ਤੈਨੂੰ ਯਾਦ ਤਾਂ ਕਰਾਂ, ਦੇ ਮੈਂ ਭੁੱਲਿਆ ਹੋਵਾਂ !
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤ ਕੁੱਝ ਯਾਦ ਰਹਿ ਜਾਂਦਾ ਹੈ, ਬਹੁਤ ਕੁੱਝ ਅਸੀਂ ਭੁੱਲ ਜਾਂਦੇ ਹਾਂ। ਕੁਦਰਤ ਦਾ ਨਿਯਮ ਹੈ ਮਾੜੀਆਂ ਗੱਲਾਂ ਨੂੰ ਭੁੱਲ ਜਾਣਾ ਤੇ ਉਹਨਾਂ ਮੁੜ ਨਾ ਦਰਹਾਉਣਾ ਹੀ ਬੇਹਤਰ ਹੁੰਦਾ ਹੈ। ਆਦਤਾਂ ਬਣੀਆਂ ਨੂੰ ਛੱਡਣਾ ਮੁਸ਼ਕਿਲ ਹੁੰਦਾ ਹੈ। ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਚੰਗੀਆਂ-ਮਾੜੀਆਂ ਯਾਦਾਂ ਦੀਆਂ ਕਈ ਛੋਟੀਆਂ ਵੱਡੀਆਂ ਪਟਾਰੀਆਂ ਦਾ ਸੁਮੇਲ ਹੁੰਦੀ ਹੈ। ਗਾਹੇ ਬਗਾਹੇ ਇਹਨਾਂ ਵਿਚੋਂ ਕੋਈ ਪਟਾਰੀ ਸਹਿਜ ਸੁਭਾਅ ਖੁੱਲ੍ਹ ਜਾਂਦੀ ਹੈ ਤੇ ਫਿਰ ਯਾਦਾਂ ਦੀਆਂ ਕੜੀਆਂ ਜੁੜਨ ਲੱਗਦੀਆਂ ਹਨ । ਇਹ ਯਾਦਾਂ ਦੀ ਪਟਾਰੀ ਵਿੱਚੋਂ ਕੋਈ ਫ਼ਿਲਮ ਸੁਰਤ ਵਿੱਚ ਚੱਲਣ ਲਗਦੀ ਹੈ ਪਰ ਮਨੁੱਖ ਕੋਲ਼ ਇਨ੍ਹਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ। ਉਹ ਇਹਨਾਂ ਤੋਂ ਦੂਰ ਦੌੜਦਾ ਹੈ ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ ਜੋ ਰਾਮ ਨਾਮ ਸਤ੍ਯ ਵਾਲ਼ੇ ਵਿਦਾਈ ਗੀਤ ਤੇ ਜਾ ਕੇ ਖ਼ਤਮ ਹੁੰਦੀ ਹੈ। ਇਹ ਬੋਲ ਉਸ ਲਈ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਸੁਣਾਉਣ ਲਈ ਉਚਾਰੇ ਜਾਂਦੇ ਹਨ। ਇਹ ਬੋਲ ਮੜ੍ਹੀਆਂ ਦੀ ਹੱਦ ਤੱਕ ਹੀ ਬੋਲੇ ਤੇ ਸੁਣੇ ਜਾਂਦੇ ਹਨ, ਫ਼ਿਰ ਉਹੀ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ, ਦੁੱਖ ਦਰਦ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨ੍ਹਾਂ ਕਥਾ ਕਹਾਣੀਆਂ ਵਿੱਚ ਕੋਈ ਰਸ ਨਹੀਂ ਹੁੰਦਾ,ਨਾ ਕਿਸੇ ਨੂੰ ਸੁਣਨ ਵਿੱਚ ਦਿਲਚਸਪੀ ਹੁੰਦੀ ਹੈ। ਹੁੰਗਾਰਾ ਭਰਨ ਵਾਲ਼ੇ ਦੀ ਬਸ ਹਾਂ-ਹੂੰ ਦੀ ਅਵਾਜ਼ ਹੀ ਕੰਨੀਂ ਪੈਂਦੀ ਹੈ। ਅੱਜ ਕੱਲ੍ਹ ਜ਼ਿੰਦਗੀ ਹੱਦ ਬੰਨ੍ਹਿਆਂ ਵਿੱਚ ਬੱਝੀ ਹੋਈ ਨਹੀਂ ਰਹੀ । ਆਧੁਨਿਕ ਸੰਚਾਰ ਸਾਧਨਾਂ ਨੇ ਧਰਤੀ ਦੇ ਸਾਰੇ ਲੋਕਾਂ ਨੂੰ ਇੱਕ ਨਿੱਕੇ ਜਿਹੇ ਯੰਤਰ ਰਾਹੀਂ ਇਕ ਦੂਜੇ ਦੇ ਰੂਬਰੂ ਲਿਆ ਬਿਠਾਇਆ ਹੈ। ਜਿੱਥੇ ਇਸ ਯੰਤਰ ਦਾ ਬੇਅੰਤ ਲਾਭ ਹੋਇਆ ਹੈ ਉੱਥੇ ਇਸ ਨੇ ਮਨੁੱਖ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਵੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਹਲੇ ਬਲਦ ਵਾਂਙੂ ਸਿਰ ਸੁੱਟ ਕੇ ਤੇ ਅੱਖਾਂ ਮੀਟ ਕੇ ਤੁਰਿਆ ਜਾ ਰਿਹਾ ਹੈ। ਉਸ ਅੰਦਰ ਭੌਤਿਕ ਪਦਾਰਥਾਂ ਦੀ ਲਾਲਸਾ ਤੇ ਲਲਕ ਏਨੀ ਵਧ੍ਹ ਗਈ ਹੈ ਕਿ ਉਹ ਆਪਣਾ ਸਾਊਪੁਣਾ, ਸੱਭਿਆਚਾਰ, ਮਰਿਆਦਾ, ਸਭ ਕੁਝ ਭੁੱਲਦਾ ਜਾ ਰਿਹਾ ਹੈ। ਉਹ ਹੋਰ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸ ਤੋਂ ਉਹ ਅਣਜਾਣ ਹੈ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਕਈ ਪੀੜ੍ਹੀਆਂ ਦੇ ਗਿਆਨ ਦੀ ਕਮਾਈ ਲੁੱਟ ਲਈ ਹੈ। ਉਸ ਦੀ ਥਾਂ ਉਸਨੂੰ ਦੁਨੀਆਂ ਤੇ ਰਾਜ ਕਰਨ ਦਾ ਇੱਕ ਨਿਸ਼ਾਨਾ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾ-ਉਮਰ ਦੌੜਦਾ ਰਹਿੰਦਾ ਹੈ। ਪਰ ਕੁੱਝ ਦਹਾਕਿਆਂ ਦੀ ਹਯਾਤੀ ਵਿੱਚ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਨਿਸ਼ਾਨਾ ਓਦਾਂ ਦਾ ਨਹੀਂ ਹੈ ਜਿਸਨੂੰ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਣ ਲਈ ਵਰਤਦੇ ਹਨ। ਸਗੋਂ ਇਹ ਤਾਂ ਉਹ ਨਿਸ਼ਾਨਾ ਹੈ, ਜਿਸਨੇ ਉਸ ਅੰਦਰੋਂ ਸਾਵੀ ਪੱਧਰੀ ਜ਼ਿੰਦਗੀ ਜਿਉਣ ਦਾ ਹੁਨਰ ਖ਼ਤਮ ਕਰਕੇ ਮਨ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਦੂਸਰਿਆਂ ਨੂੰ ਸੁਣਾਈ ਨਹੀਂ ਦੇਂਦਾ। ਇਹ ਸ਼ੋਰ ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨਮਾ ਘਰਾਂ, ਕੈਫਿਆਂ, ਮੁਜਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿੱਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲ਼ਦਾ। ਉਹ ਉੱਥੋਂ ਨਿਕਲ਼ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਲਈ ਉਹ ਖਰੀਦਣ ਵੇਚਣ ਦਾ ਮਾਲ ਹੈ। ਬਾਜ਼ਾਰ ਵਿਚ ਵੜੇ ਨੂੰ ਸਮਝ ਨਹੀਂ ਲਗਦੀ ਕਿ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਇਸਦਾ ਪਤਾ ਉਸਨੂੰ ਉਦੋਂ ਲਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ, ਕੰਨ, ਜੀਭ ਗ਼ਾਇਬ ਹਨ। ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਬਚ ਗਏ ਹਨ। ਇਹ ਪੈਰ ਉਸਨੂੰ ਤੁਰਨ ਜੋਗਾ ਬਣਾਈ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਪਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਤਾਂ ਫਿਰ ਵੀ ਕਦੀ ਕਦਾਈਂ ਵਾਪਸ ਪਰਤ ਆਉਂਦੀ ਹੈ ਪਰ ਗਹਿਣੇ ਪਈ ਜ਼ਿੰਦਗੀ ਦਾ ਪਰਤਣਾ ਨਾਮੁਮਕਿਨ ਹੁੰਦਾ ਹੈ । ਇਸੇ ਕਰਕੇ ਬਜ਼ਾਰ ਖਰੀਦਣ ਨਾਲ਼ੋਂ ਗਹਿਣੇ ਰੱਖਣ ਨੂੰ ਤਰਜੀਹ ਦੇਂਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ। ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁੱਝ ਹੀ ਦਾਅ ਉੱਤੇ ਲਾਉਂਦੇ ਹਾਂ ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਵਾਹੋ ਦਾਹੀ ਦੌੜ ਰਹੇ ਹਾਂ। ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੌਂਗ ਕਰਦੇ ਹਾਂ। ਅਸੀਂ ਚੰਗਾ ਕਰਨ ਲਈ ਕੁਝ ਨਹੀਂ ਕਰਦੇ ਸਗੋਂ ਬਜ਼ਾਰ ਲਈ ਉਹ ਸਭ ਕੁਝ ਕਰਦੇ ਹਾਂ ਜਿਸ ਪਾਸਿਓਂ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਹੀ ਸਾਨੂੰ ਰੋਕਦੀ ਤੇ ਟੋਕਦੀ ਹੈ। ਅਸੀਂ ਬੋਲੇ਼ ਬੰਦੇ ਵਾਂਙੂ ਚੁੱਪ ਵੱਟ ਲੈਂਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ। ਅਸੀਂ ਇਸ ਲਈ ਚੁੱਪ ਰਹਿੰਦੇ ਹਾਂ ਕਿ ਅਸਾਂ ਇਸ ਵਿੱਚੋਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਵਾਂਙੂ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ‘ਤੇ ਰੰਗ ਬਿਰੰਗੇ ਖੋਪੇ ਚਾੜ੍ਹ ਦਿੱਤੇ ਗਏ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਦੀਆਂ ਰੰਗੀਨੀਆਂ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਉਹ ਕੁਝ ਦੇਖਣਾ ਪਸੰਦ ਕਰਦੇ ਹਾਂ, ਜਿਸ ਵਿੱਚੋਂ ਮੁਨਾਫ਼ਾ ਮਿਲੇ। ਉਂਞ ਅਸੀਂ ਮੁਨਾਫ਼ਾਖੋਰ ਅਖਵਾਉਣੋਂ ਬਚਣ ਲਈ ਚਿਹਰੇ ‘ਤੇ ਮਖੌਟੇ ਚਾੜ੍ਹ ਲੈਂਦੇ ਹਾਂ। ਲੋਕ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮੁਖੌਟਾ ਲਾਉਂਦੇ ਹਨ। ਇਸੇ ਕਰਕੇ ਬਾਜ਼ਾਰ ਵਿੱਚ ਲੋਕਾਂ ਦੇ ਚਿਹਰੇ ਪੜ੍ਹੇ ਹੀ ਨਹੀਂ ਜਾ ਸਕਦੇ। ਜਦੋਂ ਤੱਕ ਸਾਨੂੰ ਮੁਖੌਟਿਆਂ ਹੇਠ ਲੁਕੇ ਚਿਹਰਿਆਂ ਨੂੰ ਪੜ੍ਹਨ ਦੀ ਜਾਚ ਨਹੀਂ ਆਉਂਦੀ, ਸਮਾਂ ਸਾਡੇ ਹੱਥੋਂ ਕਿਰਦਾ ਜਾਏਗਾ। ਇਹ ਕਿਰ ਰਿਹਾ ਸਮਾਂ ਸਾਡੇ ਹੱਥਾਂ ਦੇ ਤੋਤੇ ਉਡਾ ਦਿੰਦਾ ਹੈ। ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਤੋਤਿਆਂ ਨੂੰ ਬਾਗ਼ ਬਥੇਰੇ ਹੁੰਦੇ ਹਨ। ਅਸੀਂ ਲੁੱਟੇ ਜੁਆਰੀਏ ਵਾਂਙੂ ਹੱਥ ਮਲ਼ਦੇ ਰਹਿ ਜਾਂਦੇ ਹਾਂ। ਉਦੋਂ ਸਾਡੇ ਕੋਲ਼ ਸਹਾਰੇ ਲਈ ਕੋਈ ਮੋਢਾ ਵੀ ਨਹੀਂ ਹੁੰਦਾ ਜਿਸ ਉਪਰ ਸਿਰ ਰੱਖ ਕੇ ਘੜੀ-ਪਲ ਰੋ ਸਕੀਏ। ਉਂਞ ਹੁਣ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ ਸਾਨੂੰ ਆਉਂਦਾ ਨਹੀਂ । ਜੇ ਅਸੀਂ ਹੱਸਣ ਲੱਗ ਪਏ ਤਾਂ ਕਈ ਸਵਾਲ ਖੜੇ ਹੋ ਜਾਣਗੇ। ਫਿਰ ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ। ਮੁਖੌਟੇਧਾਰੀਆਂ ਦੀ ਸੋਚ ਬਾਜ਼ਾਰ ਦਾ ਰੁਖ਼ ਵੇਖਕੇ ਬਦਲਦੀ ਰਹਿੰਦੀ ਹੈ। ਬਜ਼ਾਰ ਦਾ ਕਾਰੋਬਾਰ ਵੰਡਣ, ਖਰੀਦਣ ਅਤੇ ਵੇਚਣ ਤੇ ਟਿਕਿਆ ਹੁੰਦਾ ਹੈ। ਇੱਕੋ ਇੱਕ ਮਕਸਦ ਹੁੰਦਾ ਮੁਨਾਫ਼ਾ ਕਮਾਉਣਾ। ਅਜਿਹੇ ਲੋਕ ਧਰਮ, ਨਸਲ, ਜਾਤ, ਰੰਗ-ਭੇਦ ਦਾ ਮੁਖੌਟਾ ਪਾਉਂਦੇ ਹਨ ਤੇ ਸਾਡੀ ਖ਼ਸਲਤ ਨਾਲ਼ ਢੁੱਕਦੇ ਅਰਥ ਕਰਕੇ ਸਮਝਾਉਂਦੇ ਹਨ। ਇਸ ਵਾਰ ਮਖੌਟਾਧਾਰੀਆਂ ਨੇ ਅਜਿਹਾ ਹੀ ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਙੂ ਆਪਣੇ ਮਗਰ ਲਾਇਆ। ਭੇਡਾਂ ਦੀ ਆਪਣੀ ਕੋਈ ਸੋਚ ਸਮਝ ਨਹੀਂ ਹੁੰਦੀ। ਉਹਨਾਂ ਦੀ ਇੱਕੋ ਇੱਕ ਮੰਜ਼ਿਲ ਹੁੰਦੀ ਹੈ ਖੁਰਲੀ, ਜਿੱਥੇ ਉਹਨਾਂ ਵੰਡ-ਵੜੇਵਾਂ ਛਕਣਾ ਹੁੰਦਾ ਹੈ। ਜਾਂ ਫ਼ਿਰ ਕਿਸੇ ਧਾਰਾ ਅਧੀਨ ਕਿਸੇ ਕਾਲ ਕੋਠੜੀ ਵਿੱਚ ਕਿੰਨੇ ਦਿਨ ਗੁਜਾਰਨੇ ਹਨ ਤੇ ਕਦੋਂ ਕਾਲ ਕੋਠੜੀ ਤੋਂ ਫ਼ਾਂਸੀ ਦੇ ਤਖਤ ਤੱਕ ਪੁੱਜਣਾ ਹੈ। ਇਹ ਉਹ ਫ਼ਾਂਸੀ ਦਾ ਤਖਤਾ ਨਹੀਂ, ਜਿਹੜਾ ਹਕੂਮਤਾਂ ਦੀਆਂ ਜੜ੍ਹਾਂ ਹਿਲਾਉਂਦਾ ਹੈ। ਸਗੋਂ ਇਹ ਉਹ ਤਖ਼ਤਾ ਹੈ ਜਿਹੜਾ ਤਖ਼ਤ ਵਾਲਿਆਂ ਨੂੰ ਮੁਖੌਟੇਧਾਰੀ ਬਣੇ ਰਹਿਣ ਦਾ ਵਾਰ ਵਾਰ ਸਮਾਂ ਦਿੰਦਾ ਹੈ। ਅਸੀਂ ਖਾਣਾ ਕੀ ਹੈ, ਪੀਣਾ ਕੀ ਹੈ? ਤੇ ਕਿਵੇਂ ਮਰਨਾ ਹੈ ? ਅੱਜ ਕੱਲ੍ਹ ਸਾਨੂੰ ਬਜ਼ਾਰ ਹੀ ਤਾਂ ਦੱਸਦਾ ਹੈ। ਅਸੀਂ ਜਿਊਂਦਿਆਂ ਵਿੱਚ ਨਹੀਂ ਆਉਂਦੇ, ਲੁਹਾਰ ਦੀ ਧੌਂਕਣੀ ਵਾਂਙੂ ਸਿਰਫ਼ ਸਾਹ ਲੈਂਦੇ ਹਾਂ। ਉਸ ਹਵਾ ਵਿੱਚ ਸਾਹ ਲੈਂਦੇ ਹਾਂ ਜਿਸ ਵਿੱਚ ਇਹਨਾਂ ਮੁਖੌਟੇਧਾਰੀਆਂ ਨੇ ਜ਼ਹਿਰ ਰਲ਼ਾ ਦਿੱਤੀ ਹੈ। ਸਾਨੂੰ ਸਵਰਗ ਦੇ ਸੁਪਨਿਆਂ ਮਗਰ ਲਾ ਦਿੱਤਾ ਹੈ। ਅਸੀਂ ਸੁਪਨਿਆਂ ਵਿੱਚ ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ। ਇਸੇ ਕਰਕੇ ਅੱਜਕੱਲ੍ਹ ਮਾਰ ਦਿੱਤੇ ਗਿਆਂ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ। ਕਿਉਂਕਿ ਉਨ੍ਹਾਂ ਨੂੰ ਕੋਈ ਯਾਦ ਤਾਂ ਹੀ ਕਰੇਗਾ, ਜੇ ਕੋਈ ਭੁੱਲਿਆ ਹੋਵੇਗਾ। ਇਸ ਲਈ ਹੱਸਣ ਨਾਲ਼ੋਂ ਰੋਣਾ ਚੰਗਾ ਹੈ। ਰੋਦਿਆਂ ਨੂੰ ਵੇਖ ਕੋਈ ਤਰਸ ਖਾ ਕੇ ਸਾਡੇ ਹੰਝੂ ਪੂੰਝ ਦੇਵੇਗਾ। ਇਸ ਲਈ ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾਂ ਤੁਸੀਂ ਰੋਵੋਂਗੇ, ਓਨਾਂ ਹੀ ਤੁਹਾਡਾ ਕਥਾਰਥ ਹੋਵੇਗਾ। ਤੁਹਾਨੂੰ ਮੁਕਤੀ ਮਿਲ਼ ਸਕਦੀ ਹੈ। ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ। ਮੁਕਤੀ ਸੰਘਰਸ਼ ਕਰਨ ਨਾਲ਼ ਨਹੀਂ ਮਿਲਦੀ, ਸਗੋਂ ਭੇਡਾਂ ਬਣਨ ਨਾਲ਼ ਮਿਲ਼ਦੀ ਹੈ। ਉਹ ਭੇਡਾਂ ਜਿਹੜੀਆਂ ਬਿਨ੍ਹਾਂ ਸੋਚੇ ਵਿਚਾਰੇ ਇੱਕ ਦੂਜੀ ਪਿੱਛੇ ਛਾਲ਼ਾਂ ਮਾਰਦੀਆਂ ਹਨ। ਬੇਵਜ੍ਹਾ ਸਿੰਘ ਮਾਰਕੇ ਇੱਕ ਦੂਜੀ ਦਾ ਢਿੱਡ ਤੇ ਸਿਰ ਪਾੜਦੀਆਂ ਹਨ। ਪਰ ਉਹਨਾਂ ਦੀ ਕਾਮਯਾਬੀ ਤੁਹਾਡੇ ਭੇਡਾਂ ਬਣੇ ਰਹਿਣ ਵਿੱਚ ਹੀ ਹੈ। ਖੈਰ ਗੱਲ ਤਾਂ ਯਾਦਾਂ ਦੀ ਪੰਡ ਦੀ ਸੀ। ਯਾਦਾਂ ਤਾਂ ਹੁਣ ਬਹੁਤ ਬਣ ਗਈਆਂ ਹਨ। ਅਗਲਾ ਸਮਾਂ ਹੁਣ ਯਾਦਗਾਰਾਂ ਬਣਾਉਣ ਤਕ ਪੁੱਜਣ ਵਾਲਾ ਹੈ। ਇਸ ਲਈ ਬਹੁਤੇ ਉਦਾਸ ਨਾ ਹੋਵੋ। ਉਦਾਸੀ ਕਿਸੇ ਮਸਲੇ ਦਾ ਹੱਲ ਨਹੀਂ । ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮੁਖੌਟਾ ਪਾਉਣਾ ਪਵੇਗਾ। ਬਾਜ਼ਾਰ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਪਵੇਗਾ। ਡਰਿਆਂ, ਮਰਿਆਂ ਮੁਕਤੀ ਨਹੀਂ ਮਿਲਣੀ। ਮੁਕਤੀ ਲਈ ਤਾਂ ਲੜਨਾ ਪੈਣਾ ਹੈ। ਇਸੇ ਲਈ ਤਾਂ ਅਸੀਂ ਉਨਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ ਯੋਧਿਆਂ ਨੂੰ ਕਦੇ ਭੁੱਲੇ ਨਹੀਂ, ਜਿੰਨਾਂ ਨੇ ਸਾਡੇ ਲਈ ਅਣਖ ਨਾਲ਼ ਜਿਊਣ ਦਾ ਸੁਪਨਾ ਸਿਰਜਿਆ ਸੀ ਤੇ ਖੁਦ ਸ਼ਹੀਦ ਹੋ ਗਏ ਸਨ। ਅਸੀਂ ਕੀ ਕਰ ਰਹੇ ਹਾਂ ? ਕਿਹੜੀ ਜੰਗ ਲੜ੍ ਰਹੇ ਹਾਂ? ਕੀ ਸਾਡੀ ਜੰਗ ਕਦੇ ਮੁਖੌਟਾਧਾਰੀਆਂ ਦੀਆਂ ਕਰਤੂਤਾਂ, ਰਣਨੀਤੀਆਂ, ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ? ਜੇ ਜੰਗ ਹੋਣੀ ਹੀ ਹੈ ਤਾਂ ਹੁਣ ਫ਼ੈਸਲਾਕੁੰਨ ਹੀ ਹੋਵੇ, ਨਹੀਂ ਤਾਂ ‘ਮਰ ਜਾ ਚਿੜੀਏ, ਜੀ ਪੈ ਚਿੜੀਏ’ ਵਰਗੀਆਂ ਬਹੁਤ ਜੰਗਾਂ ਹੋ ਗਈਆਂ। ਹੁਣ ਤੇ ਆਰਪਾਰ ਦੀ ਜੰਗ ਦੀ ਲੋੜ ਹੈ। ਲੋੜ ਕਾਢ ਦੀ ਮਾਂ ਹੈ । ਮੁਖੌਟਾਧਾਰੀ ਹਾਕਮ ਨੇ ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ ਤੇ ਕਾਢਾਂ ਕੱਢਣ ਵਾਲ਼ਿਆਂ ਨੂੰ ਸ਼ੂਦਰ ਕਹਿਕੇ ਹਾਸ਼ੀਏ ਤੇ ਧੱਕ ਦਿੱਤਾ। ਹੁਣ ਸਾਨੂੰ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ ਜਿਹਨਾਂ ਨਾਲ਼ ਉੱਠਣਾ ਬੈਠਣਾ ਅਸੀਂ ਭੁੱਲ ਗਏ ਹਾਂ ….! ਅਖੇ ਤੈਨੂੰ ਯਾਦ ਤਾਂ ਕਰਾਂ ਜੇ ਮੈਂ ਭੁੱਲਿਆ ਹੋਵਾਂ। ਸਮਾਂ ਅਜਿਹਾ ਆਇਆ ਗਿਆ ਐ ਕਿ ਹੁਣ ਤਾਂ ਕੁਝ ਮਤਬਲੀ ਲੋਕ ਆਪਣਿਆਂ ਨੂੰ ਜਿਉਦੇ ਜੀਅ ਭੁੱਲ ਜਾਂਦੇ ਹਨ।ਆਪਣੇ ਹੀ ਮਾਪਿਆਂ ਨੂੰ ਬਿਰਧ ਆਸ਼ਰਮਾਂ ਵਿੱਚ ਖੁਦ ਛੱਡ ਆਉਦੇ ਹਨ। ਫੇਰ ਮਰ ਗਿਆ ਦੇ ਮੂੰਹ ਵਿੱਚ ਦੇਸੀ ਘਿਓ ਪਾਉਂਦੇ ਹਨ। ਮਾਪਿਆਂ ਨੂੰ ਵੱਡਾ ਕਰਨ ਲਈ ਪਖੰਡ ਕਰਦੇ ਹਨ। ਕਿਸੇ ਦਾ ਸਤਿਕਾਰ ਪੈਰੀਂ ਹੱਥ ਲਾ ਕੇ ਨਹੀਂ ਹੁੰਦਾ ਜੇ ਮਨ ਵਿੱਚ ਇੱਜ਼ਤ ਨਾ ਹੋਵੇ।ਤਨ ਤੇ ਮਨ ਵਿਚਲਾ ਪਿਆਰ ਹੀ ਸਦੀਵੀ ਹੁੰਦਾ ਹੈ। ਲੋਕ ਵਿਖਾਵਾ ਕਰਨ ਨਾਲ ਪਿਆਰ ਨੂੰ ਬਚਾਇਆ ਨਹੀਂ ਜਾ ਸਕਦਾ। ਕਿਸੇ ਆਪਣੇ ਨੂੰ ਭੁੱਲ ਜਾਣਾ ਸੌਖਾ ਨਹੀਂ ਹੁੰਦਾ। ਲੋਕ ਬਦਲ ਮਿਲਣ ਉਤੇ ਸਭ ਕੁੱਝ ਕਿਵੇਂ ਭੁੱਲ ਜਾਂਦੇ ਹਨ? ਪੰਜਾਬੀ ਦਾ ਰੁਦਨ ਸਾਹਿਤ ਇਸਦੀ ਤਰਜਮਾਨੀ ਕਰਦਾ ਐ। ਕਾਰਨਾਂ ਵਰਗੀਆਂ ਰਚਨਾਵਾਂ ਸਮਾਜ ਵਿੱਚ ਖਲਾਅ ਪੈਦਾ ਕਰਦੀਆਂ ਹਨ। ਇਹ ਖਲਾਅ ਪੈਦਾ ਕਰਨ ਵਾਲਿਆਂ ਦਾ ਲਗਾਤਾਰ ਵਾਧਾ ਹੋਇਆ ਐ, ਜੋ ਸਮਾਜ ਲਈ ਖਤਰੇ ਦੀ ਘੰਟੀ ਐ।
ਬੁੱਧ ਸਿੰਘ ਨੀਲੋਂ
94643 70823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly