(ਸਮਾਜ ਵੀਕਲੀ)
ਇੱਕ ਤੋਰ ਇਹ ਵੀ (ਜੇਲ੍ਹ ਜੀਵਨ ‘ਚੋਂ)
ਕਾਂਡ -16 ( ਭਾਗ ਦੂਜਾ ਤੇ ਅੰਤਿਮ)
ਸਵੇਰ ਦੇ ਛੇ ਵਜੇ ਤੋਂ ਲੈ ਕੇ ਦੁਪਹਿਰ ਦੇ ਦੋ ਵਜੇ ਤੱਕ ਕਿਸੇ ਨੇ ਪਾਣੀ ਵੀ ਨਹੀਂ ਸੀ ਪੀਤਾ।
ਮੈੱਸ ਬਿਲਕੁਲ ਬੰਦ ਸੀ। ਚਾਰੇ ਪਾਸੇ ਸੋਗ ਦੀ ਲਹਿਰ ਸੀ। ਪਤਾ ਲੱਗਿਆ ਕਿ ਦੌਰਾ ਪੈਣ ਵਾਲੇ ਅਧਿਆਪਕ ਬਿਲਕੁਲ ਠੀਕ ਠਾਕ ਹਨ। ਅਧਿਆਪਕਾਂ ਨੇ ਕੁਝ ਰਾਹਤ ਮਹਿਸੂਸ ਕੀਤੀ।
ਸ਼ਹੀਦ ਕੋਹਲੀ ਦੀ ਮ੍ਰਿਤਕ ਦੇਹ ਵਾਰਸਾਂ ਦੇ ਸਪੁਰਦ ਕਰਨ ਤੋਂ ਪਹਿਲਾਂ ਪੋਸਟਮਾਰਟਮ ਹੋਣਾ ਸੀ। ਬਿਆਨ ਕਲਮਬੰਦ ਕਰਨ ਸਨ। ਸਾਰੀ ਪੰਜਾਬ ਦੀ ਪ੍ਰੈੱਸ ਦੇ ਨੁਮਾਇੰਦੇ ਜੇਲ੍ਹ ਵਿਚ ਵੀ ਸਾਥੀਆਂ ਦੇ ਬਿਆਨ ਲੈਣ ਪਹੁੰਚ ਗਏ ਸਨ। ਅਧਿਆਪਕਾਂ ਨੇ ਇਹ ਸਾਰਾ ਦੋਸ਼ ਜੇਲ ਪ੍ਰਸ਼ਾਸਨ ਦੇ ਸਿਰ ਅਤੇ ਮਾੜੀਆਂ ਡਾਕਟਰੀ ਸਹੂਲਤਾਂ ‘ਤੇ ਲਾਇਆ ਸੀ।
ਸ਼ਾਮ ਨੂੰ ਦੇਰੀ ਨਾਲ ਸ਼ਹੀਦ ਕੋਹਲੀ ਦੀ ਦੇਹ ਉਹਨਾਂ ਦੇ ਵਾਰਸਾਂ ਨੂੰ ਸੌਂਪੀ ਗਈ। ਸਾਰੀ ਯੂਨੀਅਨ ਦੇ ਬਾਹਰਲੇ ਲੀਡਰਾਂ ਨੇ, ਜ਼ਿਲ੍ਹਾ ਹੈਡਕੁਆਟਰਾਂ ਉੱਤੇ 15 ਮਾਰਚ ਨੂੰ ਜਲੰਧਰ ਪਹੁੰਚਣ ਦਾ ਸੁਨੇਹਾ ਪਹੁੰਚਾ ਦਿੱਤਾ ਸੀ। ਸਾਰੇ ਪੰਜਾਬ ਵਿਚ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਸੀ। ਰੇਡੀਓ, ਟੀਵੀ ਸਾਰੀ ਰਾਤ ਸ਼ਹੀਦ ਕੋਹਲੀ ਦੀ ਮੌਤ ਦੀ ਖ਼ਬਰ ਨੂੰ ਪਹਿਲ ਦੇ ਆਧਾਰ ‘ਤੇ ਦਿੰਦੇ ਰਹੇ।
ਸਵੇਰ ਹੋਣ ‘ਤੇ ਸਭ ਨੂੰ ਅਖ਼ਬਾਰਾਂ ਦਾ ਇੰਤਜ਼ਾਰ ਸੀ।
6 ਵਜੇ ਜਦੋਂ ਅਖ਼ਬਾਰਾਂ ਆਈਆਂ ਤੇ ਉਹਨਾਂ ਦੇ ਮੁੱਖ ਪੰਨਿਆਂ ਉੱਤੇ ਸ਼ਹੀਦ ਰਮੇਸ਼ ਕੋਹਲੀ ਦੀ ਤਸਵੀਰ ਸੀ,
ਖ਼ਬਰ ਸੀ:-
“ਬੁੜੈਲ ਜੇਲ੍ਹ ਵਿਚ ਅਧਿਆਪਕ ਰਮੇਸ਼ ਕੋਹਲੀ ਦੀ ਭੇਦਭਰੀ ਹਾਲਤ ‘ਚ ਮੌਤ ।”
ਇਸ ਤਰ੍ਹਾਂ ਦੇ ਸਿਰਲੇਖਾਂ ਨਾਲ ਹੀ ਅਖ਼ਬਾਰਾਂ ਭਰੀਆਂ ਹੋਈਆਂ ਸਨ। ਏਡਿਡ ਸਕੂਲਾਂ ਦੇ ਇਤਿਹਾਸ ਵਿਚ ਰਮੇਸ਼ ਕੋਹਲੀ ਇੱਕ ਯਾਦਗਾਰੀ ਪੰਨਾ ਜੋੜ ਗਿਆ ਸੀ। ਕੋਹਲੀ ਅੱਜ ਮਰ ਕੇ ਵੀ ਅਮਰ ਹੋ ਗਿਆ।
15 ਮਾਰਚ ਨੂੰ ਚੁੱਲ੍ਹੇ ਅੱਗ ਤਾਂ ਪਾ ਲਈ ਗਈ ਸੀ ਪਰ ਢਿੱਡ ਧਾਫ਼ੜਨ ਤੋਂ ਜ਼ਿਆਦਾ ਕਿਸੇ ਦਾ ਖਾਣ ਵੱਲ ਮੂੰਹ ਨਹੀਂ ਜਾ ਰਿਹਾ ਸੀ। ਸਾਰੇ ਸਾਥੀ ਬੁਝੇ ਬੁਝੇ ਫ਼ਿਰ ਰਹੇ ਸਨ ਕਿਉਂਕਿ ਅੱਜ ਰਮੇਸ਼ ਕੋਹਲੀ ਦਾ ਸਸਕਾਰ ਸੀ। ਸਰਕਾਰ ਦਾ ਇਸ ਮੌਤ ‘ਤੇ ਵੀ ਕੋਈ ਬਿਆਨ ਨਹੀਂ ਆਇਆ ਸੀ।
ਜੇਲ੍ਹ ਵਿਚ ਸ਼ਾਮ ਨੂੰ ਇਕੱਤਰਤਾ ਸ਼ੁਰੂ ਹੋ ਗਈ ਸੀ। ਅੱਜ ਸਟੇਜ ‘ਤੇ ਖੜ੍ਹਨਾ ਮੇਰੇ ਲਈ ਮੁਸ਼ਕਲ ਹੋਇਆ ਪਿਆ ਸੀ। ਮਾਹੌਲ ਬਹੁਤ ਹੀ ਜੋਸ਼ੀਲਾ ਤੇ ਗਰਮ ਸੀ। ਵਾਰ ਵਾਰ,” ਸ਼ਹੀਦ ਰਮੇਸ਼ ਕੋਹਲੀ ਅਮਰ ਰਹੇ ਦੇ ਨਾਅਰੇ ਅਸਮਾਨ ਚੀਰ ਰਹੇ ਸਨ। ਸਟੇਜ ‘ਤੇ ਖੜ੍ਹੇ ਮੇਰੇ ਅੰਦਰ ਇੱਕ ਖ਼ਾਸ ਕਿਸਮ ਦੀ ਹਲਚਲ ਹੋ ਰਹੀ ਸੀ। ਦਸ,ਪੰਦਰਾਂ ਮਿੰਟ ਮੈਂ ਸਟੇਜ ‘ਤੇ ਖੜ੍ਹਾ ਰਿਹਾ ਪਰ ਅਜੇ ਬੋਲਣ ਦਾ ਮਾਹੌਲ ਨਹੀਂ ਬਣ ਰਿਹਾ ਸੀ। ਇੱਕ ਨੂੰ ਚੁੱਪ ਰਹਿਣ ਦਾ ਇਸ਼ਾਰਾ ਕਰਦੇ, ਤਾਂ ਦੂਸਰਾ “ਪੰਜਾਬ ਸਰਕਾਰ ਮੁਰਦਾਬਾਦ” ਦਾ ਨਾਅਰਾ ਲਾ ਦਿੰਦਾ। ਉਸ ਨੂੰ ਚੁੱਪ ਕਰਾਉਂਦੇ ਤਾਂ, ਜੇਲ੍ਹ ਪ੍ਰਸ਼ਾਸਨ ਦੇ ਖਿਲਾਫ਼ ਨਾਅਰਾ ਗੂੰਜ ਜਾਂਦਾ। ਮੈਂ ਸਟੇਜ ਸ਼ੁਰੂ ਕਰਨ ਤੋਂ ਬੇ-ਵੱਸ ਸਾਂ।
ਪ੍ਰਧਾਨ ਸਰਦਾਰ ਤੇਜਾ ਸਿੰਘ ਜੀ ਖੜ੍ਹੇ ਹੋਏ। ਉਹਨਾਂ ਭਰੀਆਂ ਅੱਖਾਂ ਤੇ ਭਰੇ ਗੱਚ ਨਾਲ ਬੋਲਣਾ ਸ਼ੁਰੂ ਕੀਤਾ।
“ਦੋਸਤੋ ! ਅੱਜ ਸਾਡਾ ਵੀਰ, ਸਾਡੇ ਤੋਂ ਅੰਤਮ ਵਿਦਾਇਗੀ ਲੈ ਗਿਆ ਹੈ। ਮੈਨੂੰ ਹੁਣੇ ਖ਼ਬਰ ਪਹੁੰਚੀ ਹੈ ਕਿ ਉਸਦੀ ਮਜ਼ਲ ਨਾਲ ਹਜ਼ਾਰਾਂ ਦੀ ਤਦਾਦ ਵਿਚ ਅਧਿਆਪਕ ਸਾਥੀ ਤੇ ਦੂਜੀਆਂ ਲੋਕ-ਹਿੱਤੂ ਜਥੇਬੰਦੀਆਂ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਪਹੁੰਚੇ ਸਨ। ਸ਼ਹੀਦ ਰਮੇਸ਼ ਕੋਹਲੀ, ਜਿਸ ਸ਼ਾਨ ਨਾਲ ਏਡਿਡ ਸਕੂਲਾਂ ਦੇ ਇਤਿਹਾਸ ਨੂੰ ਲਿਖ ਕੇ ਗਿਆ ਹੈ ਉਸ ਦੀ ਗਾਥਾ ਏਡਿਡ ਸਕੂਲਾਂ ਦੇ ਇਤਿਹਾਸ ਵਿਚ ਸਦਾ ਅਮਰ ਰਹੇਗੀ।”
” ਸ਼ਹੀਦ ਰਮੇਸ਼ ਕੋਹਲੀ ਅਮਰ ਰਹੇ” ਦੇ ਜੈਕਾਰੇ ਇੱਕ ਵਾਰ ਫ਼ਿਰ ਅਸਮਾਨ ਵਿਚ ਗੂੰਜਣ ਲੱਗੇ। ਮੈਂ ਜਦੋਂ ਦੇਖਿਆ ਕਿ ਪ੍ਰਧਾਨ ਜੀ ਤੋਂ ਹੋਰ ਨਹੀਂ ਬੋਲਿਆ ਜਾ ਰਿਹਾ, ਉਹਨਾਂ ਨੂੰ ਪੰਡਾਲ ਵਿਚ ਹੀ ਬਿਠਾ ਦਿੱਤਾ। ਅੱਜ ਯੂਨੀਅਨ ਦੇ ਸਾਰੇ ਬੁਲਾਰੇ ਆਪਣੇ ਮਨ ਦੀ ਭੜਾਸ ਕੱਢਣਾ ਚਾਹੁੰਦੇ ਸਨ। ਬੁਲਾਰਿਆਂ ਦੀ ਲੰਮੀ ਲਿਸਟ ਮੇਰੇ ਹੱਥ ਵਿਚ ਪਹੁੰਚ ਗਈ ਸੀ। ਮੈਨੂੰ ਵੀ ਪਤਾ ਸੀ ਕਿ ਅੱਜ ਦੀ ਇਕੱਤਰਤਾ ਜੇਲ੍ਹ ਇਤਿਹਾਸ ਦੀ,ਸਭ ਤੋਂ ਵੱਡੀ ਇਕੱਤਰਤਾ ਹੋਵੇਗੀ।
ਮੈਂ ਦੋਸਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ,” ਪਿਆਰੇ ਤੇ ਸਤਿਕਾਰੇ ਜੁਝਾਰੂ ਦੋਸਤੋ !
ਤੁਹਾਨੂੰ ਤੇ ਸ਼ਹੀਦ ਕੋਹਲੀ ਨੂੰ ਲਾਲ ਸਲਾਮ।
14 ਮਾਰਚ ਦੀ ਭਿਆਨਕ ਰਾਤ ਸਾਡੇ ਗੌਰਵਮਈ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਈ ਹੈ। ਸਭ ਤੋਂ ਪਹਿਲਾਂ ਸ਼ਹੀਦ ਰਮੇਸ਼ ਕੋਹਲੀ ਨੂੰ ਪ੍ਰਣਾਮ ਕਰ ਕੇ ਉਸ ਦੀ ਯਾਦ ਨੂੰ ਤਾਜ਼ਾ ਕਰਾਂ ਗਾ।
ਸ਼ਹੀਦ ਰਮੇਸ਼ ਕੋਹਲੀ- ਅਮਰ ਰਹੇ।
ਅਮਰ ਰਹੇ – ਅਮਰ ਰਹੇ।
ਕਵਿਤਾ:-
ਜਦ ਕਦੇ ਵੀ ਬੁੜੈਲ ਦੇ,
ਕਿੱਸੇ ਸੁਣਾਏ ਜਾਣਗੇ।
ਤੇਰੀ ਸ਼ਹਾਦਤ ਦੇ ਯਾਰਾ,
ਫ਼ਿਰ ਗੀਤ ਗਾਏ ਜਾਣਗੇ।
ਬਣ ਗਿਆ ਇਤਿਹਾਸ ਦਾ,
ਪੰਨਾ ਹਮੇਸ਼ਾ ਲਈ ਕੋਹਲੀ।
ਸੰਘਰਸ਼ ਕਰਦੀਆਂ ਕੌਮਾਂ ਨੂੰ,
ਤੇਰੇ ਨਕਸ਼ ਦਿਖਾਏ ਜਾਣਗੇ।
ਸੁਨਹਿਰੀ ਅੱਖਰਾਂ ਵਿਚ ਗਿਆ,
ਲਿਖਿਆ ਤੇਰਾ ਨਾਮ ਦੋਸਤਾ।
ਹਰ ਵਰ੍ਹੇ ਤੇਰੀ ਯਾਦ ਦੇ,
ਦੀਵੇ ਜਗਾਏ ਜਾਣਗੇ।
14 ਮਾਰਚ ਸਾਡੇ ਲਈ,
ਸਤਿਕਾਰ ਦਾ ਦਿਨ ਹੋ ਗਿਆ।
ਜਿੱਤ ਤੇਰੀ ਦੇ ਸਦਾ,
ਝੰਡੇ ਝੁਲਾਏ ਜਾਣ ਗੇ।
ਜਦ ਜਦ ਕੌਮਾਂ ਹੱਕਾਂ ਲਈ,
ਬੁੜੈਲ ਵੱਲ ਚਾਲੇ ਪਾਉਣਗੀਆਂ।
ਤੇਰੀ ਸ਼ਹਾਦਤ ਦੇ ਕਿੱਸੇ,
ਮੁੜ ਮੁੜ ਦੁਹਰਾਏ ਜਾਣਗੇ।
(ਜੱਸੀ)
ਬੜੇ ਜੋਸ਼ ਨਾਲ ਜਦੋਂ ਮੈਂ ਆਪਣੀ ਕਵਿਤਾ ਉਚਾਰੀ ਤਾਂ ਨਾਹਰਿਆਂ ਨੇ ਸਾਰੇ ਜੇਲ੍ਹ ਦੀਆਂ ਕੰਧਾਂ ਕੰਬਣ ਲਾ ਦਿੱਤੀਆਂ। ਫ਼ਿਰ ਤਾਂ ਚੱਲ ਸੋ ਚੱਲ। ਸਟੇਜ ‘ਤੇ ਬੁਲਾਰੇ ਹੀ ਬੁਲਾਰੇ।
ਜਸਵੰਤ ਸਿੰਘ (ਪਟਿਆਲਾ) ਕੇ. ਐਲ. ਗਰਗ (ਵਿਅੰਗਕਾਰ) ਮੋਗਾ, ਪ੍ਰਿੰਸੀਪਲ ਹਰਨੇਕ ਸਿੰਘ ਸਿੱਧੂ (ਖ਼ਾਲਸਾ ਬਠਿੰਡਾ) ਗਲੈਡ,ਸਟੋਨ, ਖਜ਼ਾਨ ਸਿੰਘ, ਸਤਿੰਦਰ ਸਿੰਘ, ਪ੍ਰੇਮ ਸ਼ਰਮਾ, ਛੱਜਾ ਸਿੰਘ (ਫਤਿਹਗੜ੍ਹ ਸਾਹਿਬ) ਕਸ਼ਮੀਰ ਸਿੰਘ, ਚੋਪੜਾ ਸਾਹਿਬ, ਸੁਰਿੰਦਰ ਸੋਹੀ (ਮਾਨਸਾ), ਰਾਮਗੋਪਾਲ ਚੌਧਰੀ, ਮਦਨ ਸ਼ਰਮਾ (ਅੰਮ੍ਰਿਤਸਰ), ਕਮਲ ਕਿਸ਼ੋਰ, (ਖੰਨਾ) ਸੰਜੇ ਜੀ, ਪ੍ਰੇਮ ਜੀ, ਰਘੁਬੀਰ ਤੁਗਲਵਾਲ, (ਗੁਰਦਾਸਪੁਰ), ਰਜੇਸ਼ ਮਿੱਤਲ (ਬਠਿੰਡਾ) ਸ਼ਾਮ ਲਾਲ ਜੀ (ਬਰਨਾਲਾ), ਤਿਲਕ ਰਾਜ ਸ਼ਰਮਾ (ਗੁਰਦਾਸਪੁਰ), ਰਛਪਾਲ ਸਿੰਘ ਖ਼ਾਲਸਾ (ਗੜ੍ਹਦੀਵਾਲ), ਦਵਿੰਦਰ ਕੁਮਾਰ (ਗੁਰਦਾਸਪੁਰ), ਰਣਧੀਰ ਸਿੰਘ (ਖਰੜ), ਹਰਨਾਮ ਜੋਸ਼ੀਲਾ ਜੀ, ਵਿਜੇ ਵਿਕਟਰ (ਫਿਰੋਜ਼ਪੁਰ), ਸੁਰਿੰਦਰ ਕੁਮਾਰ ਦੀ (ਧੂਰੀ),ਅਸ਼ਵਨੀ ਗੁਪਤਾ ਨਾਵਲਕਾਰ (ਮੋਗਾ), ਹਰਪ੍ਰੀਤ ਸਿੰਘ (ਮੋਗਾ), ਤਿਲਕ ਰਾਜ ਚੁੱਘ, ਜਗਦੀਸ਼ ਚੰਦਰ (ਪਟਿਆਲਾ), ਵਿਸੰਭਰ ਸਹਾਏ ਜੀ, ਇਕਬਾਲ ਸਿੰਘ (ਕਪੂਰਥਲਾ), ਮੱਸਾ ਸਿੰਘ ਹੈਡ ਮਾਸਟਰ (ਪਠਾਨਕੋਟ), ਰਾਜੂ ਡੇਨੀਅਲ (ਬਟਾਲਾ), ਪ੍ਰਿੰਸੀਪਲ ਅਮਰ ਪ੍ਰੀਤ ਜੀ ( ਬਟਾਲਾ), ਤਜਿੰਦਰ ਸੇਠੀ, ਪਤਾ ਨਹੀਂ ਕਿੰਨੇ ਹੀ ਹੋਰ ਬੁਲਾਰੇ ਸਟੇਜ ‘ਤੇ ਬੋਲੇ। ਸਭ ਨੇ ਆਪਣੇ ਮਨ ਦੀ ਭੜਾਸ ਆਪਣੇ ਭਾਸ਼ਨਾਂ, ਕਵਿਤਾਵਾਂ ਅਤੇ ਵਿਅੰਗਾਂ ਰਾਹੀਂ ਕੱਢੀ, ਪਰ ਜੋ ਜੋਸ਼ ਉਪਜੀਤ ਸਿੰਘ ਬਰਾੜ (ਪਟਿਆਲਾ) ਤੇ ਮਾਨ ਸਿੰਘ ਖਾਲਸਾ ਸਕੂਲ ਬਠਿੰਡਾ ਨੇ ਦਿਖਾਇਆ, ਉਹ ਦੇਖਣਾ ਬਣਦਾ ਸੀ।
“ਯਸ਼ਪਾਲ ਝਬਾਲ’ ਨਕਸਲੀ ਲਹਿਰ ਦਾ ਲੀਡਰ ਤੇ ਹਿਊਮਨ ਰਾਈਟਸ ਕਮਿਸ਼ਨ ਮੈਂਬਰ ਪੰਜਾਬ ਨੇ, ਜਦੋਂ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਖਿਲਾਫ਼, ਲੈਕਚਰ ਦਿੱਤਾ ਤਾਂ ਸਾਰੇ ਦੰਗ ਰਹਿ ਗਏ। ਬੀ.ਕੇ. ਸੋਨੀ ਤੇ ਬਹਾਦਰ ਸਿੰਘ ਚੱਡਾ (ਜਲੰਧਰ) ਨੇ ਵੀ ਆਪਣੇ ਸ਼ਬਦੀ ਬਾਣਾਂ ਰਾਹੀਂ ਸਰਕਾਰ ਦੀ ਖੁੰਬ ਠੱਪੀ। ਜੇਲ੍ਹ ਵਿਚ ਸਾਢੇ ਬਾਰਾਂ ਸੌ ਸਾਥੀਆਂ ਦੀ ਇੱਕ ਅਵਾਜ਼ ਨੇ ਬੁੜੈਲ ਦੀਆਂ ਕੰਧਾਂ ਨੂੰ ਵੀ ਕੰਨ ਕਰਵਾ ਦਿੱਤੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly