HOME ਇਨਕਲਾਬੀ ਜੋਸ਼ ਨਾਲ਼ ਮਈ ਦਿਵਸ ਮਨਾਇਆ ਗਿਆ, ਲੋਕਾਂ ਨੂੰ ਤਿੱਖੇ ਸੰਘਰਸ਼ਾਂ ਦੀ...

ਇਨਕਲਾਬੀ ਜੋਸ਼ ਨਾਲ਼ ਮਈ ਦਿਵਸ ਮਨਾਇਆ ਗਿਆ, ਲੋਕਾਂ ਨੂੰ ਤਿੱਖੇ ਸੰਘਰਸ਼ਾਂ ਦੀ ਤਿਆਰੀ ਦਾ ਸੱਦਾ,

ਗੜ੍ਹਸ਼ੰਕਰ   (ਸਮਾਜ ਵੀਕਲੀ)   (ਬਲਵੀਰ ਚੌਪੜਾ ) ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ,ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਤੇ ਮਜ਼ਦੂਰ ਕਿਸਾਨ ਜਨਤਕ ਜਥੇਬੰਦੀਆਂ ਅਤੇ ਵਲੋਂ ਮਈ ਦਿਵਸ ਸਾਥੀ ਸ਼ਾਦੀ ਰਾਮ ਕਪੂਰ ਅਤੇ ਸਾਥੀ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਵਿੱਚ ਜੰਗਲਾਤ ਵਿਭਾਗ ਦੀ ਨਰਸਰੀ ਵਿਖੇ ਇਨਕਲਾਬੀ ਜੋਸ਼ ਨਾਲ਼ ਮਨਾਇਆ ਗਿਆ। ਆਕਾਸ਼ ਗੁੰਜਾਊ ਨਾਹਰਿਆਂ ਦੀ ਗੂੰਜ ਵਿੱਚ ਸਾਥੀ ਪਵਨ ਕੁਮਾਰ ਗੜ੍ਹੀ ਵਲੋਂ ਲਾਲ ਝੰਡਾ ਫਹਿਰਾਇਆ ਗਿਆ।ਇਸ ਸਮੇਂ ਮਜ਼ਦੂਰ,ਮੁਲਾਜ਼ਮ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਮਈ ਦਿਵਸ ਦੇ ਇਤਿਹਾਸ ਤੇ ਚਾਨਣਾ ਪਾਇਆ ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਮੁੱਖ ਬੁਲਾਰੇ ਵਜੋਂ ਬੋਲਦਿਆਂ ਜਨਤਕ ਆਗੂ ਸੱਜਣ ਸਿੰਘ ਮੋਹਾਲੀ ਨੇ ਕਿਹਾ ਕਿ ਅੱਜ ਸਮੁੱਚੇ ਸੰਸਾਰ ਵਿੱਚ ਮਜ਼ਦੂਰਾਂ ਦੁਆਰਾ ਸ਼ਹੀਦੀਆਂ ਦੇ ਕੇ ਪ੍ਰਾਪਤ ਕੀਤੇ ਅਧਿਕਾਰਾਂ ਤੇ ਸਹੂਲਤਾਂ ਨੂੰ ਸਰਮਾਏਦਾਰ ਪੱਖੀ ਸਰਕਾਰਾਂ ਤੇ ਕਾਰਪੋਰੇਟ ਦੁਆਰਾ ਬੇਕਿਰਕੀ ਨਾਲ਼ ਖ਼ਤਮ ਕੀਤਾ ਜਾ ਰਿਹਾ ਹੈ। ਮੋਦੀ ਸਰਕਾਰ ਦੁਆਰਾ ਮਨਰੇਗਾ ਕਾਨੂੰਨ ਖਤਮ ਕਰਨਾ ਤੇ ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਲੇਬਰ ਕੋਡ ਲਾਗੂ ਕਰਨਾ,ਮਜ਼ਦੂਰਾਂ ਤੇ ਵੱਡਾ ਹਮਲਾ ਹੈ। ਕਾਰਪੋਰੇਟ ਜਗਤ ਵਿਚ ਮਜ਼ਦੂਰਾਂ ਤੇ ਮੁਲਾਜ਼ਮਾਂ ਕੋਲੋਂ ਨਿਗੂਣੀਆਂ ਤਨਖਾਹਾਂ ਬਦਲੇ ਬਾਰਾਂ ਬਾਰਾਂ ਘੰਟੇ ਲਗਾਤਾਰ ਕੰਮ ਲਿਆ ਜਾ ਰਿਹਾ ਹੈ। ਮਜ਼ਦੂਰਾਂ ਕੋਲੋਂ ਲੇਬਰ ਕੋਰਟ ਜਾਣ ਜਾਂ ਹੜਤਾਲ ਕਰਨ ਦਾ ਅਧਿਕਾਰ ਖੋਹ ਲਿਆ ਗਿਆ ਹੈ । ਚਾਰੇ ਲੇਬਰ ਕੋਡ ਸਿਰਫ ਕਾਰਪੋਰੇਟ ਤੇ ਸਰਮਾਏਦਾਰੀ ਦਾ ਪੱਖ ਪੂਰਦੇ ਹਨ । ਮੋਦੀ ਸਰਕਾਰ ਮਜ਼ਦੂਰਾਂ ਤੇ ਆਮ ਲੋਕਾਂ ਦੀਆਂ ਸਮੱਸਿਆਂਵਾਂ ਹੱਲ ਕਰਨ ਦੀ ਥਾਂ ਉਹਨਾਂ ਨੂੰ ਧਰਮ ਅਧਾਰ ਤੇ ਪਾੜ ਕੇ ਆਪਣਾ ਰਾਜਨੀਤਿਕ ਉੱਲੂ ਸਿੱਧਾ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਬੁਰੀ ਤਰ੍ਹਾ ਅਸਫਲ ਰਹੀ ਹੈ। ਨਸ਼ੇ ਅਤੇ ਮਾਈਨਿੰਗ ਦਾ ਮਸਲਾ ਪਹਿਲਾਂ ਨਾਲੋਂ ਵੀ ਗੰਭੀਰ ਹੋ ਗਿਆ ਹੈ।ਰੁਜ਼ਗਾਰ ਮੰਗਦੇ ਨੌਜਵਾਨਾਂ ਤੇ ਨਿੱਤ ਲਾਠੀਆਂ ਵਰ੍ਹਾਈਆਂ ਜਾਂਦੀਆਂ ਹਨ। ਸਰਕਾਰੀ ਵਿਭਾਗਾਂ ਵਿੱਚ ਹਜ਼ਾਰਾਂ ਪੋਸਟਾਂ ਖਾਲੀ ਹਨ,ਸਿਹਤ ਬੀਮਾ ਯੋਜਨਾ ਠੁੱਸ ਹੋ ਚੁੱਕੀ ਹੈ।ਮੁਲਾਜ਼ਮਾਂ, ਪੈਨਸ਼ਨਰਾਂ ਤੇ ਮਾਣ ਭੱਤਾ ਵਰਕਰਾਂ ਨਾਲ਼ ਕੀਤੇ ਵਾਅਦਿਆਂ ਚੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।ਭਗਵੰਤ ਮਾਨ ਨੂੰ ਲੋਕਾਂ ਦੇ ਫ਼ਿਕਰ ਨਾਲੋਂ ਆਪਣੀ ਕੁਰਸੀ ਬਚਾਉਣ ਦਾ ਫ਼ਿਕਰ ਵੱਧ ਹੈ।ਪੰਜਾਬ ਦੇ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ਤੇ ਦਿੱਲ੍ਹੀ ਦੇ ਹਾਰੇ ਹੋਏ ਆਗੂ ਐਸ਼ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਭਾਈਚਾਰਕ ਏਕਤਾ ਮਜ਼ਬੂਤ ਕਰਦੇ ਹੋਏ ਸਾਂਝੇ ਸੰਘਰਸ਼ੀ ਘੋਲ਼ਾਂ ਰਾਹੀਂ ਹੀ ਲੋਕ ਦੋਖੀ ਸਰਕਾਰਾਂ ਦਾ ਤਖਤਾਂ ਪਲਟਿਆ ਜਾ ਸਕਦਾ ਹੈ।ਉਹਨਾਂ ਲੋਕਾਂ ਨੂੰ ਭਵਿੱਖ ਦੇ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਸਮੇਂ ਮੰਗ ਕੀਤੀ ਗਈ ਕਿ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ, ਮਗਨਰੇਗਾ ਸਕੀਮ ਬਹਾਲ ਕੀਤੀ ਜਾਵੇ,ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤ ਲਾਗੂ ਕੀਤੀ ਜਾਵੇ,ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ।ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ।ਇਸ ਸਮੇਂ ਰਾਮ ਜੀ ਦਾਸ ਚੌਹਾਨ,ਸ਼ਾਮ ਸੁੰਦਰ ਕਪੂਰ,ਕੁਲਭੂਸ਼ਣ ਮਹਿੰਦਵਾਨੀ, ਨਰੇਸ਼ ਧੀਮਾਨ,ਗੁਰਨਾਮ ਹਾਜ਼ੀਪੁਰ,ਜੋਗਿੰਦਰ ਕੁੱਲੇਵਾਲ,ਸ਼ਿੰਗਾਰਾ ਰਾਮ ਭੱਜਲ,ਜੀਤ ਸਿੰਘ ਚੌਧਰੀ, ਹਰਜਿੰਦਰ ਸੂਨੀ,ਜਗਦੀਸ਼ ਪੱਖੋਵਾਲ,ਬਲਵੰਤ ਰਾਮ,ਸ਼ਰਮੀਲਾ ਰਾਣੀ,ਜਸਵਿੰਦਰ ਕੌਰ,ਗੋਪਾਲ ਦਾਸ ਮਨਹੋਤਰਾ,ਕਿਹਰ ਸਿੰਘ ਪੋਸੀ, ਰਮਨ ਕੁਮਾਰ,ਗੋਪੀ ਰਾਮ,ਹਰਭਜਨ ਰਾਮ,ਜੋਗਿੰਦਰ ਹੀਰ,ਕਮਲਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਪਟਵਾਰਖਾਨਿਆਂ ਵਿੱਚ ਲੁੱਟ-ਖਸੁੱਟ ਬੰਦ ਕਰਨ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਡੀ.ਸੀ. ਨੂੰ ਮੰਗ ਪੱਤਰ
Next articleਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਲਗਾਇਆ ਖੂਨਦਾਨ ਕੈਂਪ :- ਸਵਰਾਜ ਸਿੰਘ ਬਰਾੜ