*ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਮਤੇ ਕੀਤੇ ਪਾਸ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਵਿਸ਼ੇਸ਼ ਮਤਾ ਪ੍ਰੈੱਸ ਦੇ ਨਾਂਅ ਜਾਰੀ ਕਰਦਿਆਂ ਕਿਹਾ ਹੈ ਕਿ ਲੋਕਾਂ ਦੇ ਘਰਾਂ ‘ਚ ਸੱਥਰ ਵਿਛਾਉਣ ਦੀ ਮੁਜ਼ਰਿਮ ਮੋਦੀ ਹਕੂਮਤ ਖ਼ਿਲਾਫ਼ ਰੋਹਲੀ ਆਵਾਜ਼ ਬੁਲੰਦ ਕਰੋ ਜਿਸਦੀ ਕਿਸਾਨਾਂ ਨੂੰ ਖੱਜਲ ਖੁਆਰ ਕਰਨ ਅਤੇ ਜਾਨ ਹੂਲਵੇਂ ਘੋਲਾਂ ਸਦਕਾ ਰੱਦ ਕਰਵਾਏ ਖੇਤੀ ਸਬੰਧੀ ਤਿੰਨ ਕਾਲ਼ੇ ਕਾਨੂੰਨਾਂ ਨੂੰ ਮੁੜ ਤਾਜ਼ਾ ਚਾਸ਼ਣੀ ਵਿੱਚੀਂ ਕੱਢ ਕੇ ਲਾਗੂ ਕਰਨ ਖ਼ਿਲਾਫ਼ ਟੋਹਾਣਾ ਮਹਾਂ ਕਿਸਾਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾ ਰਹੀਆਂ ਔਰਤਾਂ ਅਤੇ ਮਰਦ ਸੜਕ ਹਾਦਸੇ ਵਿੱਚ ਸ਼ਹੀਦੀ ਜਾਮ ਪੀ ਗਏ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਇੱਕੋ ਪਿੰਡ ਕੋਠਾ ਗੁਰੂ (ਬਠਿੰਡਾ) ਦੀਆਂ ਸ਼ਹੀਦ ਤਿੰਨੇ ਔਰਤਾਂ ਨੂੰ ਸੂਹੀ ਸਲਾਮ ਭੇਂਟ ਕੀਤੀ। ਦਰਜਣਾਂ ਫੱਟੜਾਂ ਦੇ ਜਲਦੀ ਸਿਹਤਯਾਬੀ ਲਈ ਸ਼ੁੱਭ ਕਾਮਨਾਵਾਂ ਕੀਤੀਆਂ। ਜ਼ਿਕਰਯੋਗ ਹੈ ਕਿ ਗੰਭੀਰ ਫੱਟੜ ਏਮਜ਼ ਹਸਪਤਾਲ ਬਠਿੰਡਾ ਵਿਖੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਇਹਨਾਂ ਦਰਜਣਾਂ ਗੰਭੀਰ ਫੱਟੜਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸੂਬਾਈ ਆਗੂ, ਬੇਹੱਦ ਸੁਹਿਰਦ ਮਿਹਨਤੀ ਅਤੇ ਸੰਗਰਾਮੀ ਸਾਥੀ ਬਸੰਤ ਸਿੰਘ ਕੋਠੇ ਗੁਰੂ ਵੀ ਸ਼ਾਮਲ ਹੈ ਜਿਸਦੀ ਰੀੜ੍ਹ ਦੀ ਹੱਡੀ ਤੇ ਗੰਭੀਰ ਸੱਟਾਂ ਲੱਗਣ ਕਾਰਨ ਉਸਦਾ ਸਾਰਾ ਸਰੀਰ ਬੇਹਰਕਤ ਹੋ ਗਿਆ ਹੈ। ਇੱਕ ਸੰਘਰਸ਼ੀਲ ਕਿਸਾਨ ਨੌਜਵਾਨ ਦੀ ਬਾਂਹ ਕੱਟਣੀ ਪਵੇਗੀ। ਅਨੇਕਾਂ ਦੇ ਚੂਲੇ ਟੁੱਟਣ ਅਤੇ ਉਂਗਲਾਂ ਕੱਟੀਆਂ ਗਈਆਂ ਹਨ। ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਤੋਂ ਟੋਹਾਣਾ (ਹਰਿਆਣਾ) ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰੱਖੀ ਮਹਾਂ ਕਿਸਾਨ ਰੈਲੀ ਵਿੱਚ ਸ਼ਾਮਿਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬੱਸ ਬਰਨਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਬੱਸ ਵਿਚ ਇੱਕੋ ਪਿੰਡ ਦੇ 54 ਮਰਦ ਔਰਤਾਂ ਰੈਲੀ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਸਨ।* ਤਿੰਨ ਕਿਸਾਨ ਕਾਰਕੁਨਾਂ ਜਸਵੀਰ ਕੌਰ ਪਤਨੀ ਜੀਤ ਸਿੰਘ ਸਰਬਜੀਤ ਕੌਰ ਪਤਨੀ ਸੁੱਖਾ ਨੰਬਰਦਾਰ
ਬਲਵੀਰ ਕੌਰ ਪਤਨੀ ਬੰਤ ਸਿੰਘ ਦੀ ਮੌਤ ਹੋ ਗਈ ਹੈ। ਇੱਕ ਭਾਕਿਯੂ ਏਕਤਾ ਸਿੱਧੂਪੁਰ ਦੀ ਡੱਲੇਵਾਲ ਤੋਂ ਖਨੌਰੀ ਜਾ ਰਹੀ ਬੱਸ ਵੀ ਬਰਨਾਲਾ ਜੇਲ੍ਹ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਵਿੱਚ ਕਈ ਕਿਸਾਨ ਫੱਟੜ ਹੋਏ ਹਨ। 30 ਤੋਂ ਵੱਧ ਫੱਟੜਾਂ ਦਾ ਸਿਵਲ ਹਸਪਤਾਲ ਬਰਨਾਲਾ ਅਤੇ ਏਮਜ਼ ਹਸਪਤਾਲ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ। ਤਿੰਨੇ ਮ੍ਰਿਤਕ ਦੇਹਾਂ ਬਰਨਾਲਾ ਵਿਖੇ ਮ੍ਰਿਤਕ ਦੇਹ ਸੰਭਾਲ ਕੇਂਦਰ ਵਿਚ ਰੱਖੀਆਂ ਗਈਆਂ ਹਨ | ਦੇਸ਼ ਭਗਤ ਯਾਦਗਾਰ ਕਮੇਟੀ ਨੇ ਜ਼ੋਰਦਾਰ ਮੰਗ ਕੀਤੀ ਹੈ ਸਰਕਾਰ ਅਤੇ ਪ੍ਰਸ਼ਾਸਨ ਤੁਰੰਤ ਸਰਗਰਮ ਦਖ਼ਲ ਦੇ ਕੇ ਕਿਸਾਨ ਯੂਨੀਅਨ ਵੱਲੋਂ ਰੱਖੀਆਂ ਮੁਆਵਜ਼ਾ, ਨੌਕਰੀ ਅਤੇ ਇਲਾਜ ਦੀਆਂ ਮੰਗਾਂ ਪ੍ਰਵਾਨ ਕਰੇ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਮੰਗ ਵੀ ਕੀਤੀ ਹੈ ਕਿ ਕਿਸਾਨਾਂ ਨਾਲ਼ ਵਾਅਦਾ ਖਿਲਾਫੀ ਕਰਨ ਦੀ ਬਜਾਏ ਮੋਦੀ ਹਕੂਮਤ ਤੁਰੰਤ ਲਟਕਦੀਆਂ ਮੰਗਾਂ ਪ੍ਰਵਾਨ ਕਰੇ। ਸੂਬਿਆਂ ਨੂੰ ਭੇਜਿਆ | ਤਾਜ਼ਾ ਖੇਤੀ ਡ੍ਰਾਫਟ ਤੁਰੰਤ ਰੱਦੀ ਦੀ ਟੋਕਰੀ ਵਿੱਚ ਸੁੱਟਿਆ ਜਾਏ ਨਹੀਂ ਤਾਂ ਪੰਜਾਬ ਸਮੇਤ ਪੂਰੇ ਮੁਲਕ ਅੰਦਰ ਕਿਸਾਨ ਅਤੇ ਲੋਕ ਆਵਾਜ਼ ਲੋਕ ਸੰਗਰਾਮ ਹੋਣਾ ਕੋਈ ਨਹੀਂ ਰੋਕ ਸਕੇਗਾ।ਦੇਸ਼ ਭਗਤ ਯਾਦਗਾਰ ਕਮੇਟੀ ਨੇ ਮ੍ਰਿਤਕਾਂ ਅਤੇ ਫੱਟੜਾਂ ਦੇ ਪਰਿਵਾਰ, ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਦਾ ਪ੍ਰਗਟਾਵਾ ਕੀਤਾ ਹੈ।
https://play.google.com/store/apps/details?id=in.yourhost.samaj