ਮੋਦੀ ਦੇ ਸੁਰੱਖਿਆ ਵਾਹਨਾਂ ’ਚ ਮੇਅਬੈਕ ਦਾ ਦਾਖ਼ਲਾ ਰੁਟੀਨ ਤਬਦੀਲੀ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਤਾਇਨਾਤ ਵਾਹਨਾਂ ਦੇ ਕਾਫ਼ਲੇ ਵਿੱਚ ਸ਼ਾਮਲ ਕੀਤੀ ਮਰਸਿਡੀਜ਼ ਮੇਅਬੈਕ ਦੀ ਕੀਮਤ ਤੇ ਹੋਰ ਤਫ਼ਸੀਲ ਨੂੰ ਲੈ ਕੇ ਛਿੜੀ ਚੁੰਝ ਚਰਚਾ ਦਰਮਿਆਨ ਸਰਕਾਰੀ ਸੂਤਰਾਂ ਨੇ ਅੱਜ ਕਿਹਾ ਕਿ ਨਵੀਂ ਕਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨਫ਼ਰੀ ’ਚ ਕੋਈ ਅਪਗ੍ਰੇਡੇਸ਼ਨ ਨਹੀਂ ਬਲਕਿ ਰੁਟੀਨ ਤਬਦੀਲੀ ਹੈ ਕਿਉਂਕਿ ਬੀਐੱਮਡਬਲਿਊ ਨੇ ਪ੍ਰਧਾਨ ਮੰਤਰੀ ਲਈ ਵਰਤੇ ਜਾਂਦੇ ਵਾਹਨਾਂ ਦੇ ਮਾਡਲ ਬਣਾਉਣੇ ਬੰਦ ਕਰ ਦਿੱਤੇ ਹਨ।

ਅਧਿਕਾਰਤ ਸੂਤਰ ਨੇ ਕਿਹਾ, ‘‘ਇਨ੍ਹਾਂ ਕਾਰਾਂ ਦੀ ਕੀਮਤ ਮੀਡੀਆ ਵਿੱਚ ਚੱਲ ਰਹੀ ਚੁੰਝ-ਚਰਚਾ ਨਾਲੋਂ ਕਿਤੇ ਘੱਟ ਹੈ। ਮੀਡੀਆ ਨੇ ਜਿਹੜੀ ਕੀਮਤ ਦਾ ਹਵਾਲਾ ਦਿੱਤਾ ਹੈ, ਉਸ ਤੋਂ ਇਨ੍ਹਾਂ ਦੀ ਕੀਮਤ ਇਕ ਤਿਹਾਈ ਹੈ।’’ ਦੱਸਣਾ ਬਣਦਾ ਹੈ ਕਿ ਮੀਡੀਆ ਦੇ ਇਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ਵਿੱਚ ਮੇਅਬੈਕ ਕਾਰ ਦੀ ਕੀਮਤ 12 ਕਰੋੜ ਤੋਂ ਵੱਧ ਦੱਸੀ ਗਈ ਹੈ। ਸੂਤਰਾਂ ਨੇ ਕਿਹਾ ਕਿ ਐੱਸਪੀਜੀ ਸੁਰੱਖਿਆ ਤਹਿਤ ਕਿਸੇ ਵੀਆਈਪੀ ਦੇ ਸੁਰੱਖਿਆ ਅਮਲੇ ਵਿੱਚ ਤਾਇਨਾਤ ਵਾਹਨਾਂ ਨੂੰ ਛੇ ਸਾਲਾਂ ਮਗਰੋਂ ਬਦਲਣ ਦਾ ਨੇਮ ਹੈ ਜਦੋਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਦੌਰਾਨ ਪੁਰਾਣੀਆਂ ਕਾਰਾਂ ਨੂੰ 8 ਸਾਲਾਂ ਤੱਕ ਵਰਤਿਆ ਗਿਆ। ਆਡਿਟ ਦੌਰਾਨ ਇਸ ਤੱਥ ਨੂੰ ਲੈ ਕੇ ਵੱਡਾ ਇਤਰਾਜ਼ ਜਤਾਇਆ ਗਿਆ ਤੇ ਕਿਹਾ ਗਿਆ ਕਿ ਇਹ ਵੀਆਈਪੀ ਦੀ ਸੁਰੱਖਿਆ ਨਾਲ ਸਮਝੌਤਾ ਹੋ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਸੇ ਖਾਸ ਕਾਰ ਨੂੰ ਵਰਤਣ ਦੀ ਤਰਜੀਹ ਨਹੀਂ ਦਿੱਤੀ ਜਦੋਂਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬੀਤੇ ਵਿੱਚ ਰੇਂਜ ਰੋਵਰ ਵਰਤਦੇ ਰਹੇ ਹਨ, ਜੋ ਕਿ ਉਸ ਵੇਲੇ ਖਾਸ ਤੌਰ ’ਤੇ ਪ੍ਰਧਾਨ ਮੰਤਰੀ ਲਈ ਖਰੀਦੀਆਂ ਗਈਆਂ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਬੀਤੇ ਵਿੱਚ ਬੀਐੱਮਡਬਲਿਊ ਵੱਲੋਂ ਨਿਰਮਤ ਕਾਰਾਂ ਵੀ ਵਰਤਦੇ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਕਿਸੇ ਵੀਆਈਪੀ ਨੂੰ ਦਰਪੇਸ਼ ਖ਼ਤਰੇ ਤੇ ਉਸ ਦੀ ਸੁਰੱਖਿਆ ਦੇ ਲਿਹਾਜ਼ ਤੋਂ ਕੀਤੀ ਜਾਂਦੀ ਹੈ। ਇਹ ਫੈਸਲਾ ਐੱਸਪੀਜੀ ਵੱਲੋਂ ਖੁ਼ਦ ਲਿਆ ਜਾਂਦਾ ਹੈ ਤੇ ਇਸ ਵਿੱਚ ਸੁਰੱਖਿਆ ਲੈਣ ਵਾਲੇ ਸਬੰਧਤ ਵਿਅਕਤੀ ਦਾ ਕੋਈ ਦਖ਼ਲ ਨਹੀਂ ਹੁੰਦਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੁਸਲਮਾਨਾਂ ਮਗਰੋਂ ਹੁਣ ਈਸਾਈ ਭਾਈਚਾਰਾ ਹਿੰਦੂਤਵ ਬ੍ਰਿਗੇਡ ਦਾ ਅਗਲਾ ਨਿਸ਼ਾਨਾ: ਚਿਦੰਬਰਮ
Next articleDelhi hospital running in dangerous building, Atishi posts video