ਮਾਤਾ ਦਰਸ਼ਣ ਕੌਰ ਵਿਰਕ ਦੇ ਪੜਪੋ੍ਹਤਰੇ ਅਤੇ ਦੜਦੋ੍ਹਤਰੇ ਦੇ ਜਨਮ ਦਿਨਾਂ ਤੇ ਖਾਲਸਾ ਏਡ ਇੰਟਰਨੈਸ਼ਨਲ ਲਈ £301 ਦਾਨ ਕੀਤੇ
ਲੈਸਟਰ (ਸਮਾਜ ਵੀਕਲੀ): ਇਥੋਂ ਦੇ ਮਾਂ-ਬੋਲੀ ਪੰਜਾਬੀ ਅਤੇ ਸਭਿਆਚਾਰ ਨੂੰ ਸਮਰਪਿਤ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦੇ ਪੋ੍ਹਤਰੇ ਅਤੇ ਦੋ੍ਹਤਰੇ ਅਤੇ ਮਾਤਾ ਦਰਸ਼ਣ ਕੌਰ ਵਿਰਕ ਦੇ ਪੜਪੋ੍ਹਤਰੇ ਜੋਰਾਵਰ ਸਿੰਘ ਦੇ 6ਵੇਂ ਅਤੇ ਦੜਦੋ੍ਹਤਰੇ ਰੋਬਿੰਦਰ ਸਿੰਘ ਦੇ 5ਵੇਂ ਜਨਮ ਦੀ ਦਿਨਾਂ ਖੁਸ਼ੀ ਵਿੱਚ ਗੁਰਦਵਾਰਾ ਸ਼੍ਰੀ ਗੁਰੁ ਹਰਿਕ੍ਰਿਸ਼ਨ ਸਾਹਿਬ, ਓਡਬੀ ਵਿਖੇ ਐਤਵਾਰ 3 ਮਾਰਚ 2024 ਨੂੰ ਦੋ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਰਖਾਏ ਗਏ ਅਤੇ ਖਾਲਸਾ ਏਡ ਇੰਰੲਨੈਸ਼ਨਲ ਲਈ £301 ਦਾਨ ਕੀਤੇ ਗਏ।
ਪੰਜਵੇਂ ਨਾਨਕ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੁ ਅਰਜਨ ਦੇਵ ਜੀ ਦੀ ਲਿਖੀ ਪਵਿੱਤਰ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਦੋ ਪਾਠ 9.40 ਸਵੇਰੇ ਅਰੰਭ ਕੀਤੇ ਗਏ ਜਿਨ੍ਹਾ ਦੀ ਸਮਾਪਤੀ ਤਕਰੀਬਨ 11.15 ਵਜੇ ਹੋਈ । ਉਪਰੰਤ ਆਈਆਂ ਹੋਈਆਂ ਸੰਗਤਾਂ ਨੇ ਅਰਦਾਸ ਵਿੱਚ ਹਾਜਰੀ ਲਵਾਈ ਅਤੇ ਗਿਆਨੀ ਜੀ ਨੇ ਸਰਬੱਤ ਦੇ ਭਲੇ ਦੇ ਲਈ ਅਰਦਾਸ ਕੀਤੀ। ਕਾਕੇ ਜੋਰਵਰ ਸਿੰਘ ਅਤੇ ਰੋਬਿੰਦਰ ਸਿੰਘ ਅਤੇ ਸਮੂਹ ਵਿਰਕ ਪ੍ਰੀਵਾਰ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਤੋਂ ਬਾਅਦ ਗੁਰਦਵਾਰਾ ਸਾਹਿਬ ਵਲੋਂ ਜੋਰਾਵਰ ਅਤੇ ਰੋਬਿੰਦਰ ਨੂੰ ਸਰੋਪੇ ਭੇਂਟ ਕਰਕੇ ਸਨਮਾਨਿੱਤ ਕੀਤਾ। ਗੁਰਦਵਾਰਾ ਸਾਹਿਬ ਦੇ ਹਜੂਰੀ ਜੱਥੇ ਨੇ ਨਿਰੋਲ ਗੁਰਬਾਣੀ ਕੀਰਤਨ ਅੱਧੇ ਘੰਟੇ ਲਈ ਕੀਤਾ। ਕਥਾਵਾਚਕ ਗਿਆਨੀ ਲਖਵਿੰਦਰ ਸਿੰਘ ਜੀ ਨੇ ਗੁਰੁ ਪਿਆਰੀ ਸਾਧ ਸੰਗਤ ਜੀ ਨੂੰ ਗੁਰੁ ਇਤਿਹਾਸ ਤੋਂ ਜਾਣੂ ਕਰਵਾਇਆ।
ਇਸ ਸਮੇ ਗੁਰਦਵਾਰਾ ਸਾਹਿਬ ਵਿਖੇ ਖਾਲਸਾ ਏਡ ਇੰਟਰਨੈਸ਼ਲ ਵਲੋਂ ਸਟਾਲ ਦਾ ਪ੍ਰਬੰਧ ਕੀਤਾ ਜਿਸ ਲਈ ਸਾਧ ਸੰਗਤ ਜੀ ਨੇ £120 ਪੌਂਡ, ਵਿਰਕ ਪ੍ਰੀਵਾਰ ਨੇ £80 ਅਤੇ ਗੁਰਦਵਾਰਾ ਸਾਹਿਬ ਜੀ ਨੇ £120 ਦੀ ਸੇਵਾ ਕੀਤੀ। ਖਾਲਸਾ ਏਡ ਵਲੋਂ ਭਾਈ ਬਲਿੰਦਰ ਸਿੰਘ ਅਤੇ ਭਾਈ ਦਰਬਾਰਾ ਸਿੰਘ ਵਲੋਂ ਜਿਸ ਜਿਸ ਨੇ ਵੀ ਸੇਵਾ ਕੀਤੀ ਹਰ ਇੱਕ ਦਾ ਧੰਨਵਾਦ ਕੀਤਾ ਖਾਸ ਕਰਕੇ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਜੋ ਸਮੇ ਸਮੇ ਤੇ ਸਟਾਲ ਲਾਉਣ ਵਿੱਚ ਸਹਾਇਤਾ ਕਰਦੇ ਹਨ।
ਭਾਈ ਤਰਲੋਚਨ ਸਿੰਘ ਵਿਰਕ ਨੇ ਕਿਹਾ ਕਿ ਗੁਰਦਵਾਰਾ ਸਾਹਿਬ ਜੀ ਵਿਖੇ ਬੱਚਿਆਂ ਦੇ ਜਨਮ ਦਿੰਨ ਮਨਾਉਣੇ ਚਾਹੀਦੇ ਹਨ ਜਿਸ ਨਾਲ ਸਾਰਾ ਪ੍ਰੀਵਾਰ ਗੁਰਦਵਾਰਾ ਸਾਹਿਬ ਇਕੱਠਾ ਹੋ ਜਾਦਾਂ ਹੀ ਨਹੀਂ ਸਗੋਂ ਸੇਵਾ ਵੀ ਕਰ ਲੈਂਦਾ ਹੈ।
ਦੋਸਤ ਮਿੱਤਰ, ਰਿਸ਼ਤੇਦਾਰ ਤੋਂ ਇਲਾਵਾ ਜਿਨ੍ਹਾ ਨੂੰ ਤੁਸੀਂ ਜਾਣਦੇ ਵੀ ਨਹੀਂ ਹੁੰਦੇ ਓਹ ਵੀ ਤੁਹਾਡੀ ਖੁਸ਼ੀ ਵਿੱਚ ਸ਼ਾਮਲ ਹੋ ਜਾਂਦੇ ਹਨ। ਉਨ੍ਹਾ ਨੇ ਖਾਸ ਤੋਰ ਤੇ ਗੁਰਦਵਾਰਾ ਸਾਹਿਬ ਜੀ ਦੇ ਲਾਂਗਰੀ ਦਾ ਅਤੀ ਧੰਨਵਾਦ ਕੀਤਾ।
ਸਟੇਜ ਤੋਂ ਬੋਲਦਿਆਂ ਭਾਈ ਹਰਜਿੰਦਰ ਸਿੰਘ ਜੀ ਨੇ ਰੋਬਿੰਦਰ ਸਿੰਘ ਅਤੇ ਜੋਰਾਵਰ ਸਿੰਘ ਅਤੇ ਸਾਰੇ ਹੀ ਵਿਰਕ ਪ੍ਰੀਵਾਰ ਨੂੰ ਵਧਾਈਆਂ ਦਿਤੀਆਂ। ਉਨ੍ਹਾ ਨੇ ਗੁਰਦਵਾਰਾ ਸਾਹਿਬ ਵਿਖੇ ਚੱਲ ਰਹੀ ਰਸੋਈ ਦੀ ਮੁਰੰਮੱਤ ਅਤੇ ਹੋਰ ਵੀ ਵਧੀਆ ਬਣਾਉਣ ਦੀ ਸੇਵਾ ਤੋਂ ਜਾਣੂੰ ਕਰਵਾਇਆ ਅਤੇ ਦੱਸਿਆ ਕਿ ਭਾਈ ਤਰਲੋਚਨ ਸਿੰਘ ਵਿਰਕ ਲੰਮੇ ਸਮੇ ਤੋਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਵਾਉਂਦੇ ਆ ਰਹੇ ਹਨ ਅਤੇ ਸਾਲ ਵਿੱਚ ਤਕਰੀਬਨ ਪੰਜ ਪ੍ਰੋਗਰਮ ਕਰਵਾਉਂਦੇ ਹਨ ਜਿਵੇਂ ਮਾਂ-ਬੋਲੀ ਪੰਜਾਬੀ, ਸਿਹਤ ਅਤੇ ਬੱਚਿਆਂ ਦੇ ਜਨਮ ਦਿੰਨ ਦੀ ਖੁਸ਼ੀ ਵਿੱਚ ਪ੍ਰੋਗਰਾਮ।