ਸਾਰਥਕ ਜੀਵਨ ਤੇ ਸਾਦਗੀ

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ) ਮਨੁੱਖ ਮੁੱਢ ਕਦੀਮ ਤੋਂ ਆਪਣਾ ਜੀਵਨ ਨਿਰਵਾਹ ਕਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਅਤੇ ਵਸਤੂਆਂ ਦਾ ਸੰਗ੍ਰਹਿ ਕਰਦਾ ਹੈ , ਜੋ ਕਿ ਹਰ ਕਿਸੇ ਪ੍ਰਾਣੀ ਦੇ ਜੀਵਨ -ਗੁਜ਼ਾਰੇ ਲਈ ਜ਼ਰੂਰੀ ਵੀ ਹੁੰਦਾ ਹੈ । ਪਰ ਕਈ ਵਾਰ ਮਨੁੱਖ ਝੂਠੇ ਦਿਖਾਵੇ , ਝੂਠੀ ਬਨਾਵਟ ਅਤੇ ਫੋਕੀ ਸ਼ੌਹਰਤ ਦੇ ਵੱਸ ਪੈ ਕੇ ਸਾਦਗੀ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ ਅਤੇ ਭ੍ਰਮਿਤ ਹੋ ਕੇ ਰਹਿ ਜਾਂਦਾ ਹੈ । ਸਾਦਗੀ ਇੱਕ ਗੁਣ , ਗਹਿਣਾ ਅਤੇ ਇੱਕ ਸੱਭਿਅਕ ਸਲੀਕਾ ਹੈ। ਮਨੁੱਖ ਵੱਲੋਂ ਸਾਦਗੀ ਪਾਸੋਂ ਵਿਮੁੱਖਤਾ ਹੋਣ ਸਦਕਾ ਮਨੁੱਖ ਨੂੰ ਸਾਦਾ ਜੀਵਨ ਜਿਉਣ ਅਤੇ ਇੱਕ ਸ਼ਾਂਤ ਚਿੱਤ ਹੋ ਕੇ ਰਹਿਣ ਤੇ ਜਿਊਣ ਵਿੱਚ ਰੁਕਾਵਟ ਖੜ੍ਹੀ ਕਰ ਦਿੰਦਾ ਹੈ। ਅੱਜ ਦੇ ਮਨੁੱਖਾ ਦੌਰ ਵਿੱਚ ਹਰ ਕੋਈ ਦੇਖਾ – ਦੇਖੀ ਵਾਧੂ ਅਤੇ ਬੇਲੋੜੇ ਖ਼ਰਚਿਆਂ , ਦਿਖਾਵਿਆਂ ਤੇ ਝੂਠੀ ਸ਼ੌਹਰਤ ਵਿੱਚ ਪੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਸਹੇੜ ਰਿਹਾ ਹੈ , ਜੋ ਕਿ ਸਾਡੇ ਬਜ਼ੁਰਗਾਂ ਤੇ ਮਹਾਂਪੁਰਸ਼ਾਂ ਦੀਆਂ ਦਿੱਤੀਆਂ ਸਿੱਖਿਆਵਾਂ ਤੋਂ ਬੇਮੁੱਖਤਾ ਦਰਸਾਉਂਦੀ ਹੈ। ਇਹੀ ਸਾਦਗੀ ਤੋਂ ਵਧੀ ਹੋਈ ਦੂਰੀ ਕਦੇ ਨਾ ਕਦੇ ਸਾਡੇ ਜੀਵਨ ਵਿੱਚ ਸਾਡੇ ਦੁੱਖਾਂ , ਸਾਡੀਆਂ ਸਮੱਸਿਆਵਾਂ , ਖੁਦਕੁਸ਼ੀਆਂ ਤੇ ਘਰੇਲੂ ਤਣਾਅ ਨੂੰ ਜਨਮ ਦੇ ਕੇ ਮਨੁੱਖਾ ਜੀਵਨ ਵਿੱਚ ਨੀਰਸਤਾ ਭਰ ਦਿੰਦੀ ਹੈ। ਬਾਬਾ ਫਰੀਦ ਜੀ ਨੇ ਅਲੌਕਿਕ ਸ਼ਬਦਾਂ ਵਿੱਚ ਕਿਹਾ ਹੈ,         ”  ਫਰੀਦਾ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁੱਖ “।

ਬਾਬਾ ਫ਼ਰੀਦ ਜੀ ਨੇ ਆਪਣੀ ਪਵਿੱਤਰ ਪਾਵਨ ਬਾਣੀ ਵਿੱਚ ਸਾਨੂੰ ਝੂਠੇ ਦਿਖਾਵਿਆਂ ਤੇ ਫੋਕੀਆਂ ਸ਼ੌਹਰਤਾਂ ਤੋਂ ਗੁਰੇਜ਼ ਕਰਨ ਲਈ ਸੁਚੇਤ ਕੀਤਾ ਅਤੇ ਸਾਦਗੀ ਵੱਲ ਪ੍ਰੇਰਿਤ ਕੀਤਾ ਹੈ। ਅੱਜ ਜੇਕਰ ਮਨੁੱਖ ਬੇਲੋੜੀਆਂ ਵਸਤੂਆਂ ਦੇ ਸੰਗ੍ਰਹਿ ਤੋਂ ਬਚ ਸਕੇ ਤਾਂ ਬਹੁਤ ਹੀ ਚੰਗਾ ਅਤੇ ਸਹੀ ਉਪਰਾਲਾ ਹੋ ਸਕਦਾ ਹੈ ; ਕਿਉਂਕਿ ਭੌਤਿਕ ਵਸਤੂਆਂ ਦੀ ਚਾਹਤ , ਭਰਮਾਰ ਦੀ ਇੱਛਾ ਦੀ ਗਲਤਾਨ ਵਿੱਚ ਫਸਿਆ ਹੋਇਆ ਮਨੁੱਖ ਦੁੱਖਾਂ ਰੂਪੀ ਦਲਦਲ ਦੇ ਵਿੱਚ ਧੱਸਦਾ ਹੀ ਜਾਂਦਾ ਹੈ , ਜੋ ਕਿ ਉਸ ਦੀ ਜ਼ਿੰਦਗੀ ਦੀ ਸ਼ਾਂਤੀ , ਸਕੂਨ , ਖ਼ੁਸ਼ੀ , ਖੇੜੇ , ਮਾਨਸਿਕ ਤੰਦਰੁਸਤੀ ਅਤੇ ਰੂਹਾਨੀਅਤ ਤੋਂ ਉਸ ਨੂੰ ਦੂਰ ਕਰ ਦਿੰਦੇ ਹਨ। ਅਜੋਕਾ ਮਨੁੱਖ ਜੇਕਰ ਸਾਦਗੀ ਦਾ ਪੱਲਾ ਫੜ ਲਵੇ ਤਾਂ ਕਿਤੇ ਨਾ ਕਿਤੇ ਕੁਦਰਤੀ ਵਰਤਾਰੇ ਤੇ ਸਾਡੇ ਵਾਤਾਵਰਨ ਵਿੱਚ ਵੀ ਆਈ ਹੋਈ ਗਿਰਾਵਟ ਦੂਰ ਹੋ ਸਕਦੀ ਹੈ ਅਤੇ ਮਨੁੱਖ , ਪੰਛੀ – ਪ੍ਰਾਣੀ ਤੇ ਕਾਇਨਾਤ ਦੇ ਜੀਵ – ਜੰਤੂ ਖੁਸ਼ਨੁਮਾ ਮਾਹੌਲ ਵਿੱਚ ਵਿਚਰ ਸਕਦੇ ਹਨ। ਅੱਜ ਮਨੁੱਖਤਾ ਵਿੱਚ ਜਿੰਨੀਆਂ ਸਮੱਸਿਆਵਾਂ ਪ੍ਰੇਸ਼ਾਨੀਆਂ ਵੱਧ ਰਹੀਆਂ ਹਨ ਉਨ੍ਹਾਂ ਦੇ ਪਿੱਛੇ ਕਿਤੇ ਨਾ ਕਿਤੇ ਅਸੀਂ ਸਾਦਗੀ ਤੋਂ ਵਿਮੁੱਖ ਹੋ ਕੇ ਖੁਦ ਹੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਾਂ। ਸਾਦੇ ਵਿਆਹ , ਸਾਦੇ ਭੋਗ , ਸਾਦੇ  ਦਿਨ – ਤਿਉਹਾਰ , ਸਾਦੇ ਰਸਮਾਂ – ਰਿਵਾਜ , ਸਾਦੇ ਜਨਮ ਦਿਨ ਆਦਿ ਬੜੀ ਸਾਦਗੀ ਦੇ ਨਾਲ਼ ਮਨਾਉਣੇ ਅਤੇ ਨਿਭਾਉਣੇ ਕਦੇ ਨਾ ਕਦੇ ਕਿਤੇ ਨਾ ਕਿਤੇ ਸਾਡੇ ਹਿੱਤ ਵਿੱਚ ਹੀ ਹੁੰਦੇ ਹਨ। ਸਾਦਾ ਪਹਿਰਾਵਾ , ਸਾਦਾ ਰਹਿਣ – ਸਹਿਣ , ਸਾਦਾ ਬੋਲਬਾਣੀ ਤੇ ਸਾਦਾ ਖਾਣ – ਪੀਣ ਸਾਡੇ ਲਈ ਖੁਸ਼ੀ ਅਤੇ ਸ਼ਾਂਤੀ ਦਾ ਸਾਧਨ ਬਣਦਾ ਹੈ। ਸਾਦਗੀ ਦਾ ਗਹਿਣਾ ਪਾਉਣ ਤੇ ਅਪਣਾਉਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਸਾਡੀ ਸੋਚ ਵਿਸ਼ਾਲ ਹੋਵੇ ਅਤੇ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਦੁਨੀਆਂ ਦੇ ਨਜ਼ਰੀਏ ਤੋਂ ਦੇਖਣਾ ਨਹੀਂ ਚਾਹੀਦਾ ਅਤੇ  ” ਦੁਨੀਆ ਕੀ ਕਹੇਗੀ ? ”  ਵਾਲੀ ਸੋਚ ਤੋਂ ਗੁਰੇਜ਼ ਕਰਨਾ ਸਹੀ ਹੋ ਸਕਦਾ। ਸਾਦਗੀ ਸਬੰਧੀ ਬਜ਼ੁਰਗਾਂ ਦਾ ਕਥਨ ਹੈ , ” ਦੂਜਿਆਂ ਦੇ ਮਹਿਲ ਮੁਨਾਰੇ ਦੇਖ ਕੇ ਆਪਣੀ ਝੁੱਗੀ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ  ”  ਅਤੇ  ” ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ ” । ਸੱਚਮੁੱਚ ਸਾਦਗ਼ੀ ਸੱਚ ਦਾ ਉਹ ਬੂਹਾ ਹੈ ਜੋ ਸਾਨੂੰ ਦੁੱਖਾਂ – ਤਕਲੀਫ਼ਾਂ ਤੋਂ ਤਾਂ ਬਚਾਉਂਦਾ ਹੀ ਹੈ , ਸਗੋਂ ਸਾਨੂੰ ਪਾਪ – ਕਰਮਾਂ ਤੋਂ ਵੀ  ਬਚਾ ਕੇ ਰੱਖਦਾ ਹੈ। ਇਨਸਾਨ ਅਤੇ ਇਨਸਾਨੀਅਤ ਦੇ ਲਈ ਸਾਦਗੀ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ ,  ਤਦ ਹੀ ਅਸੀਂ ਮਹਾਂਪੁਰਖਾਂ ਦੇ ਕਥਨ ” ਸਾਦਾ ਜੀਵਨ – ਉੱਚ ਵਿਚਾਰ”  ‘ਤੇ ਪਹਿਰਾ  ਦੇ ਸਕਦੇ ਹਾਂ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ 
( ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੇ ਲਈ ਲੇਖਕ ਦਾ ਨਾਂ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ਼ ਹੈ )
9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬ ‘ਚ ਅੱਜ ਹੋ ਸਕਦਾ ਹੈ ਪੰਚਾਇਤੀ ਚੋਣਾਂ ਦਾ ਐਲਾਨ, ਰਾਜ ਚੋਣ ਕਮਿਸ਼ਨਰ ਨੇ ਬੁਲਾਈ ਪ੍ਰੈੱਸ ਕਾਨਫਰੰਸ
Next articleਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਸਮਾਜਿਕ ਮੁੱਦਿਆਂ ਦੇ ਹੱਲ ਲਈ ਗਾਂਧੀ ਅਤੇ ਅੰਬੇਡਕਰ ਦੇ ਫਲਸਫ਼ਿਆਂ ਦੀ ਸਾਰਥਕਤਾ ‘ਤੇ ਜ਼ੋਰ ਦਿੱਤਾ