(ਸਮਾਜ ਵੀਕਲੀ)
ਪਿੰਡਾਂ ਵਿੱਚ ਹੁਣ ਕੋਈ ਮਦਾਰੀ ਲੱਭਦੇ ਨਾ,ਡੁੱਗ-ਡੁੱਗ ਕਰਦੇ ਹੁਣ ਕੋਈ ਡੰਮਰੂ ਵੱਜਦੇ ਨਾ।
ਨਾ ਸਪੇਰੇ ਲੈ ਕੇ ਆਉਂਦੇ ਬੀਨਾਂ ਨੂੰ,ਸੱਪ ਹੁਣ ਕੋਈ ਟੋਕਰੀਆਂ ਵਿੱਚੋਂ ਭੱਜਦੇ ਨਾ।
ਬਾਂਦਰ-ਬਾਂਦਰੀ ਵਾਲਾ ਤਮਾਸ਼ਾ ਭੁੱਲ ਗਏ, ਡੰਮਰੂ-ਡੰਡੇ ਨਾਲ ਨੱਥੂ ਹੋਣੀ ਨੱਚਦੇ ਨਾ।
ਬਾਜ਼ੀਗਰ ਹੁਣ ਕੋਈ ਬਾਜ਼ੀਆਂ ਪਉਂਦਾ ਨਾ, ਢੋਲ ਉੱਤੇ ਹੁਣ ਕੋਈ ਜਵਾਨੀ ਨੱਚਦੀ ਨਾ।
ਹਾਥੀ ਵੇਖਿਆ ਪਿੰਡ ‘ਚੁ ਅਰਸੇ ਬੀਤ ਗਏ, ਟੋਲੀ ਬੱਚਿਆਂ ਦੀ ਹੁਣ ਪਿੱਛੇ ਨੱਸ਼ਦੀ ਨਾ।
ਨਾ ਕੋਈ ਰਿੱਛ ਨੂੰ ਲੈ ਕੇ ਆਉਂਦਾ ਪਿੰਡਾਂ ਵਿੱਚ,ਹੁਣ ਡਰ ਡਰ ਟੋਲੀ ਬੱਚਿਆਂ ਦੀ ਕੋਈ ਭੱਜਦੀ ਨਾ।
ਜਾਦੂਗਰ ਦਾ ਜਾਦੂ ਵੀ ਹੁਣ, ਵੇਖਿਆ ਨਹੀਂ, ਪਿੰਡਾਂ ਵਿੱਚ ਹੁਣ ਕੋਈ ਵੀ ਡੁਗ-ਡੁੱਗੀ ਵੱਜਦੀ ਨਾ।
ਬਾਰਾਂ ਮੱਣ੍ਹ ਦੀ ਧੋਬਣ ਪਿੰਡ ਵਿੱਚ ਆਉਂਦੀ ਨਾ,ਅੱਖਾਂ ਅੱਗੇ ਤਸਵੀਰ ਕੋਈ ਵੀ ਨੱਚਦੀ ਨਾ।
ਹੁਣ ਵਣਜਾਰੇ ਕਿੱਥੇ ਆਉਂਦੇ, ਗਲ਼ੀਆਂ ਵਿੱਚ,ਭੀੜ ਕੁੜੀਆਂ ਦੀ ਪਿੱਛੇ ਉਹਨਾਂ ਦੇ ਨੱਸ਼ਦੀ ਨਾ।
ਨਾ ਕੋਈ ਲੈ ਕੇ ਆਉਂਦਾ ਪਿੰਡ ਸਰਾਲਾਂ ਨੂੰ, ਗਲੀਆਂ ਵਿੱਚ ਹੁਣ ਕੋਈ ਵੀ ਰੌਣਕ ਲੱਗਦੀ ਨਾ।
ਛਿੰਝ ਅਖਾੜੇ, ਨਾ ਕੋਈ ਕੁਸ਼ਤੀ ਹੁੰਦੀ ਏ, ਸੱਥਾਂ ਵਿੱਚ ਹੁਣ ਕੋਈ ਵੀ ਰੌਣਕ ਜੱਚਦੀ ਨਾ।
ਗੁੱਡਾ-ਗੁੱਡੀ ਦਾ ਖੇਲ, ਵੀ ਕੋਈ ਵਿਖਾਉਂਦਾ ਨਾ, ਕੱਠਪੁਤਲੀ ਹੁਣ ਕੋਈ ਵੀ ਪਿੰਡਾਂ ‘ਚੁ ਨੱਚਦੀ ਨਾ,
ਨਾ ਡਰਾਮੇ ਹੁੰਦੇ ਸਾਂਝੀਆਂ ਥਾਵਾਂ ਤੇ, ਜੋਕਰ ਬਣ ਕੋਈ ਸ਼ੈਅ ਸਟੇਜੀਂ ਨੱਚਦੀ ਨਾ।
ਰਾਮ ਲੀਲਾ ਨਾ ਹੁੰਦੀ ਅੱਜ-ਕੱਲ੍ਹ ਪਿੰਡਾਂ ਵਿੱਚ, ਰਾਵਣ ਬਣ ਕੋਈ ਸ਼ੈਅ ਸੀਤਾਂ ਨੂੰ ਚੁੱਕਦੀ ਨਾ।
ਨਾ ਲਲਾਰੀ ਆਣ ਕੇ ਰੰਗਦਾ ਚੁੰਨੀਆਂ ਨੂੰ, ਬੀਬਾ ਹੁਣ ਕੋਈ ਚੁੰਨੀ ਦੁਬਾਰਾ ਰੰਗਦੀ ਨਾ।
ਭਾਂਡੇ ਕਲ੍ਹੀ ਕਰਾਉਣ ਦਾ ਹੋਕਾ ਸੁਣਿਆ ਨਾ,ਪਿੱਤਲ ਨੂੰ ਹੁਣ ਬੀਬਾ ਕੋਈ ਵੀ ਰੰਗਦੀ ਨਾ।
ਪੌੜ ਪਰਾਂਤਾਂ ਨੂੰ ਹੁਣ ਕੋਈ ਲਾਉਂਦਾ ਨਾ,ਅੰਗੀਠੀ ਹੁਣ ਕਿਸੇ ਵੀ ਘਰ ਵਿੱਚ ਧੁਖ਼ਦੀ ਨਾ।
ਟੱਲ੍ਹਾਂ ਵਾਲਾ ਸਾਧ ਨਾ ਆਉਂਦਾ ਪਿੰਡਾਂ ਵਿੱਚ,ਸੁਣ ਖੜਾਕਾ ਮੱਝ ਕਿਸੇ ਦੀ ਨੱਸ਼ਦੀ ਨਾ।
ਗੱਡੀ-ਲੁਹਾਰ ਨਾ,ਤਕਲੇ-ਚਿੰਮਟੇ ਵੇਚਣ ਹੁਣ, ਬੀਬੀ ਹੁਣ ਕੋਈ ਬੈਠ ਤ੍ਰਿੰਜਣੀ ਕੱਤਦੀ ਨਾ।
ਜੁਗਨੂੰਆਂ ਪਿੱਛੇ, ਬੱਚੇ ਰਾਤ ਨੂੰ ਭੱਜਦੇ ਨਾ, ਪਿੰਡਾਂ ਵਿੱਚ ਹੁਣ ਕਿਤੇ ਵੀ ਮੰਨੀ ਪੱਕਦੀ ਨਾ।
ਸੰਦੀਪ ਤਮਾਸ਼ੇ ਵੇਖ ਕੇ ਵੱਡਾ ਹੋਇਆ ਤੂੰ, ਝਲਕ ਇਹਨਾਂ ਦੀ ਅੱਖਾਂ ਅੱਗੋ ਨੱਸ਼ਦੀ ਨਾ।
ਜੇ ਤਮਾਸ਼ੇ ਕੱਢੀਏ ਪਿੰਡ ਦੀ ਰੂਹ ਵਿੱਚੋਂ, ਪਿੱਛੇ ਫਿਰ ਕੋਈ ਚੀਜ਼ ਵੀ ਚੰਗੀ,ਵਚਦੀ ਨਾ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ:- 98 15321017