ਮੇਲੇ ਦੇ ਆਗਾਜ਼ ਮੌਕੇ 7 ਨਵੰਬਰ ਦੀ ਸ਼ਾਮ ਚਿਤ੍ਰਕਲਾ, ਸਾਹਿਤ ਅਤੇ ‘ਫੁਲਵਾੜੀ ਸ਼ਤਾਬਦੀ’ ਦੇ ਨਾਮ

ਜਲੰਧਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਗ਼ਦਰੀ ਬਾਬਿਆਂ ਦੇ ਮੇਲੇ ਦਾ ਆਗਾਜ਼ ਇਸ ਵਾਰ ਹੋਰ ਵੀ ਇਤਿਹਾਸਕ, ਅਰਥਭਰਪੂਰ ਅਤੇ ਪੁਸਤਕ ਸਭਿਆਚਾਰ ਨੂੰ ਮਕਬੂਲ ਬਣਾਉਣ ਪੱਖੋਂ ਪ੍ਰਭਾਵਸ਼ਾਲੀ ਹੋਏਗਾ। ਇਹ ਖੁਸ਼ੀ ਸਾਂਝੀ ਕਰਦੇ ਹੋਏ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ 7 ਨਵੰਬਰ 2024 ਦੀ ਸ਼ਾਮ 2 ਵਜੇ ਦੇਸ਼ ਭਗਤ ਯਾਦਗਾਰ ਹਾਲ ਅੰਦਰ ਚਿਤ੍ਰ ਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਹੋਏਗਾ। ਇਹ ਪ੍ਰਦਰਸ਼ਨੀ ਇਤਿਹਾਸਕ ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਨੂੰ ਦਿਲਕਸ਼ ਅੰਦਾਜ਼ ਵਿਚ ਕੈਨਵਸ ਤੇ ਹੀ ਨਹੀਂ ਸਗੋਂ ਲੋਕ ਮਨਾਂ ਉਪਰ ਯਾਦਗਾਰੀ ਪ੍ਰਭਾਵ ਸਿਰਜੇਗੀ। ਇਸ ਪ੍ਰਦਰਸ਼ਨੀ ਵਿੱਚ ਗੁਰਦੀਸ਼, ਸਵਰਨਜੀਤ ਸਵੀ, ਗੁਰਪ੍ਰੀਤ ਬਠਿੰਡਾ, ਰਵਿੰਦਰ ਰਵੀ, ਇੰਦਰਜੀਤ ਆਰਟਿਸਟ ਜਲੰਧਰ, ਵਰੁਨ ਟੰਡਨ, ਰਣਜੋਧ ਲੁਧਿਆਣਾ, ਹਰਮੀਤ ਅੰਮ੍ਰਿਤਸਰ, ਇੰਦਰਜੀਤ ਮਾਨਸਾ ਆਦਿ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਵਿਜੈ ਬੰਬੇਲੀ ਵੱਲੋਂ ਨਿੱਘਾ ਬੁਲਾਵਾ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਇਹਨਾਂ ਚਿਤਰਕਾਰ ਅਤੇ ਫੋਟੋਕਾਰ ਸਨਮਾਨਿਤ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਮਾਣ ਮਹਿਸੂਸ ਕਰੇਗੀ। ਚਿਤਰ ਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਲਗਾਉਣ ਲਈ ਪੈਨਲ ਬੋਰਡ ਬਣਾਏ ਕੇ ਲੋੜਾਂ ਦੀ ਪੂਰਤੀ ਲਈ ਇਸ ਮੇਲੇ ਮੌਕੇ ਵਿਸ਼ੇਸ਼ ਅਤੇ ਢੁਕਵੇਂ ਉੱਦਮ ਜੁਟਾਉਣ ਲਈ ਜ਼ੋਰਦਾਰ ਤਿਆਰੀਆਂ ਚੱਲ ਰਹੀਆਂ ਹਨ। ਇਸ ਉਪਰੰਤ ਸ਼ਾਮ 4 ਵਜੇ ਸ਼ਹੀਦ ਕਰਤਾਰ ਸਿੰਘ ਸਰਾਭਾ ਮੰਚ ਵਾਲੀ ਘਾਹ ਪਾਰਕ ਵਿੱਚ ਵਿਸ਼ੇਸ਼ ਤੌਰ ਤੇ ਉਸਾਰੇ ਜਾ ਰਹੇ ਫਾਸ਼ੀਵਾਦ ਖ਼ਿਲਾਫ਼ ਜੂਝਣ ਦੇ ਚਿੰਨ੍ਹ ਜੂਲੀਅਸ ਫਿਊਚਿਕ ਪੰਡਾਲ ਅੰਦਰ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਦਾ ਆਗਾਜ਼ ਕਰਦਿਆਂ ਨਵੰਬਰ 1924 ਵਿੱਚ ਸ਼ੁਰੂ ਹੋਏ ਬੇਹੱਦ ਹਰਮਨ ਪਿਆਰੇ ਪਰਚੇ ਫੁਲਵਾੜੀ ਦੀ ਸ਼ਤਾਬਦੀ ਮੌਕੇ ਸਾਹਿਤ, ਪੱਤ੍ਰਿਕਾਵਾਂ , ਪੁਸਤਕਾਂ, ਪਾਠਕਾਂ ਦੇ ਅੰਤਰ ਸਬੰਧਾਂ ਨੂੰ ਸਾਡੇ ਸਮਿਆਂ ਨਾਲ਼ ਮੇਲ਼ ਕੇ ਨਿਰਖਣ ਪਰਖ਼ਣ ਉਪਰ ਗੰਭੀਰ ਵਿਚਾਰ ਚਰਚਾ ਹੋਏਗੀ। ਫੁਲਵਾੜੀ ਪੱਤ੍ਰਿਕਾ ਦੀ ਹਰਮਨ ਪਿਆਰਤਾ ਅਤੇ ਇਸਦੇ ਬਾਨੀ ਸੰਪਾਦਕ ਉੱਘੇ ਵਿਦਵਾਨ ਲੇਖਕ ਹੀਰਾ ਸਿੰਘ ਦਰਦ ਦੀ ਲੋਕ ਸਰੋਕਾਰਾਂ ਦੀ ਨਬਜ਼ ਤੇ ਹੱਥ ਰੱਖਣ ਦੀ ਕਲਾ ਤੋਂ ਪ੍ਰੇਰਨਾ ਲੈਣ ਦੀਆਂ ਗੱਲਾਂ ਹੋਣਗੀਆਂ। ਬੀਤੇ ਦਿਨੀਂ ਸਾਡੇ ਕੋਲੋਂ ਸਦੀਵੀ ਤੌਰ ਤੇ ਵਿਛੜੇ ਸਾਹਿਤ ਕਲਾ ਖੇਤਰ ਅਤੇ ਮੇਲੇ ਨਾਲ਼ ਜੁੜੇ ਰੰਗ ਕਰਮੀ ਸ੍ਰੀਮਤੀ ਕੈਲਾਸ਼ ਕੌਰ, ਕਵੀ ਸੁਰਜੀਤ ਪਾਤਰ, ਅਮਰਜੀਤ ਪ੍ਰਦੇਸੀ, ਹਰਬੰਸ ਹੀਓਂ ਅਤੇ ਕੁਲਦੀਪ ਜਲੂਰ ਦੀ ਸਮਾਜ ਪ੍ਰਤੀ ਦੇਣ ਨੂੰ ਸਿਜਦਾ ਕੀਤਾ ਜਾਏਗਾ। ਦੂਜੇ ਦਿਨ 8 ਨਵੰਬਰ ਵੱਖ ਵੱਖ ਮੁਕਾਬਲੇ ਅਤੇ 9 ਨਵੰਬਰ ਦਿਨ ਰਾਤ ਮੇਲਾ ਸਿਖਰਾਂ ਛੋਹੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleकॉर्पोरेट राजनीति के नए सेफ्टी वॉल्व का सामाजिक न्याय की राजनीति पर पीछे से हमला
Next articleਮੈਡੀਕਲ ਨਸ਼ੇ ‘ਤੇ ਲਗਾਮ ਲਗਾਉਣ ਲਈ ਸਖ਼ਤ ਕਾਰਵਾਈ, ਮੈਡੀਕਲ ਸਟੋਰਾਂ ਦੀ ਲਗਾਤਾਰ ਹੋ ਰਹੀ ਹੈ ਜਾਂਚ