ਨਵੀਂ ਦਿੱਲੀ (ਸਮਾਜ ਵੀਕਲੀ): ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਾਂਝਾ ਫਰੰਟ ਬਣਾਇਆ ਹੈ। ਭਾਜਪਾ ਦੇ ਸੀਨੀਅਰ ਆਗੂਆਂ ਅਮਿਤ ਸ਼ਾਹ, ਜੇ ਪੀ ਨੱਢਾ ਅਤੇ ਗਜੇਂਦਰ ਸਿੰਘ ਸ਼ੇਖਾਵਤ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਲੋਕ ਕਾਂਗਰਸ, ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਅਤੇ ਭਾਜਪਾ ਦਰਮਿਆਨ ਫਰੰਟ ਦਾ ਖਾਕਾ ਖਿੱਚਿਆ ਗਿਆ ਹੈ। ਟਿਕਟਾਂ ਦੀ ਵੰਡ ਲਈ ਤਿੰਨੋਂ ਪਾਰਟੀਆਂ ਦੇ ਦੋ-ਦੋ ਆਗੂਆਂ ਦੀ ਇੱਕ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਫਰੰਟ ਵੱਲੋਂ ਸਾਂਝਾ ਚੋਣ ਮਨੋਰਥ ਪੱਤਰ ਵੀ ਜਾਰੀ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਇੰਚਾਰਜ ਗਜੇਂਦਰ ਸਿੰਘ ਸ਼ੇਖਾਵਤ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਕਿ ਤਿੰਨੋਂ ਪਾਰਟੀਆਂ ਦੇ ਸਾਂਝੇ ਫਰੰਟ ਵੱਲੋਂ ਪੰਜਾਬ ’ਚ ਚੋਣਾਂ ਲੜੀਆਂ ਜਾਣਗੀਆਂ। ‘ਆਪ’ ਅਤੇ ਸੰਯੁਕਤ ਸਮਾਜ ਮੋਰਚੇ ਦੇ ਸੰਭਾਵੀ ਗੱਠਜੋੜ ਦੇ ਮੱਦੇਨਜ਼ਰ ਇਨ੍ਹਾਂ ਤਿੰਨੋਂ ਪਾਰਟੀਆਂ ਦੇ ਆਗੂਆਂ ਵੱਲੋਂ ਦਿੱਲੀ ਵਿਖੇ ਮੰਥਨ ਦਾ ਦੌਰ ਬੀਤੇ ਦੋ ਦਿਨਾਂ ਤੋਂ ਜਾਰੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕੈਪਟਨ ਨੇ ਭਾਜਪਾ ਦੇ ਦੋਵੇਂ ਆਗੂਆਂ ਨਾਲ ਵੱਖਰੇ ਤੌਰ ਉੱਤੇ ਵੀ ਗੱਲਬਾਤ ਕੀਤੀ ਸੀ। ਸ੍ਰੀ ਸ਼ੇਖ਼ਾਵਤ ਨੇ ਅਹਿਮ ਐਲਾਨ ਕੀਤਾ ਕਿ ਗੱਠਜੋੜ ਦੇ ਮੁੱਖ ਮੰਤਰੀ ਚਿਹਰੇ ਬਾਰੇ ਅਜੇ ਐਲਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਤਿੰਨੋਂ ਪਾਰਟੀਆਂ ਦੇ ਦੋ-ਦੋ ਆਗੂਆਂ ਦੀ ਯਾਣੀ ਛੇ ਮੈਂਬਰੀ ਕਮੇਟੀ ਬਣਾਈ ਜਾਵੇਗੀ। ਕਿਆਸ ਲਾਇਆ ਜਾ ਰਿਹਾ ਹੈ ਕਿ ਕਮੇਟੀ ਵੱਲੋਂ ਤਿੰਨੋਂ ਪਾਰਟੀਆਂ ਦੀ ਇਲਾਕਾਈ ਆਧਾਰ ਅਨੁਸਾਰ ਵੋਟਾਂ ਤੱਕ ਪਹੁੰਚ ਮੁਤਾਬਕ ਟਿਕਟ ਵੰਡ ਦਾ ਫਾਰਮੂਲਾ ਤਿਆਰ ਕੀਤਾ ਜਾਵੇਗਾ। ਸ਼ਹਿਰੀ ਆਬਾਦੀ ਵਾਲੇ ਹਲਕਿਆਂ ਵਿੱਚ ਭਾਜਪਾ ਨੂੰ ਵਧ ਸੀਟਾਂ ਦਿੱਤੀਆਂ ਜਾ ਸਕਦੀਆਂ ਹਨ ਜਦੋਂ ਕਿ ਪੇਂਡੂ ਆਧਾਰ ਵਾਲੇ ਹਲਕੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਦੇ ਖਾਤੇ ’ਚ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਉਪਰੰਤ ਫਰੰਟ ਵੱਲੋਂ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਸ੍ਰੀ ਸ਼ੇਖਾਵਤ ਨੇ ਕਿਹਾ ਕਿ ਗੱਠਜੋੜ ਪੰਜਾਬ, ਸਿੱਖਾਂ, ਕਿਸਾਨੀ, ਓਬੀਸੀ ਅਤੇ ਹੋਰ ਮੁੱਦਿਆਂ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly