(ਸਮਾਜ ਵੀਕਲੀ)
ਦੁਨੀਆਂ ਵਿੱਚ ਹਰ ਸਾਲ 20 ਮਾਰਚ ਨੂੰ ਅੰਤਰਰਾਸ਼ਟਰੀ ਖੁਸ਼ੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਆਖਿਰ ਇਹ ਦਿਨ ਮਨਾਉਣ ਦੀ ਕਿਓ ਲੋੜ ਪਈ ਇਸ ਦਿਨ ਨੂੰ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਸਲਾਹਕਾਰ ਰਹਿ ਚੁੱਕੇ ਜੈਮੀ ਇਲੀਅਨ ਦੀ ਵਜ੍ਹਾ ਕਰਕੇ ਮਨਾਇਆ ਜਾਂਦਾ ਜੋ ਇੱਕ ਖੁਦ ਅਨਾਥ ਸੀ ਜਦੋਂ ਵੀ ਉਹ ਮਾਸੂਮ ਅਤੇ ਗਰੀਬ ਅਨਾਥ ਬੱਚਿਆਂ ਦੇ ਚੇਹਰਿਆਂ ਤੇ ਉਦਾਸੀ ਦੇਖਦਾ ਤਾਂ ਉਹ ਸੋਚਦਾ ਕਿ ਸਾਲ ਵਿੱਚ ਘੱਟੋ ਘੱਟ ਇੱਕ ਖੁਸ਼ੀ ਦਿਨ ਇਹੋ ਜਿਹੇ ਲੋਕਾਂ ਲਈ ਵੀ ਰੱਖਿਆ ਜਾਵੇ। ਇਸ ਮਸ਼ਹੂਰ ਸਮਾਜ ਸੇਵੀ ਜੈਮੀ ਇਲੀਅਨ ਨੇ ਜ਼ਿੰਦਗੀ ਵਿਚ ਖੁਸ਼ੀ ਦੀ ਮਹੱਤਤਾ ‘ਤੇ ਕਾਫੀ ਕੰਮ ਕੀਤਾ ਹੈ। ਉਨ੍ਹਾਂ ਅਨੁਸਾਰ ਜੇਕਰ ਕੋਈ ਵਿਅਕਤੀ ਜਾਂ ਦੇਸ਼ ਜੀਵਨ ਵਿੱਚ ਖੁਸ਼ ਹੁੰਦਾ ਹੈ ਤਾਂ ਉਹ ਬਹੁਤ ਤੇਜ਼ੀ ਨਾਲ ਤਰੱਕੀ ਕਰਦਾ ਹੈ ਅਤੇ ਅੱਗੇ ਵਧਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਮਕਸਦ ਜ਼ਿੰਦਗੀ ਦੇ ਨਜ਼ਰੀਏ ਵਿਚ ਬਦਲਾਅ ਕਰਨਾ ਹੈ, ਦੁਨੀਆ ਨੂੰ ਇਸ ਗੱਲ ਦਾ ਅਹਿਸਾਸ ਦਿਵਾਉਣਾ ਹੈ ਕਿ ਸਿਰਫ ਆਰਥਿਕ ਵਿਕਾਸ ਹੀ ਜ਼ਰੂਰੀ ਨਹੀਂ ਬਲਕਿ ਲੋਕਾਂ ਦੀ ਜ਼ਿੰਦਗੀ ਵਿੱਚ ਖੁਸ਼ਹਾਲੀ ਅਤੇ ਸੁੱਖ ਨੂੰ ਵਧਾਉਣਾ ਵੀ ਬੇਹੱਦ ਜ਼ਰੂਰੀ ਹੈ। ਦੁਨੀਆਂ ਵਿੱਚ ਜਿਸ ਇਨਸਾਨ ਨੇ ਜ਼ਿੰਦਗੀ ਨੂੰ ਸਮਝ ਲਿਆ ਹੈ ਅਤੇ ਜਿਉਣ ਦੀ ਕਲਾ ਸਿਖ ਲਈ ਹੈ ਉਹ ਦੁਨੀਆਂ ਦੇ ਮਹਾਨ ਵਿਅਕਤੀਆ ਵਿੱਚ ਗਿਣਿਆ ਜਾਂਦਾ ਹੈ। ਜ਼ਿੰਦਗੀ ਦਾ ਸਭ ਤੋਂ ਵੱਧ ਖੁਸ਼ਹਾਲ ਵਕਤ ਬਚਪਨ ਨੂੰ ਮੰਨਿਆ ਗਿਆ ਹੈ ਉਸ ਤੋਂ ਬਾਅਦ ਜਿਓਂ ਜਿਓਂ ਇਨਸਾਨ ਹੋਸ਼ ਸੰਭਾਲਦਾ ਹੈ ਉਸੇ ਤਰ੍ਹਾਂ ਜ਼ਿੰਮੇਵਾਰੀਆਂ ਦੀ ਦਹਿਲੀਜ਼ ਤੇ ਖਲੋ ਜਾਂਦਾ ਹੈ। ਮੈਂ ਬਹੁਤ ਸਾਰੇ ਅਮੀਰ ਲੋਕਾਂ ਨੂੰ ਵੀ ਮਾਨਸਿਕ ਤੌਰ ਤੇ ਬਿਮਾਰ ਹੁੰਦਿਆਂ ਦੇਖਿਆ ਹੈ। ਅਸੀਂ ਰੋਜ਼ਮਰਾ ਦੀ ਭੱਜਦੌੜ ਵਾਲੀ ਜ਼ਿੰਦਗੀ ਵਿੱਚ ਇੰਨੇ ਉਲਝ ਗਏ ਹਾਂ ਕਿ ਕਦੇ ਕੁਝ ਸਮਾਂ ਇਕੱਲੇ ਬੈਠ ਕੇ ਆਪਣੇ ਬਾਰੇ ਸੋਚਣਾ ਵੀ ਦੂਰ ਹੋ ਗਇਆ ਹੈ। ਜ਼ਿੰਦਗੀ ਵਾਰੇ ਕਿਸੇ ਕਵੀ ਨੇ ਬਾਖੂਬ ਲਿਖਿਆ ਹੈ।
ਹਸ ਖੇਲ ਕੇ ਬਿਤਾਨੀ
ਹੈ ਅਬ ਯੇ ਜ਼ਿੰਦਗੀ
ਸਭੀ ਸੇ ਪਿਆਰ ਮੁਹੱਬਤ ਹਮਦਰਦੀ
ਐਸੇ ਚਲਾਨੀ ਹੈ ਯੇ ਜ਼ਿੰਦਗੀ
ਕਿਸੀ ਕੇ ਕਾਮ ਆ ਜਾਏ ਅਬ
ਐਸੀ ਬਨਾਨੀ ਹੈ ਯੇ ਜ਼ਿੰਦਗੀ
ਖੁਸ਼ਹਾਲ ਜ਼ਿੰਦਗੀ ਬਾਰੇ ਲੋਕਾਂ ਦੀ ਅਲੱਗ ਅਲੱਗ ਸੋਚ ਹੋ ਸਕਦੀ ਹੈ ਇਹ ਸੋਚ ਉਨ੍ਹਾਂ ਦੇ ਰਹਿਣ ਸਹਿਣ, ਅਮੀਰੀ ਗਰੀਬੀ, ਦੇਸ਼ ਅਤੇ ਵਿਚਾਰਧਾਰਾ ਤੇ ਨਿਰਭਰ ਕਰਦੀ ਹੈ ਜਿਵੇਂ ਕਿ ਬੱਚਿਆਂ ਲਈ ਜ਼ਿੰਦਗੀ ਇਕ ਖੇਡ ਹੈ, ਨੌਜਵਾਨਾਂ ਲਈ ਜ਼ਿੰਦਗੀ ਇਕ ਗੀਤ ਹੈ ਇਸੇ ਤਰ੍ਹਾਂ ਕੋਈ ਜਿੰਦਗੀ ਨੂੰ ਕਲਾ ਦੱਸਦਾ ਹੈ ,ਕੋਈ ਤਪੱਸਿਆ ,ਕੋਈ ਜਿੰਦਗੀ ਨੂੰ ਜੱਦੋ- ਜਹਿਦ ਦੱਸਦਾ ਹੈ ਅਤੇ ਕੋਈ ਸਫਰ ਦਾ ਨਾਂ ਦਿੰਦਾ ਹੈ ਕੋਈ ਜਿੰਦਗੀ ਨੂੰ ਗੱਲ ਪਇਆ ਢੋਲ ਨੂੰ ਵਜਾਉਣਾ ਕਹਿੰਦਾ ਹੈ , ਕੋਈ ਇਸਨੂੰ ਜਿੰਦਾਦਿਲੀ ਵੱਜੋਂ ਦੇਖਦਾ ਹੈ, ਕੋਈ ਕਰਮਾ ਦਾ ਫਲ, ਕੋਈ ਕੰਡਿਆਂ ਦੀ ਸੇਜ ਗੱਲ ਕੀ, ਅਣਗਿਣਤ ਧਾਰਨਾਵਾਂ ਹਨ, ਜਿੰਦਗੀ ਦੇ ਸੰਬੰਧ ਵਿੱਚ । ਫਿਰ ਵੀ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਦੇ ਵਿਚਕਾਰ , ਬਚਪਨ ਤੋਂ ਜਵਾਨੀ , ਜਵਾਨੀ ਤੋਂ ਬੁਢਾਪਾ ਆਦਿ ਤੱਕ ਦਾ ਸਫ਼ਰ ਤੈਅ ਕਰਦਿਆਂ ਜਿਹੜਾ ਸਮਾਂ ਆ ਜਾਂਦਾ ਹੈ , ਓਹੀ ਜਿੰਦਗੀ ਹੈ । ਜਿੰਦਗੀ ਇਕ ਛੋਟਾ ਜਿਹਾ ਸ਼ਬਦ ਆਪਣੇ ਆਪ ਵਿੱਚ ਬਹੁਤ ਡੂੰਘੇ ਅਰਥ ਸਮੋਈ ਬੈਠਾ ਹੈ । ਜਿੰਦਗੀ ਦੁੱਖਾਂ ਅਤੇ ਸੁੱਖਾਂ ਦਾ , ਪਿਆਰ ਅਤੇ ਤਕਰਾਰ ਦਾ , ਦੋਸਤੀ ਅਤੇ ਚਾਹਤ ਦਾ, ਖੁਸ਼ੀਆਂ ਅਤੇ ਗ਼ਮੀਆਂ ਦਾ ਪਾਉਣ ਅਤੇ ਗਵਾਉਣ ਦਾ , ਰੁੱਸਣ ਅਤੇ ਮਨਾਉਣ ਦਾ, ਆਸਾਂ ਅਤੇ ਨਿਰਾਸ਼ਾ ਦਾ ਇਕ ਸੰਗਮ ਹੈ।
ਵੱਖ ਵੱਖ ਵਿਦਵਾਨਾਂ ਦੇ ਜਿੰਦਗੀ ਦੇ ਬਾਰੇ ਵੱਖਰੇ ਵੱਖਰੇ ਮੱਤ ਹਨ ।
– ਅੰਗਰੇਜ਼ੀ ਕਵੀ ਵਿਲੀਅਮ ਸ਼ੇਕਸਪੀਅਰ ਅਨੁਸਾਰ ,” ਜਿੰਦਗੀ ਇੱਕ ਰੰਗਮੰਚ ਹੈ ਜਿੱਥੇ ਹਰ ਕੋਈ ਆਪਣਾ ਰੋਲ ਨਿਭਾ ਕੇ ਚਲਾ ਜਾਂਦਾ ਹੈ । ”
ਜਿੰਦਗੀ ਜਿਉਣਾ ਵੀ ਇਕ ਕਲਾ ਹੈ , ਕਲਾ ਹੀ ਨਹੀਂ ਸਗੋਂ ਇਕ ਤਪੱਸਿਆ ਹੈ । ਜੀਵਨ ਅੱਗੇ ਵਧਣ ਦਾ ਸਿਧਾਂਤ ਹੈ , ਸਥਿਰ ਰਹਿਣ ਦਾ ਨਹੀਂ । ਜਿੰਦਗੀ ਜਿਉਣਾ ਹੋਰ ਗੱਲ ਹੈ ਅਤੇ ਭੋਗਣਾ ਹੋਰ । ਜਿੰਦਗੀ ਜਿਊਣ ਵਾਲੇ ਬੰਦੇ ਉਹ ਹੁੰਦੇ ਹਨ ਜੋ ਆਪਣੀ ਜਿੰਦਗੀ ਦੇ ਮਾਲਕ ਆਪ ਹੁੰਦੇ ਹਨ ਉਹ ਆਪ ਇਸਨੂੰ ਸੇਧ ਦਿੰਦੇ ਹਨ , ਮਕਸਦ ਦਿੰਦੇ ਹਨ ਅਤੇ ਇਸਦੇ ਵਿੱਚ ਕਈ ਰੰਗ ਭਰਦੇ ਹਨ । ਜਿੰਦਗੀ ਭੋਗਣ ਜਾ ਕੱਟਣ ਵਾਲੇ ਉਹ ਇਨਸਾਨ ਹੁੰਦੇ ਹਨ ਜਿਹਨਾਂ ਨੂੰ ਜਿੰਦਗੀ ਆਪ ਚਲਾਉਂਦੀ ਹੈ ਕਦੇ ਰੁਆਉਦੀ ਹੈ ਉਹ ਜਿੰਦਗੀ ਦੇ ਗੁਲਾਮ ਬਣੇ ਰਹਿੰਦੇ ਹਨ ਅਤੇ ਆਪਣੀ ਮੰਦਹਾਲੀ ਲਈ ਕਰਮਾਂ ਨੂੰ ਜਾ ਰੱਬ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ ਅਤੇ ਦੁੱਖੀ ਰਹਿੰਦੇ ਹਨ।
ਜਿੰਦਗੀ ਵਿੱਚ ਦੁੱਖ ਸੁਖ ਨਾਲ ਨਾਲ ਚਲਦੇ ਹਨ । ਦੁੱਖਾ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ । ਸਗੋਂ ਹਿੰਮਤ ਅਤੇ ਦਲੇਰੀ ਨਾਲ ਜਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ।
ਇੱਕ ਵਾਰ ਕਿਸੇ ਬੰਦੇ ਨੇ ਇੱਕ ਸਾਧੂ ਨੂੰ ਸਵਾਲ ਕੀਤਾ ਕਿ ਕੋਈ ਅਜਿਹਾ ਵਚਨ ਕਰੋ ਜਿਸ ਨਾਲ ਆਤਮ ਵਿਸ਼ਵਾਸ ਮਜਬੂਤ ਹੋਵੇ ਤਾਂ ਉਸ ਸਿੱਧ ਪੁਰਖ ਨੇ ਜਵਾਬ ਦਿੱਤਾ,
”ਇਹ ਸਮਾਂ ਵੀ ਗੁਜਰ ਜਾਏਗਾ ।
ਸੱਚਮੁੱਚ ਉਸ ਭਲੇ ਪੁਰਖ ਦਾ ਜਵਾਬ ਬਹੁਤ ਕਮਾਲ ਦਾ ਸੀ। ਸੁੱਖ ਵਿੱਚ ਵਿਅਕਤੀ ਨੂੰ ਆਪਣੇ ਪੈਰ ਨਹੀਂ ਛੱਡਣੇ ਚਾਹੀਦੇ ਅਤੇ ਦੁੱਖ ਵਿੱਚ ਹਿੰਮਤ । ਚੰਗਾ ਅਤੇ ਮਾੜਾ ਸਮਾਂ ਨਾਲ ਨਾਲ ਚਲਦਾ ਹੈ। ਗੁਰਬਾਣੀ ਵਿੱਚ ਵੀ ਲਿਖਿਆ ਹੈ ਕਿ” ਦੁਖ ਸੁਖ ਦੋਹਿ ਦਰ ਕੱਪੜੇ ਪਹਿਰੇ ਜਾਏਂ ਮਨੁੱਖ” ਫੂਲਾਂ ਦੀ ਹੋਂਦ ਵੀ ਕੰਡਿਆਂ ਕਰਕੇ ਹੀ ਹੁੰਦੀ ਹੈ
ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਲੋਕ ਆਪਣੇ ਜੀਵਨ ਨੂੰ ਲੰਮਾ ਕਰਨਾ ਤਾਂ ਚਾਹੁੰਦੇ ਹਨ ,ਪਰ ਸੁਧਾਰਨਾ ਨਹੀਂ । ਇਥੇ ਸਵਾਲ ਇਹ ਨਹੀਂ ਕਿ ਅਸੀਂ ਕਿੰਨਾ ਚਿਰ ਜਿਉਂਦੇ ਹਾਂ। ਸਵਾਲ ਇਹ ਹੈ ਕਿ ਅਸੀਂ ਕਿਵੇਂ ਜਿਉਂਦੇ ਹਾਂ । ਜਿੰਦਗੀ ਭਾਵੇਂ ਥੋੜੀ ਹੀ ਕਿਉਂ ਨਾ ਹੋਵੇ , ਪਰ ਚੰਗੀ ਹੋਣੀ ਚਾਹੀਦੀ ਹੈ । ਅਖੇ
ਦੋ ਪੈਰ ਘੱਟ ਤੁਰਨਾ ,
ਪਰ ਤੁਰਨਾ ਮੜਕ ਦੇ ਨਾਲ ।
ਦੋ ਦਿਨ ਘੱਟ ਜੀਵਣਾ,
ਪਰ ਜੀਵਣਾ ਮੜਕ ਦੇ ਨਾਲ । ਜ਼ਿੰਦਗੀ ਜਿੰਦਾਦਿਲੀ ਦਾ ਨਾਮ ਹੈ । ਦੁੱਖ ਅਤੇ ਸੁੱਖ ਜਿੰਦਗੀ ਵਿਚ ਨਾਲ ਨਾਲ ਚਲਦੇ ਹਨ ਪਰ ਜਿੰਦਗੀ ਨੂੰ ਕਿਵੇਂ ਜਿਉਣਾ ਹੈ ਇਹ ਮਨੁੱਖ ਦੇ ਆਪਣੇ ਹੱਥ ਹੁੰਦਾ ਹੈ । ਕਈ ਲੋਕ ਛੋਟੀਆਂ ਛੋਟੀਆਂ ਗੱਲਾਂ ਵਿਚ ਵੀ ਵੱਡੀਆਂ ਖੁਸ਼ੀਆਂ ਦੀ ਤਲਾਸ਼ ਕਰ ਲੈਂਦੇ ਹਨ ਅਤੇ ਕਈ ਵੱਡੀਆਂ ਖੁਸ਼ੀਆਂ ਨੂੰ ਵੀ ਅਜਾਈਂ ਗਵਾ ਦਿੰਦੇ ਹਨ । ਕਈ ਵਾਰੀ ਅਸੀਂ ਜੋ ਕੁਝ ਕੋਲ ਮੌਜੂਦ ਹੈ ਉਸਨੂੰ ਮਾਨਣ ਦੀ ਥਾਂ , ਜੋ ਕੋਲ ਨਹੀਂ ਦਾ ਰੋਣਾ ਰੋਂਦੇ ਰਹਿੰਦੇ ਹਾ ਅਤੇ ਵਕਤ ਅਤੇ ਕਿਸਮਤ ਨੂੰ ਕੋਸਦੇ ਕੋਸਦੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੇ ਹਾਂ। ਗੌਰਤਲਬ ਹੈ ਕਿ ਹਰ ਇਨਸਾਨ ਆਪਣੀ ਜਿੰਦਗੀ ਵਿੱਚ ਸਫਲ ਹੋਣ ਦੀ ਲੋਚਾ ਰੱਖਦਾ ਹੈ ਕੋਈ ਵੀ ਬੰਦਾ ਅਸਫਲ ਨਹੀਂ ਹੋਣਾ ਚਾਹੁੰਦਾ । ਕਈ ਲੋਕ ਜਿੰਦਗੀ ਵਿੱਚ ਸਫਲਤਾ ਦੀਆਂ ਕਹਾਣੀਆਂ ਸਿਰਜ ਜਾਂਦੇ ਹਨ ਅਤੇ ਕਈ ਹੱਥ ਮਲਦੇ ਰਹਿ ਜਾਂਦੇ ਹਨ । ਕਈਆਂ ਦੇ ਦਰਵਾਜੇ ਤੇ ਸਫਲਤਾ ਵਾਰ ਵਾਰ ਦਸਤਕ ਦਿੰਦੀ ਹੈ ਅਤੇ ਕਈਆਂ ਕੋਲੋਂ ਸਫਲਤਾ ਮੂੰਹ ਮੋੜ ਕੇ ਲੰਘ ਜਾਂਦੀ ਹੈ । ਕਈ ਲੋਕਾਂ ਨਾਲ ਸਫਲਤਾ ਪਰਛਾਵਾਂ ਬਣ ਕੇ ਚਲਦੀ ਹੈ ਅਤੇ ਕਈਆਂ ਨੂੰ ਸਫਲਤਾ ਖੁਆਬਾਂ ਵਿੱਚ ਵੀ ਨਸੀਬ ਨਹੀਂ ਹੁੰਦੀ । ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਅਤੇ ਜ਼ਿੰਦਗੀ ਵਿਚ ਨਿਰਾਸ਼ ਨਹੀਂ ਹੋਣਾ ਚਾਹੀਦਾ। ਜੇਕਰ ਅਸੀਂ ਅਸਫਲ ਵੀ ਹੁੰਦੇ ਹਾਂ ਤਾਂ ਸਾਨੂੰ ਇਸਨੂੰ ਵੀ ਸਕਾਰਾਤਮਕ ਪੱਖ ਤੋਂ ਕਬੂਲਣਾ ਚਾਹੀਦਾ ਹੈ । ਅਸਫਲਤਾ ਤੋਂ ਨਿਰਾਸ਼ ਹੋ ਕੇ ਯਤਨ ਨਹੀਂ ਛੱਡਣੇ ਚਾਹੀਦੇ । ਜੇਕਰ ਅਸੀਂ ਅਸਫਲ ਵੀ ਰਹਿੰਦੇ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਕੁਝ ਵੀ ਪ੍ਰਾਪਤ ਨਹੀਂ ਕੀਤਾ । ਇਸ ਤੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਅਸੀਂ ਮੰਜਿਲ ਪ੍ਰਾਪਤੀ ਤੋਂ ਕਿੰਨੀ ਦੂਰ ਹਾਂ । ਜਿੰਨੇ ਕਦਮ ਅਸੀਂ ਸਫਲਤਾ ਵਾਲ ਜਾਣ ਨੂੰ ਪੁੱਟੇ ਹਨ , ਉਹ ਆਉਣ ਵਾਲੇ ਸਮੇਂ ਵਿੱਚ ਸਾਡੀ ਬਣਨ ਵਾਲੀ ਸਫਲਤਾ ਦੀਆਂ ਨੀਹਾਂ ਵਿੱਚ ਇੱਟਾਂ ਦਾ ਕੰਮ ਕਰਨਗੇ । ਇਸ ਲਈ ਹਿੰਮਤ ਦਾ ਪੱਲਾ ਕਦੇ ਨਾ ਛੱਡੋ
ਹਾਸ਼ਿਮ ਫਤਿਹ ਨਸੀਬ ਓਹਨਾ ,
ਜਿਨ੍ਹਾਂ ਹਿੰਮਤ ਯਾਰ ਬਣਾਈ ।
ਜਿੰਦਗੀ ਇੱਕ ਅਮਲੀ ਜਾਮਾ ਹੈ । ਇਕ ਰੰਗਮੰਚ ਹੈ । ਹਰ ਇਨਸਾਨ ਇਸ ਦੁਨੀਆ ਰੂਪੀ ਰੰਗਮੰਚ ਉੱਤੇ ਆਪਣਾ ਰੋਲ ਅਦਾ ਕਰਨ ਲਈ ਆਉਂਦਾ ਹੈ ਅਤੇ ਚਲਾ ਜਾਂਦਾ ਹੈ । ਇਸ ਲਈ ਸਾਨੂੰ ਹਰ ਰੋਲ ਬਾਖੂਬੀ ਨਿਭਾਉਣਾ ਚਾਹੀਦਾ ਹੈ ।
ਇੰਨੀ ਸ਼ਿੱਦਤ ਨਾਲ ਨਿਭਾਓ
ਜਿੰਦਗੀ ਦਾ ਕਿਰਦਾਰ ,
ਕਿ ਪਰਦਾ ਡਿੱਗਣ ਤੋਂ ਬਾਅਦ
ਵੀ ਵਜਦੀਆਂ ਰਹਿਣ ਤਾੜੀਆਂ ।
ਮਿਹਨਤ ਨਾਲ ਧੰਨ ਕਮਾਉਣਾ ਮਾੜੀ ਗੱਲ ਨਹੀਂ ਹੈ ਪਰ ਸਿਰਫ ਪੈਸੇ ਨਾਲ ਹੀ ਕਦੇ ਵੀ ਜ਼ਿੰਦਗ਼ੀ ਦੀਆਂ ਖੁਸ਼ੀਆਂ ਨਹੀਂ ਖਰੀਦੀਆਂ ਜਾ ਸਕਦੀਆਂ। ਮੈਂ ਬਹੁਤ ਵਾਰੀ ਬਿਨਾਂ ਛੱਤ ਤੋਂ ਅਤੇ ਰਾਤ ਨੂੰ ਭੁੱਖੇ ਸੌਣ ਵਾਲਿਆਂ ਨੂੰ ਬਹੁਤ ਖੁਸ਼ ਦੇਖਿਆ ਹੈ ਅਤੇ ਬਹੁਤ ਸਾਰੇ ਧਨਾਢ ਲੋਕਾਂ ਨੂੰ ਹਰ ਵੇਲੇ ਦੁੱਖੀ ਅਤੇ ਰੋਂਦਿਆਂ ਵੇਖਿਆ ਹੈ। ਆਉ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਕੇ ਜੀਵਨ ਬਤੀਤ ਕਰੀਏ ਤਾਂ ਕਿ ਹਰ ਦਿਨ ਹੀ ਸਾਡਾ ਖੁਸ਼ੀ ਦਿਵਸ (Happy day) ਹੋਵੇ ਅਤੇ ਸਾਨੂੰ ਖੁਸ਼ ਹੋਣ ਲਈ ਸਿਰਫ ਇੱਕ ਦਿਨ ਖੁਸ਼ੀ ਦਿਵਸ ਦਾ ਇੰਤਜ਼ਾਰ ਨਾ ਕਰਨਾ ਪਵੇ।
ਕੁਲਦੀਪ ਸਿੰਘ ਸਾਹਿਲ
9417990040
ਸਿਰਨਾਵਾਂ:- # 16, ਏ ਫੋਕਲ ਪੁਆਇੰਟ ਰਾਜਪੁਰਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly