ਮਿਲਣੀ ਆਲੀ ਛਾਪ

ਰਮੇਸ਼ ਸੇਠੀ ਬਾਦਲ
(ਸਮਾਜ ਵੀਕਲੀ) ਭੈਣੇ ਮੇਰੇ ਵੀਰ ਦਾ ਬਿਆਹ ਤੀਂ। ਬਾਪੂ ਮੇਰਾ ਬਿਆਹ ਦਾ ਆਖਣ ਆਇਆ ਕਹਿੰਦਾ ਚੰਦੋ ਸੀ ਸਤ ਦਿਨ ਪਹਿਲਾਂ ਆ ਜੀ। ਤੇਰੀ ਬੇਬੇ ਨੂੰ ਸਹਾਰਾ ਹੋਜੂ। ਨਾਲੇ ਤੂੰ ਸਿਆਣੀ ਹੈ ਕੰਮ ਸੰਭਾਲਲੇ ਗੀ। ਭਾਈ ਇਹ ਵੀ ਨਾਲ ਜਾਣ ਨੂੰ ਤਿਆਰ । ਅਖੇ ਮੈ  ਕੱਲਾ ਘਰੇ ਕੀ ਕਰੂ। ਭਾਈ ਅਸੀਂ ਬਗ ਗੇ। ਇਹ ਹੁਣ ਓਥੇ ਨਿਤ ਦਾਰੂ ਭਾਲੇ। ਅਗਲਿਆ ਪਿਆਈ ਵੀ। ਜੰਜ ਗਈ  ਓਥੈ ਮਿਲਣੀਆਂ ਹੋਈਆਂ ਅਗਲਿਆ ਨੇ ਵਧੀਆ ਤਿੰਨ ਸੌ ਵਾਲਾ ਗਰਮ ਧੁੱਸਾ ਦਿੱਤਾ। ਨਾਲ ਕਵੰਜਾ ਰੁਆਈਏ ਵੀ। ਇਹ ਕੁਰਨ ਕੁਰਨ ਕਰੇ ਅਖੇ ਮੈਨੂੰ ਸਾਪ ਣੀ ਪਾਈ।ਅਸੀਂ ਸਾਮੀ ਬੋਹਟੀ ਲੈਕੇ ਘਰੇ ਬੜੇ ਹੀ ਤੀਂ ਇਹਨੇ ਝੱਜੂ ਪਾਤਾ ਓਹਨਾ ਕੰਜਰਾ ਨੇ ਮੈਨੂੰ ਸਾਪ ਕਿਓੰ ਨਹੀਂ ਪਾਈ।  ਅਖੇ ਮੇਰੀ ਬੇਜਿੱਤੀ ਖਰਾਬ ਕਰਤੀ। ਬੇਬੇ ਨੇ ਬਹੁਤ ਸਮਝਾਇਆ। ਮਿਨਤਾਂ ਵੀ ਕੀਤੀਆਂ।ਏਦੇ ਪੈਰੀਂ ਚੁੰਨੀ ਵੀ ਰੱਖੀ। ਪਰ ਇਹ ਭੌਂਕਨੋ ਨਾ ਹਟਿਆ। ਹਾਨੀਸਾਰ ਨੂੰ ਬਾਪੂ ਨੇ ਏਦੇ ਪੈਰੀਂ ਪੱਗ ਰਖਤੀ। ਪ੍ਰੋਹਣਿਆ ਚੁੱਪ ਕਰਜਾ ਕੇਰਾਂ। ਤੈਨੂੰ ਮੈਂ ਸਾਪ ਬਣਾ ਦੂੰ ਪੱਲਿਓ। ਪਰ ਇਹ ਚੁਪ ਨਾ ਹੋਇਆ। ਉਹ ਗਵਾਰੇ ਦੀਆਂ ਫਲੀਆਂ ਡੁੰਗਦੀ ਹੋਈ ਗੱਲ ਸੁਣਾ ਰਹੀ ਸੀ। ਤੇ ਚਤਰੋ ਵਿੱਚ ਵਿੱਚ ਦੀ ਹੁੰਗਾਰਾ ਭਰਦੀ। ਕਿਸੇ ਦੀਆਂ ਨਿੱਜੀ ਗੱਲਾਂ ਸੁਣਨ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਤੇ ਅਗਲਾ ਆਪਣਾ ਢਿੱਡ ਫਰੋਲਦਾ ਹੈ ਪਰ ਦੂਜੇ ਨੂੰ ਬਾਹਲਾ ਚੰਗਾ ਲਗਦਾ ਹੈ।
 ਮੈਂ ਵੀ  ਬਥੇਰੀਆਂ ਮਿਨਤਾਂ  ਕੀਤੀਆਂ ਜੀ ਚੁਪ ਕਰਜੋ ਸ਼ਰੀਕਾ ਕੀ ਆਖੂ। ਨਾ ਜੀ ਮੈਂ ਸੋਡੀ ਕੁੜੀ ਛੱਡ ਦੇਣੀ ਹੈ। ਮੈਂ ਣੀ ਲੈ ਕੇ ਜਾਣੀ। ਰਖਲਿਓ ਘਰੇ ਹੁਣ ਤੁਸੀਂ ਇਹਨੂੰ। ਇਹ ਇੱਕੋ ਸਾਂਹ ਲੱਗਿਆ ਪਿਆ ਤੀਂ।
ਮੇਰੇ ਤਾਏ ਦਾ ਮੁੰਡਾ ਜਿਹੜਾ ਫੌਜ਼ ਚੋ ਪਿਲਸ਼ਨ ਆਇਆ ਤੀਂ ਸਾਰਾ ਤਮਾਸ਼ਾ ਦੇਖ ਰਿਹਾ ਤੀਂ।
ਆ ਭਾਈਆ ਤੈਨੂੰ ਰਮ ਪਿਆਵਾਂ। ਆਖਕੇ ਬਾਂਹ ਫੜਕੇ ਇਹਨੂੰ ਆਪਣੇ  ਘਰ ਲੈ ਗਿਆ ਸਾਡੇ ਘਰ ਦੇ ਲਿਵੈ ਹੀ ਤੀਂ। ਪਰ ਕੁੱਤੇ ਦੀ ਪੂਛ ਕਾਹਨੂੰ ਸਿੱਧੀ ਹੋਣੀ ਤੀਂ। ਇਹ ਨਾਲੇ ਦਾਰੂ ਪੀ ਜਾਵੇ ਨਾਲੇ ਗਾਲ਼ਾਂ ਕੱਢੀ ਜਾਵੇ। ਵਿੱਚੇ ਹੀ ਵੀਰੇ ਨੂੰ ਵੀ ਰਗੜ ਗਿਆ। ਫਿਰ ਵੀਰੇ ਨੇ ਫੜ੍ਹ ਲਿਆ। ਅਖੇ ਮੈਂ ਦਿੰਨਾ ਤੈਨੂੰ ਛਾਪ। ਸਾਲਾ ਕਤੀੜ ਨਾ ਹੋਵੇ ਤਾਂ। ਉਸਨੇ ਨੇ ਵਾਹਵਾ ਖੁੰਬ ਠੱਪੀ। ਬੂਥਾੜ ਹੀ ਬੂਥਾੜ ਭੰਨਿਆ। ਇਹ ਮਿਨਤਾਂ ਕਰੇ ਮੈਨੂੰ ਸੱਡ  ਦਿਓਂ। ਮੈਂ ਸੋਡੀ ਕਾਲੀ ਗਊ। ਹੁਣ ਣੀ ਮੰਗਦਾ ਸਾਪ ।  ਫਿਰ ਇਹ ਓਥੋਂ ਭੱਜ ਆਇਆ। ਮਖਿਆ ਚੰਦ ਕੁਰੇ ਹੋਈ ਤਾਂ ਮਾੜੀ ਗੱਲ ਐ। ਪਰ ਊਂ ਇਹ ਉਸ ਦਿਨ ਤੋਂ ਬਾਦ ਕੁਸਕਿਆ ਨਹੀਂ। ਗਜ ਵਰਗਾ ਸਿੱਧਾ ਹੋ ਗਿਆ। ਓਦਣ ਦਾ ਪੂਰਾ ਗੁਣੀਏ ਵਿੱਚ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਕਾਵਿ
Next articleਕੂਕੇ ਧਰਤ ਪੰਜਾਬ ਦੀ