(ਸਮਾਜ ਵੀਕਲੀ)
ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜਿਹੇ ਵਿਸ਼ੇ ਬਾਰੇ ਜਿਸ ਬਾਰੇ ਸਾਨੂੰ ਘੱਟ ਹੀ ਪਤਾ ਹੈ, ਉਸੇ ਵਿਸ਼ੇ ਦਾ ਨਾਮ ਹੈ ਮੈਡੀਟੇਸ਼ਨ। ਜਿਸ ਨੂੰ ਪੰਜਾਬੀ ਵਿੱਚ ਆਪਾ ਧਿਆਨ ਕਹਿ ਸਕਦੇ ਹਾਂ। ਧਿਆਨ ਹੀ ਇੱਕ ਅਜਿਹੀ ਵਿਧੀ ਹੈ ਜਿਸ ਰਾਹੀਂ ਅਸੀਂ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਵਾ ਸਕਦੇ ਹਾਂ। ਜੇ ਗੱਲ ਕਰੀਏ ਤਾਂ ਧਿਆਨ ਦਾ ਪਿਛੋਕੜ ਕਾਫੀ ਪੁਰਾਣਾ ਹੈ। ਇਹ ਵਿਧੀ ਸਾਡੇ ਰਿਸ਼ੀਆਂ ਮੁਨੀਆ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਆਓ ਜਾਣਦੇ ਹਾਂ ਕਿ ਧਿਆਨ ਅਸਲ ਵਿੱਚ ਕੀ ਹੈ। ਇਸਦੇ ਕਰਨ ਦੀ ਵਿਧੀ ਅਤੇ ਇਸ ਦੇ ਲਾਭ ਬਾਰੇ।
ਧਿਆਨ ਕੀ ਹੈ- ਧਿਆਨ ਦਾ ਅਰਥ ਹੈ ਆਪਣੇ ਆਪ ਦੀ ਪਛਾਣ ਕਰਨਾ। ਕਈ ਧਿਆਨ ਕਰਨ ਵਾਲੇ ਕਹਿੰਦੇ ਹਨ। ਧਿਆਨ ਕਰਨਾ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਿਆ ਜਾ ਸਕਦਾ ਹੈ, ਅਤੇ ਕਈ ਧਿਆਨ ਯੋਗੀ ਮੰਨ ਰਹਿਣ ਨੂੰ ਹੀ ਧਿਆਨ ਦਾ ਨਾਮ ਦਿੰਦੇ ਹਨ। ਕੁੱਲ ਮਿਲਾ ਕੇ ਧਿਆਨ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਨਾਲ ਜੁੜ ਕੇ ਵਿਅਕਤੀ ਬਾਹਰੀ ਵਿਸ਼ੇ ਵਿਕਾਰਾਂ ਤੋਂ ਦੂਰ ਹੋ ਕੇ ਆਪਣੇ ਆਪ ਦੀ ਪਛਾਣ ਕਰਦਾ ਹੈ।
ਧਿਆਨ ਕਰਨ ਦੀ ਵਿਧੀ- ਧਿਆਨ ਕਰਨ ਦਾ ਢੁੱਕਵਾਂ ਸਮਾਂ ਸਵੇਰੇ 4-6 ਵਜੇ ਤੱਕ ਦਾ ਹੁੰਦਾ ਹੈ ਕਿਉਂਕਿ ਉਸ ਸਮੇਂ ਸ਼ਾਂਤੀ ਦਾ ਮਾਹੌਲ ਹੁੰਦਾ ਹੈ ਅਤੇ ਅਸੀਂ ਬਿਨਾਂ ਕਿਸੇ ਵਿਘਨ ਤੇ ਧਿਆਨ ਕਰ ਸਕਦੇ ਹਾਂ। ਧਿਆਨ ਕਰਨ ਲਈ ਇਕਾਂਤ ਜਗ੍ਹਾ ਵਿੱਚ ਬੈਠਣਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਵਿਸ਼ੇ ਕੱਪੜੇ ਪਾ ਕੇ ਬੈਠਣਾ ਚਾਹੀਦਾ ਹੈ। ਅੱਖਾਂ ਨੂੰ ਬੰਦ ਕਰਕੇ ਆਪਣਾ ਧਿਆਨ ਕੇਵਲ ਸੁਆਸਾਂ ਤੇ ਕੇਂਦਰਿਤ ਕੀਤਾ ਜਾਵੇ, ਸੁਆਸ ਅੰਦਰ ਜਾ ਰਿਹਾ ਹੈ ਅਤੇ ਬਾਹਰ ਆ ਰਿਹਾ ਹੈ। ਸੁਆਸ ਪ੍ਰਕਿਰਿਆ ਦੀ ਗਤੀ ਬਿਲਕੁਲ ਹੌਲੀ ਹੋਣੀ ਚਾਹੀਦੀ ਹੈ, ਧਿਆਨ ਕਰਨ ਦਾ ਸਮਾਂ 20 ਮਿੰਟ ਤੋਂ ਲੈ ਕੇ 2 ਘੰਟੇ ਤੱਕ ਆਪਣੀ ਸੁਵਿਧਾ ਅਨੁਸਾਰ ਵਧਾਇਆ ਜਾ ਸਕਦਾ ਹੈ।
ਧਿਆਨ ਕਰਨ ਦੇ ਫਾਇਦੇ— ਧਿਆਨ ਕਰਨ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਕਈ ਵਿਗਿਆਨੀ ਇਸ ਦੇ ਉਪਰ ਆਪਣੀ ਖੋਜ ਕਰ ਰਹੇ ਹਨ। ਅਸੀਂ ਅੱਜ-ਕੱਲ ਦੇਖ ਰਹੇ ਹਾਂ ਕਿ ਦੋੜ ਭੱਜ ਵਾਲੀ ਜਿੰਦਗੀ ਵਿੱਚ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਖੋਜ ਕਰਨ ਤੋਂ ਪਤਾ ਲੱਗਾ ਹੈ ਕਿ ਧਿਆਨ ਕਰਨ ਨਾਲ ਡੋਪਾਮਾਇਨ ਅਤੇ ਸੀਰੋਟੋਨੀਨ ਨਾਮਕ ਕੈਮੀਕਲ ਸਾਡੇ ਸਰੀਰ ਵਿੱਚੋਂ ਪੈਦਾ ਹੁੰਦੇ ਹਨ ਜੋ ਕਿ ਸਾਨੂੰ ਡਿਪਰੈਸ਼ਨ ਤੋਂ ਛੁਟਕਾਰਾ ਦਿਵਾਉਂਦੇ ਹਨ। ਧਿਆਨ ਕਰਨ ਨਾਲ ਸਰੀਰ ਵਿਚੋਂ ਆਕਸੀਜਨ ਦੀ ਘਾਟ ਪੂਰੀ ਹੁੰਦੀ ਹੈ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਸਾਨੂੰ ਛੁਟਕਾਰਾ ਮਿਲਦਾ ਹੈ। ਧਿਆਨ ਕਰਨ ਨਾਲ ਮਾਨਸੀਕ ਇਕਾਗਰਤਾ ਵਧਦੀ ਹੈ ਅਤੇ ਮਨ ਦੇ ਵਿੱਚ ਆਉਣ ਵਾਲੇ ਬੁਰੇ ਵਿਚਾਰਾਂ ਤੇ ਕਾਬੂ ਪਾਇਆ ਜਾ ਸਕਦਾ ਹੈ।
ਧਿਆਨ ਕਰਨ ਦੀ ਲੋਕਪ੍ਰਿਅਤਾ ਦਿਨੋ-ਦਿਨ ਵਧਦੀ ਜਾ ਰਹੀ ਹੈ, ਵੱਖੋ ਵੱਖਰੀਆਂ ਸੰਸਥਾਵਾਂ ਜਿਵੇਂ ਕਿ ਉਸੇ ਧਿਆਨ ਕੇਂਦਰ ਬ੍ਰਹਮਾ ਕੁਮਾਰੀ ਧਿਆਨ ਕੇਂਦਰ ਵੀ ਕਾਫੀ ਉੱਚ ਪੱਧਰ ਤੇ ਮੈਡੀਟੇਸ਼ਨ (ਧਿਆਨ) ਕਲਾਸਾਂ ਲਗਾ ਰਹੇ ਹਨ ਅਤੇ ਧਿਆਨ ਕਰਨ ਦੀ ਵਿਧੀ ਨਾਲ ਮਿਲਣ ਵਾਲੇ ਮਾਨਸਿਕ ਅਤੇ ਸਰੀਰਕ ਲਾਭ ਦਾ ਪ੍ਰਚਾਰ ਕਰ ਰਹੇ ਹਨ। ਆਉਣ ਵਾਲੇ ਸਮੇਂ ਵਿੱਚ ਧਿਆਨ ਕਰਨ ਦੀ ਵਿਧੀ ਦੀ ਲੋਕਪ੍ਰਿਅਤਾ ਹੋਰ ਵੀ ਵਧੇਗੀ ਇਸ ਲਈ ਸਾਨੂੰ ਸਮਾਂ ਕੱਢ ਕੇ ਧਿਆਨ ਕਰਨ ਦੀ ਪ੍ਰਕਿਰਿਆ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਇੱਕ ਤੰਦਰੁਸਤ ਅਤੇ ਤਨਾਵ ਰਹਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਜਸਪ੍ਰੀਤ ਸਿੰਘ ਮਾਂਗਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly