਣੀਆਂ ਵਿਰਾਸਤੀ ਸੰਸਥਾ ਦੀ ਵਿਦਿਆਰਥੀ ਬਣ ਰਹੀ ਹੈ- ਰੋਸ਼ਨ ਖੈੜਾ
ਕਪੂਰਥਲਾ, (ਕੌੜਾ)- ਸਿੱਖਿਆ ਵਿਭਾਗ ਸਕੂਲਜ਼ ਵਲੋਂ ਪ੍ਰਾਇਮਰੀ ਸਕੂਲਾਂ ਚ ਸ਼ੁਰੂ ਕੀਤੀਆਂ ਨਰਸਰੀ ਕਲਾਸਾਂ ਨੂੰ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਸਰਕਾਰੀ ਐਲੀਮੈਂਟਰੀ ਸਕੂਲ ਖੈੜਾ ਦੋਨਾ ਵਿਖੇ ਸੇਵਾ ਮੁਕਤ ਲੈਕਚਰਾਰ ਰੌਸ਼ਨ ਖੈੜਾ ਸਟੇਟ ਐਵਾਰਡੀ ਆਪਣੇ ਚਾਰ ਸਾਲਾ ਪੋਤਰੇ ਰਵਿਸ਼ ਕੁਮਾਰ ਮੋਦਗਿੱਲ ਨੂੰ ਆਪਣੇ ਪਰਿਵਾਰ ਸਮੇਤ ” ਮੇਰਾ ਸਕੂਲ ਮੇਰਾ ਵਿਸ਼ਵਾਸ” ਮੁਹਿੰਮ ਤਹਿਤ ਦਾਖਲ ਕਰਵਾਉਣ ਪਹੁੰਚੇ। ਦਾਖਲਾ ਮੁਹਿੰਮ ਦੇ ਸਮਾਗਮ ਚ ਬਤੌਰ ਮੁੱਖ ਮਹਿਮਾਨ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਨੇ ਦਾਖਲਾ ਕਰਵਾਉਣ ਆਏ ਮਾਪਿਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਰੌਸ਼ਨ ਖੈੜਾ ਇਸ ਸਕੂਲ ਦੇ ਵਿਦਿਆਰਥੀ ਹੀ ਨਹੀਂ ਰਹੇ ਬਲਕਿ ਸਿੱਖਿਆ ਵਿਭਾਗ ਚ ਕੀਤੀਆਂ ਲਾਸਾਨੀਆ ਪ੍ਰਾਪਤੀਆਂ ਦਾ ਸਦਕਾ ਚਮਕਦੇ ਸਿਤਾਰੇ ਵੀ ਰਹੇ ਹਨ ,

ਹਰ ਸਕੂਲ ਦਾ ਰਿਹਾ ਚਮਕਦਾ ਸਿਤਾਰਾ ਜਦੋਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਚ ਦਾਖਲ ਕਰਵਾਉਂਦਾ ਹੈ ਤਾਂ ਉਹ ਇਸ ਗੱਲ ਦਾ ਧਾਰਨੀ ਬਣਦਾ ਹੈ ਕਿ ਮੇਰਾ ਸਕੂਲ ਹੀ ਮੇਰਾ ਵਿਸ਼ਵਾਸ ਹੈ। ਉਨ੍ਹਾਂ ਪ੍ਰਾਇਮਰੀ ਸਕੂਲਾਂ ‘ ‘ਚ ਸਮਰਪਿਤ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਸਰਕਾਰੀ ਸਕੂਲਾਂ ‘ਚ ਬੱਚਿਆਂ ਦਾ ਬਚਪਨ ਜਿਉਂਦਾ ਹੈ, ਜਿੱਥੇ ਬੱਚੇ ਖੇਡ ਖੇਡ ‘ਚ ਹੀ ਸਿੱਖਦੇ ਹਨ ਜਦਕਿ ਨਿੱਜੀ ਸਕੂਲਾਂ ‘ਚ ਠੋਸੇ ਗਏ ਨਜਾਇਜ਼ ਅਨੁਸ਼ਾਸਨ ਨਾਲ ਬੱਚੇ ਰਾ- ਤੋਤੇ ਤਾਂ ਬਣ ਜਾਂਦੇ ਹਨ। ਪਰ ਬਚਪਨ ਵੀ ਗੁਵਾ ਲੈਂਦੇ ਹਨ। ਇਸ ਮੌਕੇ ਸੈਂਟਰ ਹੈੱਡ ਟੀਚਰ ਅਜੀਤ ਸਿੰਘ ਨੇ ਕਿਹਾ ਕਿ ਸਾਡੇ ਇਸ ਸਕੂਲ ਚ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਹ ਸਾਰੀਆਂ ਸਹੂਲਤਾਂ ਹਨ ਜੋ ਨਿੱਜੀ ਸਕੂਲਾਂ ਚ ਵੀ ਉਪਲਬਧ ਨਹੀਂ ਹੁੰਦੀਆਂ। ਰੌਸ਼ਨ ਖੈੜਾ ਜਿੱਥੇ ਸਾਡੀ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ ਉਥੇ ਸਕੂਲ ਦੇ ਸਰਵਪੱਖੀ ਵਿਕਾਸ ਲਈ ਹਰ ਸੰਭਵ ਸਹਾਇਤਾ ਵੀ ਕਰਦੇ ਹਨ। ਨਰਸਰੀ ਕਲਾਸ ਨੂੰ ਪੜਾਉਣ ਲਈ ਰਵਿਸ਼ ਕੁਮਾਰ ਮੋਦਗਿੱਲ ਦੀ ਮਾਤਾ ਮਨੀਸ਼ਾ ਮੋਦਗਿੱਲ ਮੁਫ਼ਤ ਸੇਵਾਵਾਂ ਦੇਣਗੇ।ਇਸ ਮੌਕੇ ਰੌਸ਼ਨ ਖੈੜਾ ਨੇ ਕਿਹਾ ਕਿ ਮੇਰੀ ਪੋਸਟ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਸਰਕਾਰੀ ਸੰਸਥਾਵਾਂ ਦੀ ਹੀ ਰਹੀ ਹੈ ਅਤੇ ਮੇਰੇ ਬੱਚੇ ਵੀ ਇਸੇ ਸਕੂਲ ਤੋਂ ਅੱਗੇ ਵਧੇ ਹਨ, ਹੁਣ ਮੇਰੀ ਤੀਸਰੀ ਪੀੜ੍ਹੀ ਵੀ ਆਪਣਿਆਂ ਵਿਰਾਸਤੀ ਸੰਸਥਾਂ ਦੀ ਵਿਦਿਆਰਥੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਇਮਰੀ ਸਕੂਲ ਦਾ ਮਿਹਨਤੀ ਸਟਾਫ ਅਤੇ ਸਕੂਲ ਦਾ ਵਾਤਾਵਰਨ ਬਹੁਤ ਹੀ ਆਧੁਨਿਕ ਸਹੂਲਤਾਂ ਵਾਲਾਂ ਹੈ। ਇਸ ਮੌਕੇ ਸੁਨੀਤਾ ਰਾਣੀ,ਲਵਿਸ਼ ਕੁਮਾਰ ਸ਼ਰਮਾਂ,ਸੈਂਟਰ ਹੈੱਡ ਟੀਚਰ ਸੰਤੋਖ ਮੱਲ੍ਹੀ, ਹਰਜਿੰਦਰ ਹੈਰੀ , ਸੀ ਐਚ ਟੀ ਅਸ਼ਨਾ ਜੋਸੀ ਅਤੇ ਪੀ ਲਾਲ ਨੇ ਆਪਣੇ ਜ਼ਿੰਦਗੀ ਦੇ ਅਨੁਭਵਾਂ ਨੂੰ ਸਾਂਝਾਂ ਕੀਤਾ ।