(ਸਮਾਜ ਵੀਕਲੀ)- ਜੇਕਰ ਪੰਜਾਬੀ ਟੈਲੀ ਫਿਲਮਾਂ ਦੇ ਬਾਦਸ਼ਾਹ ਗੁਰਚੇਤ ਚਿੱਤਰਕਾਰ ਦੀਆਂ ਸ਼ੂਟਿੰਗਾਂ ਮੌਕੇ ਇੱਕ ਲੰਮੇ ਜਿਹੇ ਕੱਦ, ਇਕਹਰੇ ਜਿਹੇ ਸਰੀਰ, ਮਲੂਕੜੇ ਜਿਹੇ ਸੁਭਾਅ ਵਾਲ਼ਾ ਨੌਜਵਾਨ ਮਾਸੂਮੀਅਮਤ ਭਰੇ ਲਹਿਜੇ ਵਿੱਚ ਸਭ ਨੂੰ “ਬਾਈ ਜੀ, ਬਾਈ ਜੀ” ਕਰਕੇ ਬੋਲਦਾ ਮਿਲੇ ਤਾਂ ਤੁਰੰਤ ਸਮਝ ਜਾਣਾ ਕਿ ਗੁਰੀ ਧਾਲੀਵਾਲ ਹੈ।
9 ਜੁਲਾਈ 1997 ਨੂੰ ਪਿਤਾ ਸੁਖਚੈਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਪਟਿਆਲਾ ਜਿਲ੍ਹੇ ਦੀ ਪਾਤੜਾਂ ਤਹਿਸੀਲ ਵਿੱਚ ਪੈਂਦੇ ਪਿੰਡ ਰਸੋਲੀ ‘ਚ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਪੈਦਾ ਹੋਏ ਗੁਰੀ ਨੇ ਮੁਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਕੀਤੀ। ਜੋ ਚੱਲ ਸੋ ਚੱਲ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਕਾਲਜ ਵਿੱਚ ਬੀ. ਏ. ਕਰਨ ਤੱਕ ਜਾਰੀ ਰਹੀ। ਇਸ ਵਿਦਿਆਰਥੀ ਜੀਵਨ ਦੌਰਾਨ ਹੀ ਉਹ ਬਚਪਨ ਤੋਂ ਹੀ ਜਾਗੇ ਅਦਾਕਾਰੀ ਦੇ ਸ਼ੌਕ ਨੂੰ ਪ੍ਰਾਪਤ ਹੁੰਦੇ ਮੌਕਿਆਂ ‘ਤੇ ਪੇਸ਼ ਕਰਦਾ ਰਿਹਾ ਪਰ ਪਰ ‘ਅੰਬਾ ਦੀ ਭੁੱਖ ਅੰਬਾਕੜੀਆਂ ਨਾਲ਼ ਨਹੀਂ ਮਿਟਦੀ’ ਦੇ ਅਖਾਣ ਅਨੁਸਾਰ ਉਸਦੀ ਤੜਫ਼ ਨੇ ਉਸਦਾ ਮੇਲ ਕਰਾ ਦਿੱਤਾ ਗੁਰਚੇਤ ਚਿੱਤਰਕਾਰ ਨਾਲ਼। ਬੱਸ ਫੇਰ ਪੰਜਾਬੀ ਲਘੂ ਸਿਨੇਮੇ ਨੂੰ ਕੈਲਾ ਬੁੜ੍ਹਾ, ਮੱਛਰ ਬਦਮਾਸ਼, ਜੀਤ ਪੈਂਚਰਾਂ ਵਾਲ਼ਾ ਤੇ ਭਾਨਾ ਭਗੋੜਾ ਜਿਹੇ ਨਾਮੀ ਕਿਰਦਾਰ ਸਿਰਜ ਕੇ ਦੇਣ ਵਾਲ਼ਾ ਗੁਰਚੇਤ ਦੀ ਗਿਣਤੀ ਤਾਂ ਪਹਿਲਾਂ ਹੀ ਕਲਾ ਦੇ ਜੌਹਰੀਆਂ ਵਿੱਚ ਆਉਂਦੀ ਹੈ। ਸੋ ਉਸ ਨੇ ਇਸ ਗੁਰੀ ਨਾਮੀ ਨਗ ਨੂੰ ਤਰਾਸ਼ ਕੇ ਸੁੱਚਾ ਮੋਤੀ ਬਣਾ ਦਿੱਤਾ।
ਗੁਰੀ ਦੀਆਂ ਅਦਾਕਾਰੀ ਵਾਲੀਆਂ ਫਿਲਮਾਂ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਵਿੱਚ ਅੜਬ ਪ੍ਰਹੁਣਾ ਦੇ ਸਾਰੇ ਭਾਗਾਂ ਵਿੱਚ ਵਿੱਚ ਸਾਲ਼ੇ ਦਾ, ਡੰਗਰ ਮੇਲ ਵਿੱਚ ਮੁੱਖ ਕਿਰਦਾਰ, ਟੁੱਟ ਪੈਣਾ ਦਰਜੀ ਵੈੱਬ ਸੀਰੀਜ਼ ਵਿੱਚ ਪਾਗਲ ਦੀ ਦਮਦਾਰ ਭੂਮਿਕਾ, ਸੱਤ ਸਾਲੀ਼ਆਂ ਦੇ ਤਿੰਨੇ ਭਾਗਾਂ ਵਿੱਚ ਪ੍ਰਮੁੱਖ ਕਿਰਦਾਰ, ਰੇਸ਼ਮਾ ਵਿੱਚ ਮੁੱਖ ਭੂਮਿਕਾ, ਇੱਕ ਮਹੀਨਾ ਜੇਠ ਦਾ – 1 ਤੇ 2 ਵਿੱਚ ਗੁਰਚੇਤ ਦੇ ਛੋਟੇ ਭਰਾ ਦਾ ਰੋਲ ਤੇ ਬੇਬੇ ਦੀ ਡਿਲੀਵਰੀ ਵਿਚਲਾ ਮਜਾਹੀਆ ਪਾਤਰ ਆਦਿ ਵਰਨਣਯੋਗ ਹਨ। ਅਦਾਕਾਰੀ ਤੋਂ ਇਲਾਵਾ ਗੁਰਚੇਤ ਦੇ ਸਾਰੇ ਪ੍ਰੋਜੈਕਟਾਂ ਦੀ ਪ੍ਰੋਡਕਸ਼ਨ ਦਾ ਕੰਮ ਵੀ ਗੁਰੀ ਜਿੰਮੇ ਹੈ। ਅੱਜਕਲ੍ਹ ਉਹ ਚਿੱਤਰਕਾਰ ਦੀ ਟੀਮ ਨਾਲ਼ ਅਮਰੀਕਾ-ਕੈਨੇਡਾ ਦੇ ਟੂਰ ‘ਤੇ ਖੇਡੇ ਜਾਣ ਵਾਲ਼ੇ ਨਾਟਕ ਚੱਲ ਪਿੰਡ ਨੂੰ ਚੱਲੀਏ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਹੈ ਤੇ ਜਲਦ ਹੀ ਇਹਨਾਂ ਮੁਲਕਾਂ ਦੀਆਂ ਸਟੇਜਾਂ ‘ਤੇ ਕਲਾ ਦੇ ਜੌਹਰ ਵਿਖਾਉਂਦਾ ਨਜ਼ਰ ਆਵੇਗਾ ਅਤੇ ਆਉਣ ਵਾਲੀਆਂ ਫਿਲਮਾਂ ਬੇਬੇ, ਜਿੰਦਗੀ ਇੱਕ ਤਮਾਸ਼ਾ, ਅੜਬ ਪ੍ਰਾਹੁਣਾ – 6, ਤੀਵੀਆਂ ਫਰੀ ਫੈਮਿਲੀ 434, ਪਤਲੋ ਪਤੰਗ ਵਰਗੀ, ਕੂਕਾਂ ਵਾਲ਼ਾ ਠਾਣਾ, ਚੱਲ ਫਿਰ ਠਾਣੇ, ਦੁਰਗੀ ਇਨ ਲਵ ਤੇ ਢੀਠ ਜਵਾਈ ਵਿੱਚ ਵੀ।
ਹੌਲੀ ਚਾਲ ਚਲਦਾ ਇਹ ਕਲਾਕਾਰ ਫ਼ਿਲਮਾਂ ਦੇ ਵਿੱਚ ਬਹੁਤ ਗਹਿਰੇ ਕਦਮ ਛੱਡ ਰਿਹਾ ਹੈ। ਖ਼ੁਦਾ ਕਰੇ ਜਲਦੀ ਹੀ ਇਹ ਪਹਿਲੀ ਕਤਾਰ ਦਾ ਹੀਰੋ ਬਣ ਕੇ ਫਿਲਮਾਂ ਵਿਚ ਆ ਖਲੋਵੇ ਆਮੀਨ
ਰਮੇਸ਼ਵਰ ਸਿੰਘ ਪਟਿਆਲਾ ਸੰਪਰਕ ਨੰਬਰ- 9914880392