(ਸਮਾਜ ਵੀਕਲੀ)
**ਪਾਸ਼ ਦੇ ਸੁਪਨਿਆਂ ਦਾ ਪਿੱਛਾ ਕਰਦੀਆਂ ਕੁੜੀਆਂ**
ਸ਼ਿਵ ਦੀ ਕਿਤਾਬ ਵਰਗੀਆਂ ਨਹੀਂ
ਮੈਨੂੰ ਕੁੜੀਆਂ
ਪਾਸ਼ ਦੇ ਸੁਪਨਿਆਂ ਦਾ ਪਿੱਛਾ ਕਰਦਿਆਂ
ਭੱਜੀਆਂ ਫਿਰਦੀਆਂ ਹੀ ਲੱਭਦੀਆਂ
ਜਦ ਪਿੰਡ ਵੱਲ ਜਾਂਦੀ ਹਾਂ
ਤਾਂ ਸਿਰਾਂ ਉੱਤੇ ਦੋ ਦੋ ਪੰਡਾਂ ਚੱਕੀ
ਲਿਫਦੀਆਂ ਹੋਈਆਂ
ਪਗਡੰਡੀਆਂ ਤੇ ਹੀ ਟੱਕਰ ਜਾਂਦੀਆਂ
ਤੇ ਸਲਵਾਰਾਂ ਨੂੰ ਗੋਡਿਆਂ ਤੱਕ ਟੰਗੀ
ਜੇਠ ਹਾੜ੍ਹ ਦੇ ਮਹੀਨਿਆਂ ‘ਚ
ਝੋਨਾ ਲਾਉਂਦੀਆਂ ਕੁੜੀਆਂ
ਸ਼ਿਵ ਦੀ ਕਿਤਾਬ ਵਰਗੀਆਂ ਤਾਂ
ਨਹੀਂ ਲੱਗਦੀਆਂ
ਜਦ ਸ਼ਹਿਰ ਵੱਲ ਝਾਤ ਮਾਰਦੀ ਹਾਂ
ਤਾਂ ਆਪਣੇ ਬੱਚਿਆਂ ਦੇ ਮੂੰਹ
ਚੋਂ ਦੁੱਧ ਛੁਡਾ ਕੇ
ਬਾਹਾਂ ‘ਚ ਪਰਸ ਪਾ ਕੇ
ਬੱਸਾਂ ਮਗਰ ਭੱਜੀਆਂ ਜਾਂਦੀਆਂ
ਕੁੜੀਆਂ ਵੀ
ਮੈਨੂੰ ਸ਼ਿਵ ਦੀ ਕਿਤਾਬ ਵਰਗੀਆਂ
ਨਹੀਂ ਲੱਗਦੀਆਂ
ਕਿ ਸ਼ਾਇਦ ਮੇਰੇ ਦੇਸ਼ ‘ਚ ਹੀ
ਕੁੜੀਆਂ ਪਾਸ਼ ਦੇ ਸੁਪਨਿਆਂ
ਦਾ ਪਿੱਛਾ ਕਰਦੀਆਂ
ਤੇ ਸ਼ਿਵ ਦੀ ਕਿਤਾਬ ਵਰਗੀਆਂ
ਕੁੜੀਆਂ ਦੀ ਭਾਲ ‘ਚ
ਜਹਾਜ਼ ਚੜ੍ਹ ਕਨੇਡਾ ਅਮਰੀਕਾ ਦੀ
ਧਰਤੀ ‘ਤੇ ਪਹੁੰਚ ਜਾਂਦੀ ਹਾਂ
ਇੱਥੇ ਵੀ ਕੁੜੀਆਂ
ਹੱਥਾਂ ‘ਚ ਬਰੈੱਡ ਤੇ ਟੋਸਟ ਫੜ੍ਹੀ
ਅਠਾਰਾਂ ਅਠਾਰਾਂ ਘੰਟੇ ਦੀਆਂ
ਸ਼ਿਫਟਾਂ ਲਗਾਉਂਦੀਆਂ
ਅੱਕੀਆਂ ਤੇ ਥੱਕੀਆਂ
ਨੀਂਦ ਨੂੰ ਤਰਸਦੀਆਂ ਹੀ ਲੱਭਦੀਆਂ
ਮੈਨੂੰ ਕੁੜੀਆਂ ਸ਼ਿਵ ਦੀ ਕਿਤਾਬ
ਵਰਗੀਆਂ ਨਹੀਂ ਲੱਭਦੀਆਂ
ਫਿਰ ਜਿਸ ਨੂੰ ਮਰਦ ਲੋਕ
ਸ਼ਾਇਦ ਸਵਰਗ ਲੋਕ ਕਹਿੰਦੇ ਨੇ
ਉੱਥੇ ਵੀ ਪਹੁੰਚ ਜਾਂਦੀ ਹਾਂ
ਜਿੱਥੇ ਕੁੜੀਆਂ
ਰੰਗ ਬਿਰੰਗੇ ਵਸਤਰ ਪਹਿਣ
ਅਤਰ ਫੁਲੇਲਾਂ ਲਾ
ਖੁੱਲ੍ਹੇ ਕੇਸ ਹਵਾ ‘ਚ ਲਹਿਰਾਉਂਦੀਆਂ
ਤੇ ਸੋਮ ਰਸ ਨਾਲ਼
ਰਸ ਭਰੀਆਂ ਹੁੰਦੀਆਂ
ਪਰ ਇੱਥੇ ਵੀ ਕੁੜੀਆਂ ਮੈਨੂੰ
ਪਾਸ਼ ਦੇ ਸੁਪਨਿਆਂ ਦਾ ਪਿੱਛਾ
ਕਰਦੀਆਂ ਹੀ ਲੱਭਦੀਆਂ
ਜੋ ਲਿਪਸਟਿਕ ਹੇਠਾਂ
ਸਾਰੇ ਜ਼ਖ਼ਮਾਂ ਨੂੰ ਲੁਕੋ ਕੇ ਹੱਸਦੀਆਂ
ਮੈਨੂੰ ਤਾਂ ਕੁੜੀਆਂ
ਸ਼ਿਵ ਦੀ ਕਿਤਾਬ ਵਰਗੀਆਂ
ਨਹੀਂ ਲੱਭਦੀਆਂ!!
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly