HOME ਮਨੁੱਖਤਾ ਲਈ ਮਿਸਾਲ ਬਣੇ ਦੇਹਦਾਨੀ ਰਾਮ ਪ੍ਰਕਾਸ਼

ਮਨੁੱਖਤਾ ਲਈ ਮਿਸਾਲ ਬਣੇ ਦੇਹਦਾਨੀ ਰਾਮ ਪ੍ਰਕਾਸ਼

1
ਦੋਆਬਾ ਸੇਵਾ ਸਮਿੱਤੀ ਵੱਲੋਂ ਪ੍ਰੇਰਿਤ 149ਵੇਂ ਦੇਹਦਾਨੀ ਨੂੰ ਸਿਵਲ ਸਰਜਨ ਨੇ ਭੇਟ ਕੀਤਾ ‘ਦੇਹਦਾਨ ਕਾਰਡ
– ਦੇਹਦਾਨ ਨਾਲ ਮੈਡੀਕਲ ਸਿੱਖਿਆ, ਖੋਜ ਅਤੇ ਮਨੁੱਖਤਾ ਨੂੰ ਮਿਲਦੀ ਹੈ ਨਵੀਂ ਤਾਕਤ
ਨਵਾਂਸ਼ਹਿਰ  (ਸਮਾਜ ਵੀਕਲੀ)  (ਮਨੋਰੰਜਨ ਕਾਲੀਆ):ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੀ ਯੋਗ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਵੀਰਵਾਰ ਨੂੰ ਦੇਹਦਾਨ ਜਾਗਰੂਕਤਾ ਸਬੰਧੀ ਇੱਕ ਪ੍ਰੇਰਣਾਦਾਇਕ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਪਿੰਡ ਮੀਰਪੁਰ ਜੱਟਾਂ ਦੇ ਵਸਨੀਕ ਸ਼੍ਰੀ ਰਾਮ ਪ੍ਰਕਾਸ਼ ਪੁੱਤਰ ਸ਼੍ਰੀ ਦੀਵਾਨ ਚੰਦ ਨੂੰ ਮਰਨ ਉਪਰੰਤ ਦੇਹਦਾਨ ਕਰਨ ਦੇ ਮਹਾਨ ਫੈਸਲੇ ਲਈ ਸਨਮਾਨਿਤ ਕਰਦਿਆਂ ‘ਦੇਹਦਾਨ ਕਾਰਡ’ ਭੇਟ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਦੇਹਦਾਨ ਮਨੁੱਖੀ ਜੀਵਨ ਦੀ ਆਖਰੀ ਅਤੇ ਸਭ ਤੋਂ ਵੱਡੀ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਜਦੋਂ ਇੱਕ ਮ੍ਰਿਤਕ ਦੇਹ ਮੈਡੀਕਲ ਵਿਦਿਆਰਥੀਆਂ ਦੀ ਸਿੱਖਿਆ, ਖੋਜ ਅਤੇ ਭਵਿੱਖ ਦੇ ਇਲਾਜਾਂ ਲਈ ਵਰਤੀ ਜਾਂਦੀ ਹੈ ਤਾਂ ਉਹ ਅਨੇਕਾਂ ਜਿੰਦਗੀਆਂ ਨੂੰ ਬਿਹਤਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਐੱਮ.ਬੀ.ਬੀ.ਐੱਸ. ਅਤੇ ਹੋਰ ਮੈਡੀਕਲ ਕੋਰਸਾਂ ਦੇ ਵਿਦਿਆਰਥੀਆਂ ਲਈ ਮਨੁੱਖੀ ਸਰੀਰ ਦੀ ਬਣਤਰ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਵਿਹਾਰਕ ਤੌਰ ’ਤੇ ਸਮਝਣ ਲਈ ਦੇਹਦਾਨ ਬੇਹੱਦ ਜ਼ਰੂਰੀ ਹੈ। ਦੇਹਦਾਨੀਆਂ ਦਾ ਇਹ ਯੋਗਦਾਨ ਹੀ ਭਵਿੱਖ ਦੇ ਮਾਹਿਰ ਅਤੇ ਕੁਸ਼ਲ ਡਾਕਟਰ ਤਿਆਰ ਕਰਨ ਦੀ ਮਜ਼ਬੂਤ ਨੀਂਹ ਬਣਦਾ ਹੈ।ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਹਾਨ ਮਨੁੱਖਤਾਵਾਦੀ ਅਭਿਆਨ ਨਾਲ ਜੁੜਨ ਅਤੇ ਮੌਤ ਤੋਂ ਬਾਅਦ ਵੀ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ ਦਾ ਸੰਕਲਪ ਲੈਣ। ਉਨ੍ਹਾਂ ਕਿਹਾ ਕਿ ਦੇਹਦਾਨ ਲਈ ਸਵੈ-ਇੱਛੁੱਕ ਵਿਅਕਤੀ ਨਿਰਧਾਰਿਤ ਫਾਰਮ ਭਰ ਕੇ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਇਹ ਨੇਕ ਕਾਰਜ ਅਪਣਾ ਸਕਦੇ ਹਨ। ਇਸ ਮੌਕੇ ਸਿਵਲ ਸਰਜਨ ਨੇ ਦੋਆਬਾ ਸੇਵਾ ਸਮਿੱਤੀ, ਨਵਾਂਸ਼ਹਿਰ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ, ਸੇਵਾਮੁਕਤ ਬੈਂਕ ਮੈਨੇਜਰ ਅਸ਼ੋਕ ਸ਼ਰਮਾ, ਸਰਪੰਚ ਰਣਜੀਤ ਸਿੰਘ, ਦਲਬੀਰ ਸਿੰਘ ਅਤੇ ਸਮੂਹ ਟੀਮ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਦੇਹਦਾਨ ਪ੍ਰਤੀ ਜਾਗਰੂਕਤਾ ਫੈਲਾਉਣ ਵਿੱਚ ਸੰਸਥਾ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਹੈ। ਦੋਆਬਾ ਸੇਵਾ ਸਮਿੱਤੀ ਦੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 149 ਵਿਅਕਤੀਆਂ ਨੂੰ ਦੇਹਦਾਨ ਲਈ ਪ੍ਰੇਰਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਥਾ ਦੇਹਦਾਨ ਸਬੰਧੀ ਸਾਰੀ ਪ੍ਰਕਿਰਿਆ ਵਿੱਚ ਸਵੈ-ਇੱਛੁੱਕ ਵਿਅਕਤੀਆਂ ਦੀ ਸਹਾਇਤਾ ਕਰਦੀ ਹੈ ਅਤੇ ਸਰਕਾਰੀ ਮੈਡੀਕਲ ਕਾਲਜਾਂ ਨਾਲ ਤਾਲਮੇਲ ਬਣਾ ਕੇ ਪਛਾਣ-ਪੱਤਰ ਜਾਰੀ ਕਰਵਾਉਂਦੀ ਹੈ। ਦੇਹਦਾਨੀ ਰਾਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਜੋਗਾ ਸਿੰਘ, ਰਣਜੀਤ ਸਿੰਘ, ਨੂੰਹਾਂ ਸਤਵਿੰਦਰ ਕੌਰ ਤੇ ਸੰਦੀਪ ਕੌਰ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਮੌਤ ਤੋਂ ਬਾਅਦ ਸਰੀਰ ਮਿੱਟੀ ਵਿੱਚ ਮਿਲ ਜਾਂਦਾ ਹੈ, ਪਰ ਜੇਕਰ ਇਹੀ ਦੇਹ ਮੈਡੀਕਲ ਸਿੱਖਿਆ ਅਤੇ ਖੋਜ ਰਾਹੀਂ ਭਵਿੱਖ ਵਿੱਚ ਕਿਸੇ ਦੀ ਜਾਨ ਬਚਾਉਣ ਦਾ ਕਾਰਨ ਬਣੇ ਤਾਂ ਇਸ ਤੋਂ ਵੱਡਾ ਪੁੰਨ ਅਤੇ ਮਨੁੱਖਤਾ ਦੀ ਸੇਵਾ ਹੋਰ ਕੋਈ ਨਹੀਂ। ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਮ ਸਿੰਘ, ਸਿਹਤ ਵਿਭਾਗ ਦੇ ਅਧਿਕਾਰੀ, ਦੋਆਬਾ ਸੇਵਾ ਸਮਿੱਤੀ ਦੇ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਂਗਰਸ ਪਾਰਟੀ ਦੇ ਹਲਕਾ ਯੂਥ ਪ੍ਰਧਾਨ ਬਣਨ ‘ਤੇ ਨਿਰਮਲ ਸਿੰਘ ਦਾ ਕੀਤਾ ਸਨਮਾਨ।
Next articleਸੀਬੀਆਈ ਨੇ ‘ਡਿਜੀਟਲ ਗ੍ਰਿਫ਼ਤਾਰੀ’ ਵਿਰੁੱਧ ਵੱਡੀ ਕਾਰਵਾਈ ਕੀਤੀ, ਪੰਜਾਬ ਅਤੇ ਦਿੱਲੀ ਤੋਂ ਲੈ ਕੇ ਬੰਗਾਲ ਤੱਕ 16 ਰਾਜਾਂ ਵਿੱਚ ਛਾਪੇਮਾਰੀ ਕੀਤੀ