ਅਕਾਲੀ ਦਲ ਉਮੀਦਵਾਰ ਕੈਪਟਨ ਹਰਮਿੰਦਰ ਸਿੰਘ ਦੇ ਜੱਦੀ ਪਿੰਡ ਨਸੀਰਪੁਰ ਤੋਂ ਚੋਣ ਮੁਹਿੰਮ ਦਾ ਆਗਾਜ਼
ਪਿੰਡ ਦੇ ਵਿਕਾਸ ਲਈ 45 ਲੱਖ ਦੀ ਲਾਗਤ ਨਾਲ ਬਣੀ ਫਿਰਨੀ ਦਾ ਉਦਘਾਟਨ ਕੀਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਹਲਕਾ ਸੁਲਤਾਨਪੁਰ ਲੋਧੀ ਵਿਚ ਲਗਾਤਾਰ ਦੋ ਵਾਰ ਚੋਣਾਂ ਵਿੱਚ ਧੂਡ਼ ਚਟਾ ਚੁੱਕੇ ਨੌਜਵਾਨ ਵਿਧਾਇਕ ਨਵਤੇਜ ਚੀਮਾ ਨੇ ਅੱਜ ਇਕ ਹੋਰ ਮਾਸਟਰ ਸਟ੍ਰੋਕ ਮਾਰਦਿਆਂ ਅਕਾਲੀ ਦਲ ਉਮੀਦਵਾਰ ਕੈਪਟਨ ਹਰਮਿੰਦਰ ਨੂੰ ਚਾਰੋਂ ਖਾਨੇ ਚਿੱਤ ਕਰਦਿਆਂ ਉਨ੍ਹਾਂ ਦੇ ਜੱਦੀ ਪਿੰਡ ਨਸੀਰਪੁਰ ਤੋਂ ਕਾਂਗਰਸ ਪਾਰਟੀ ਜ਼ਿੰਦਾਬਾਦ, ਵਿਧਾਇਕ ਨਵਤੇਜ ਸਿੰਘ ਚੀਮਾ ਜ਼ਿੰਦਾਬਾਦ ਦੇ ਨਾਅਰਿਆਂ ਦੀ ਗੂੰਜ ਵਿੱਚ ਨਗਰ ਨਿਵਾਸੀਆਂ ਦੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ। ਬਜ਼ੁਰਗ, ਔਰਤਾਂ, ਭੈਣਾਂ, ਬੱਚਿਆਂ, ਨੌਜਵਾਨਾਂ ਦੇ ਉਮੜੇ ਜੋਸ਼ ਤੇ ਜਨੂਨ ਤੋਂ ਗਦਗਦ ਹੋਏ ਵਿਧਾਇਕ ਚੀਮਾ ਦਾ ਪਿੰਡ ਪਹੁੰਚਣ ਦੇ ਨੌਜਵਾਨ ਸਰਪੰਚ ਹਰਦੇਵ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਸਿੰਘ , ਅਮਰਜੀਤ ਸਿੰਘ ਸੋਢੀ,ਅਮਨਦੀਪ ਸਿੰਘ ਆਦਿ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਲਈ ਫਿਰਨੀ ਲਈ ਦਿੱਤੀ 45 ਲੱਖ ਦੀ ਗਰਾਂਟ ਨਾਲ ਦੇ ਕਾਰਜ ਦਾ ਉਦਘਾਟਨ ਵੀ ਕੀਤਾ।
ਨਗਰ ਦੇ ਉਮੜੇ ਜਨ ਸੈਲਾਬ ਨੂੰ ਸੰਬੋਧਨ ਕਰਦਿਆਂ ਵਿਧਾਇਕ ਚੀਮਾ ਨੇ ਸਭ ਤੋਂ ਪਹਿਲਾਂ ਨੌਜਵਾਨ ਸੁਖਵਿੰਦਰ ਸਿੰਘ, ਸਰਪੰਚ ਹਰਦੇਵ ਸਿੰਘ, ਅਮਰਜੀਤ ਸਿੰਘ ਸੋਢੀ , ਅਮਨਦੀਪ ਸਿੰਘ, ਰਾਜਿੰਦਰ ਸਿੰਘ ਤੇ ਹੋਰ ਆਗੂਆਂ ਦੇ ਪਿੰਡ ਦੇ ਵਿਕਾਸ ਲਈ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਪਿੰਡ ਦਾ ਵਿਕਾਸ ਵੇਖ ਕੇ ਮਨ ਨੂੰ ਅਪਾਰ ਖੁਸ਼ੀ ਮਹਿਸੂਸ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਨੇ ਜੋ ਵਿਕਾਸ ਕੰਮ ਇਮਾਨਦਾਰੀ ਨਾਲ ਕੀਤੇ ਹਨ ਉਸ ਨਾਲ ਹੀ ਪਿੰਡ ਦਾ ਇੰਨਾ ਵਿਕਾਸ ਹੋ ਪਾਇਆ ਹੈ। ਉਨ੍ਹਾਂ ਕਿਹਾ ਕਿ ਫ਼ਿਕਰ ਨਾ ਕਰੋ ਪਿੰਡ ਦੇ ਵਿਕਾਸ ਲਈ ਮੈਂ ਗਰਾਂਟਾਂ ਦੀ ਝੜੀ ਲਗਾ ਦੇਵਾਂਗਾ ਤੇ ਇਸ ਪਿੰਡ ਨੂੰ ਵੀ ਖ਼ੂਬਸੂਰਤ ਬਣਾਉਣ ਤੋਂ ਕੋਈ ਕਸਰ ਨਹੀਂ ਛੱਡਾਂਗਾ।
ਅਕਾਲੀ ਦਲ ਉਮੀਦਵਾਰ ਦੇ ਜੱਦੀ ਪਿੰਡ ਨਸੀਰਪੁਰ ਤੋਂ ਆਪਣੀ ਚੋਣ ਮੁਹਿੰਮ ਦੇ ਆਗਾਜ਼ ਦਾ ਮੁੱਖ ਮੰਤਵ ਦੱਸਦਿਆਂ ਉਨ੍ਹਾਂ ਕਿਹਾ ਕਿ ਮੈਂ ਇੱਥੋਂ ਦੇ ਲੋਕਾਂ ਦਾ ਆਸ਼ੀਰਵਾਦ ਲੈਣ ਆਇਆ ਹਾਂ ਤਾਂ ਕਿ ਇਸ ਹਲਕੇ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਜੋ ਉਮੀਦਵਾਰ ਪੈਰਾਸ਼ੂਟ ਰਾਹੀਂ ਅਕਾਲੀ ਦਲ ਨੇ ਉਤਾਰਿਆ ਹੈ ਉਸ ਦਾ ਆਪਣੇ ਪਿੰਡ ਵਿੱਚ ਕੀ ਆਧਾਰ ਹੈ। ਉਨ੍ਹਾਂ ਕਿਹਾ ਕਿ ਅੱਜ 90 ਫ਼ੀਸਦੀ ਪਿੰਡ ਵਾਸੀਆਂ ਨੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ ਹੈ। ਅੱਜ ਦੇ ਇਸ ਸਮਾਗਮ ਤੋਂ ਬਾਅਦ ਹੀ ਅਕਾਲੀ ਦਲ ਉਮੀਦਵਾਰ ਦੀ ਜ਼ਮੀਨ ਖਿਸਕ ਗਈ ਹੈ ਤੇ ਪੁੱਛੇ ਗਏ ਸਵਾਲ ਤੇ ਵਿਧਾਇਕ ਚੀਮਾ ਨੇ ਕਿਹਾ ਕਿ ਜੋ ਵਿਅਕਤੀ ਇੱਥੇ ਰਹਿੰਦਾ ਹੀ ਨਾ ਹੋਵੇ, ਜ਼ਮੀਨ ਆਪਣੀ ਵੇਚ ਗਿਆ ਹੋਵੇ ਤਾਂ ਉਸ ਆਗੂ ਦੀ ਜ਼ਮੀਨ ਕਿਵੇਂ ਟਿਕ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੇ ਸੂਬੇ ਵਿੱਚ ਅਕਾਲੀ ਦਲ ਦੀ ਇਹ ਹਾਲਤ ਹੈ ਕਿ ਉਸ ਨੂੰ ਕੋਈ ਟਕਸਾਲੀ ਆਗੂ ਹੀ ਉਮੀਦਵਾਰ ਨਹੀਂ ਮਿਲ ਰਿਹਾ।
ਪੰਥਕ ਹਲਕੇ ਵਜੋਂ ਜਾਣੇ ਜਾਂਦੇ ਇਸ ਹਲਕੇ ਵਿੱਚ ਰਹੀ ਸਹੀ ਕਸਰ ਸੁਖਬੀਰ ਬਾਦਲ ਨੇ ਕਾਂਗਰਸੀ ਆਗੂ ਨੂੰ ਟਿਕਟ ਦੇ ਕੇ ਪੂਰੀ ਕਰ ਦਿੱਤੀ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਮੈਂ ਪਹਿਲਾ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਸੂਬੇ ਵਿੱਚ ਅਕਾਲੀ ਦਲ ਦੀ ਦੁਰਦਸ਼ਾ ਲਈ ਇਹ ਜੀਜੇ ਸਾਲੇ ਦੀ ਜੋਡ਼ੀ ( ਸੁਖਬੀਰ ਮਜੀਠੀਆ) ਹੀ ਜ਼ਿੰਮੇਵਾਰ ਹੋਵੇਗੀ ਜਿਨ੍ਹਾਂ ਨੇ ਅੱਜ ਅਕਾਲੀ ਦਲ ਨੂੰ ਇਸ ਹਾਲਤ ਤੱਕ ਪਹੁੰਚਾ ਦਿੱਤਾ ਹੈ ਉਸ ਨੂੰ ਕਾਂਗਰਸ ਪਾਰਟੀ ਦੇ ਬਾਗੀ ਉਮੀਦਵਾਰਾਂ ਤੇ ਟੇਕ ਲਾਉਣੀ ਪਵੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਵੀ ਅਕਾਲੀ ਦਲ ਦਾ ਚੋਣਾਂ ਉਪਰੰਤ ਸਫ਼ਾਇਆ ਹੋ ਜਾਵੇਗਾ ਅਤੇ ਕਾਂਗਰਸ ਪਾਰਟੀ ਦੁਬਾਰਾ ਆਪਣੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਅੱਜ ਪਾਵਨ ਨਗਰੀ ਦਾ ਵਿਕਾਸ, ਸੂਬੇ ਦੇ ਕਿਸੇ ਹਲਕੇ ਦੇ ਪਿੰਡਾਂ ਦੇ ਵਿਕਾਸ ਨਾਲੋਂ ਕਿਤੇ ਜ਼ਿਆਦਾ ਹੋਇਆ ਹੈ ਅਤੇ ਅੱਗੇ ਤੋਂ ਹੋਰ ਵੀ ਹੋਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਤੁਹਾਨੂੰ ਕਿਹੋ ਜਿਹਾ ਆਗੂ ਚਾਹੀਦਾ ਹੈ ਜੋ ਚੋਣਾਂ ਮਗਰੋਂ ਉਡਾਰੀ ਮਾਰ ਜਾਵੇ ਜਾਂ ਤੁਹਾਡੇ ਹਲਕੇ ਵਿੱਚ ਰਹਿ ਕੇ ਦੁੱਖ ਸੁੱਖ ਵਿੱਚ ਸ਼ਰੀਕ ਹੋਵੇ ਤਾਂ ਪਿੰਡ ਵਾਸੀਆਂ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿਚ ਵਿਧਾਇਕ ਚੀਮਾ ਜ਼ਿੰਦਾਬਾਦ ਦੇ ਨਾਅਰੇ ਲਗਾ ਦਿੱਤੇ।
ਇਸ ਮੌਕੇ ਉਨ੍ਹਾਂ ਪਿੰਡ ਦੇ ਵਿਕਾਸ ਵਾਸਤੇ ਐਨਆਰਆਈ ਭਰਾਵਾਂ ਤੇ ਪਿੰਡ ਵਾਸੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਤੇ ਕਿਹਾ ਕਿ ਹਲਕੇ ਦੇ ਵਿਕਾਸ ਲਈ ਐੱਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਮੌਕੇ ਸਰਪੰਚ ਹਰਦੇਵ ਸਿੰਘ, ਦਲਜੀਤ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ , ਸੁਰਿੰਦਰ ਸਿੰਘ, ਸਵਰਨ ਸਿੰਘ, ਰੁਪਿੰਦਰ ਸਿੰਘ ਯੂ ਕੇ, ਹਰਜੀਤ ਸਿੰਘ ਸੋਨਾ, ਗਿਆਨ ਸਿੰਘ ਪਟਵਾਰੀ, ਹਰਦੇਵ ਸਿੰਘ ਗੋਲਡੀ, ਚੇਅਰਮੈਨ ਐਡਵੋਕੇਟ ਜਸਪਾਲ ਸਿੰਘ ਧੰਜੂ, ਹਰਚਰਨ ਬੱਗਾ ਤੇ ਇੰਦਰਜੀਤ ਸਿੰਘ ਲਿਫਟਰ ਮੈਂਬਰ ਬਲਾਕ ਸੰਮਤੀ, ਜਤਿੰਦਰ ਸਿੰਘ ਲਾਡੀ ਯੂਥ ਪ੍ਰਧਾਨ, ਸਰਪੰਚ ਸ਼ੇਰ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਸੌਂਦ, ਮਹਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਰਿੰਦਰ ਸਿੰਘ ਗਿੱਲ, ਸੁਰਜੀਤ ਸਿੰਘ ਸੂਬੇਦਾਰ, ਸਰਪੰਚ ਸੁਖਵਿੰਦਰ ਸਿੰਘ ਅਮਾਨੀਪੁਰ, ਮਾਸਟਰ ਜੋਗਿੰਦਰ ਸਿੰਘ, ਅਮਨਦੀਪ ਸਿੰਘ, ਬਲਜਿੰਦਰ ਪੀਏ, ਸਰਪੰਚ ਗੁਰਵਿੰਦਰ ਮੀਰੇ, ਜੋਗੀ ਮੜ੍ਹੀਆ, ਗੁਰਮੀਤ ਸਿੰਘ ਸੋਨੂੰ, ਸੋਢੀ ਆਸਟ੍ਰੇਲੀਆ , ਨਿਰਮਲ ਸਿੰਘ, ਕਰਨੈਲ ਸਿੰਘ, ਸੂਰਤ ਸਿੰਘ, ਰਤਨ ਸਿੰਘ ਯੂ ਕੇ, ਅਮਰਿੰਦਰ ਸਿੰਘ ਸਪੇਨ, ਗੁਰਮਿੰਦਰ ਰਿੰਕਾ, ਗਗਨ ਕੈਨੇਡਾ, ਹਰਮਨ ਕੈਨੇਡਾ ਆਦਿ ਵੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly