ਜੇਲ੍ਹ ਵਿਚ ਰਮੇਸ਼ ਕੋਹਲੀ ਦੀ ਸ਼ਹਾਦਤ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ -16 ( ਭਾਗ ਪਹਿਲਾ)
ਯੂਨੀਅਨ ਦਾ ਅਧਿਆਪਕਾਵਾਂ ਨੂੰ‌ “ਔਰਤ ਦਿਵਸ” ਉੱਤੇ ਗਰਿਫ਼ਤਾਰ ਕਰਾਉਣ ਦਾ ਪਹਿਲਾ ਵਾਰ ਖ਼ਾਲੀ ਗਿਆ ਸੀ।‌ ਨੇਤਾਵਾਂ ਨੂੰ ਇਹ ਵੀ ਪਤਾ ਸੀ ਕਿ ਜੇ ਇੱਕਠਿਆਂ ਔਰਤਾਂ ਦੀ ਗਰਿਫ਼ਤਾਰੀ ਕਰਵਾਉਣ ਦੀ ਕੋਸ਼ਿਸ਼ ਕੀਤੀ, ਸਰਕਾਰ ਕਦੇ ਵੀ ਗਰਿਫ਼ਤਾਰ ਨਹੀਂ ਕਰੇਗੀ। ਸੋ ਸਹਾਇਤਾ ਪ੍ਰਾਪਤ ਸਕੂਲ ਜਥੇਬੰਦੀ ਦੇ ਸਟੇਟ ਸਕੱਤਰ ਸ੍ਰੀ ਮਨੋਹਰ ਲਾਲ ਚੋਪੜਾ, ਐਕਟਿੰਗ ਪ੍ਰਧਾਨ, ਸ਼੍ਰੀ ਸਮਰਾ ਜੋ ਸਰਦਾਰ ਤੇਜਾ ਸਿੰਘ ਜੀ ਦੇ ਜੇਲ੍ਹ ਜਾਣ ਪਿੱਛੋਂ ਬਾਹਰਲੀਆਂ ਯੂਨੀਅਨ ਗਤੀਵਿਧੀਆਂ ਦਾ ਕੰਮ ਸੰਭਾਲ ਰਹੇ ਸਨ ਉਹਨਾਂ ਨੇ ਪ੍ਰੋਗਰਾਮ ਬਣਾਇਆ ਕਿ ਵੀਹ,ਪੱਚੀ ਪੱਚੀ ਅਧਿਆਪਕਾਵਾਂ ਦੇ ਜਥੇ ਬਣਾ ਕੇ ਉਹਨਾਂ ਦੀ ਗਰਿਫ਼ਤਾਰੀ ਕਰਵਾਈ ਜਾਵੇ।

ਇਹ ਬਹੁਤ ਹੀ ਜ਼ਰੂਰੀ ਹੋ ਗਿਆ ਸੀ ਕਿਉਂਕਿ ਜਦੋਂ ਪੰਜਾਬ ਦੀਆਂ ਬਹੂ ਬੇਟੀਆਂ ਆਪਣੇ ਹੱਕਾਂ ਦੀ ਰਾਖੀ ਲਈ ਜੇਲ੍ਹ ਜਾਣਗੀਆਂ ਸਰਕਾਰ ਨੂੰ ਸੇਕ ਜ਼ਰੂਰ ਲੱਗੇਗਾ। ਓਧਰ 89 ਦਿਨਾਂ ਵਾਲੇ ਅਧਿਆਪਕ ਸਾਥੀ ਮਰਨ ਵਰਤ ‘ਤੇ ਬੈਠੇ ਸਨ। ਭੈਣ ਤਜਿੰਦਰ ਕੌਰ ਨੇ ਆਪਣਾ ਮਰਨ ਵਰਤ ਸ਼ੁਰੂ ਕਰਕੇ ਸਾਰੀ ਸੁੱਤੀ ਅਧਿਆਪਕ ਕੌਮ ਨੂੰ ਜਗਾ ਦਿੱਤਾ ਸੀ। ਸਰਕਾਰ ਨੂੰ ਚੂਲੀ ‘ਚ ਪਾਣੀ ਲੈ ਕੇ ਡੁੱਬ ਮਰਨ ਨੂੰ ਵੀ ਜਗ੍ਹਾ ਨਹੀਂ ਸੀ।

ਸੋ ਪ੍ਰੋਗਰਾਮ ਮੁਤਾਬਕ ਪਹਿਲਾਂ ਰਾਤੋ-ਰਾਤ ਚੰਡੀਗੜ੍ਹ ਦੇ ਨੇੜੇ ਰੋਪੜ ਜ਼ਿਲ੍ਹੇ ਦੀਆਂ ਅਧਿਆਪਕਾਵਾਂ ਨੂੰ ਸੂਚਿਤ ਕੀਤਾ ਗਿਆ ਕੀ ਤੁਸੀਂ ਦੋ-ਦੋ ਤਿੰਨ-ਤਿੰਨ ਦੇ ਗਰੁੱਪਾਂ ਵਿਚ ਪਹਿਲਾਂ ਪੀ. ਜੀ. ਆਈ. ਹਸਪਤਾਲ ਜਾ ਕੇ ਆਪਣੇ ਚੈੱਕ-ਅੱਪ ਕਾਰਡ ਬਣਵਾਉਣੇ ਹਨ। ਉਸ ਤੋਂ ਬਾਅਦ ਇਕੱਲੀਆਂ ਇਕੱਲੀਆਂ ਨੇ ਮੁੱਖ ਮੰਤਰੀ,ਵਿੱਤ ਮੰਤਰੀ ਤੇ ਵਿੱਤ ਸਕੱਤਰ ਦੀ ਕੋਠੀ ਅੱਗੇ ਇਕੱਠੀਆਂ ਹੋ ਕੇ ਪ੍ਰੋਟੈੱਸ਼ਟ ਕਰਨਾ ਹੈ। ਪ੍ਰੋਗਰਾਮ ਮੁਤਾਬਕ ਨਿਸ਼ਾਨਾ ਮੱਛੀ ਦੀ ਅੱਖ਼ ‘ਤੇ ਲੱਗਾ ਸੀ। ਪੁਲਿਸ ਹੱਕੀ ਬੱਕੀ ਰਹਿ ਗਈ ਸੀ ਕਿ ਜਿੱਥੇ ਮੱਖੀ ਵੀ ਨਹੀਂ ਫਰਕਦੀ ਉੱਥੇ ਇਹ ਇਕੱਠੀਆਂ ਕਿਵੇਂ ਪਹੁੰਚ ਗਈਆਂ। ਅਧਿਆਪਕਾਵਾਂ ਨੇ ਰੱਜ ਕੇ ਪੰਜਾਬ ਸਰਕਾਰ ਦਾ ਸਿਆਪਾ ਕੀਤਾ। ਉਹਨਾਂ ਸਾਰੀਆਂ ਨੂੰ ਗਰਿਫ਼ਤਾਰ ਕਰ ਕੇ ਕੇਂਦਰੀ ਬੁੜੈਲ ਜੇਲ੍ਹ ਚੰਡੀਗੜ੍ਹ ਭੇਜ ਦਿੱਤਾ ਸੀ। ਅੰਦਰ ਬੈਠੇ ਸਾਰੇ ਅਧਿਆਪਕ ਸਾਥੀਆਂ ਦੇ ਹੌਂਸਲੇ ਬੁਲੰਦ ਹੋ ਗਏ ਸਨ। ਭਾਵੇਂ ਜਥਾ ਛੋਟੀ ਗਿਣਤੀ ਵਿਚ ਸੀ ਪਰ ਰੋਪੜ ਜ਼ਿਲ੍ਹੇ ਨੇ ਸ਼ੁਰੂਆਤ ਕਰ ਕੇ ਕਮਾਲ ਕਰ ਦਿੱਤੀ ਸੀ।

ਸ਼ਾਮ ਨੂੰ ਜੇਲ੍ਹ ਦੇ ਗੇਟ ‘ਤੇ ਉਹਨਾਂ ਦਾ ਭਰਵਾਂ ਸਵਾਗਤ ਹੋਇਆ। ਜਨਾਨਾ ਬੈਰਕ ਡੀ.ਆਈ.ਜੀ. ਸ਼ਰਮਾ ਨੇ ਖੁਲ੍ਹਵਾ ਦਿੱਤੀ ਸੀ। ਹੁਣ ਚੱਲ ਸੋ ਚੱਲ ਸੀ। ਰੁਜ਼ਾਨਾ ਔਰਤਾਂ ਦੇ ਜਥੇ ਗਰਿਫ਼ਤਾਰੀ ਦਿੰਦੇ ਰਹੇ ਤੇ ਜਥਿਆਂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿਚ ਭੇਜਦੇ ਰਹੇ ਕਿਉਂਕਿ ਬੁੜੈਲ ਵਿਚ ਹੋਰ ਜਥੇ ਲੈਣ ਦੀ ਜਗ੍ਹਾ ਨਹੀਂ ਸੀ। ਜੇਲ੍ਹ ਪ੍ਰਸ਼ਾਸਨ ਆਪਣੇ ਹੱਥ ਖੜ੍ਹੇ ਕਰ ਗਿਆ ਸੀ। ਦਿਨਾਂ ਵਿਚ ਹੀ ਚਾਰ ਸੌ ਪੰਜਾਹ ਦੇ ਕਰੀਬ ਅਧਿਆਪਕਾਵਾਂ ਗਰਿਫ਼ਤਾਰੀ ਦੇ ਕੇ ਕੇਂਦਰੀ ਜੇਲ੍ਹ ਲੁਧਿਆਣਾ ਪਹੁੰਚ ਗਈਆਂ ਸਨ। ਜਿੱਥੇ ਉਹਨਾਂ ਦੀ ਮੁਲਾਕਾਤ ਸਰਦਾਰ ਤੇਜਾ ਸਿੰਘ ਪ੍ਰਧਾਨ ਜੀ ਦੀ ਪਤਨੀ ਕਰਦੇ ਸਨ। ਚੋਪੜਾ ਸਾਹਿਬ (ਸਕੱਤਰ) ਗਰਿਫ਼ਤਾਰੀਆਂ ਦਿਵਾਉਂਣ ਤੋਂ ਬਾਅਦ ਲੁਧਿਆਣਾ ਪਹੁੰਚਦੇ, ਜੇਲ੍ਹ ਵਿਚ ਉਹਨਾਂ ਸਾਰੀਆਂ ਔਰਤਾਂ ਦਾ ਸਹੀ ਇੰਤਜ਼ਾਮ ਕਰ ਕੇ ਰਾਤੋ-ਰਾਤ ਚੰਡੀਗੜ੍ਹ ਆ ਕੇ ਫ਼ੇਰ ਕੰਮ ਸੰਭਾਲ ਲੈਂਦੇ। ਸਾਰੀ ਕਾਰਵਾਈ ਦੀ ਖ਼ਬਰ ਬੁੜੈਲ ਆ ਕੇ ਪ੍ਰਧਾਨ ਜੀ ਨੂੰ ਦੱਸੀ ਜਾਂਦੀ। ਹੁਣ ਸਾਰੇ ਆਪਣੇ ਜਲੌ ਵਿਚ ਆ ਗਏ ਸਨ। ਜ਼ਿੰਦਗੀ ਮੌਤ ਦਾ ਸੁਆਲ ਬਣ ਗਿਆ ਸੀ।

ਓਧਰ ਬੀਮਾਰ ਅਧਿਆਪਕਾਂ ਦੀਆਂ ਲੰਮੀਆਂ ਲਾਈਨਾਂ ਜੇਲ੍ਹ ਵਿਚ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਬਹੁਤੇ ਅਧਿਆਪਕ ਕਿਸੇ ਨਾ ਕਿਸੇ ਦੀ ਬੀਮਾਰੀ ਤੋਂ ਸ਼ਿਕਾਰ ਹੋ ਰਹੇ ਸਨ। ਦਵਾਈਆਂ ਦਾ ਤੇ ਡਾਕਟਰਾਂ ਦਾ ਇੰਤਜ਼ਾਮ ਚੰਗਾ ਨਹੀਂ ਸੀ। ਇੱਕ ਡਾਕਟਰ ਜਿਸ ਦੇ ਦਰਸ਼ਨ ਵੀ ਦੁਰਲਭ ਸਨ, ਤੇ ਦੋ ਕੁ ਕੰਪਾਊਂਡਰ। ਦਵਾਈਆਂ ਘਟੀਆ ਥਰਡ ਕਲਾਸ। ਇੱਕ ਦਿਨ ਇੱਕ ਅਜੀਬ ਘਟਨਾ ਵਾਪਰੀ। ਡਾਕਟਰ ਬਿਮਾਰ ਅਧਿਆਪਕਾਂ ਨੂੰ ਘਟੀਆ ਦਵਾਈਆਂ ਦੇਈ ਜਾਵੇ। ਸਾਡੇ ਵਾਇਸ ਪ੍ਰੈਸੀਡੈਂਟ ਸ੍ਰੀ ਓਮ ਪ੍ਰਕਾਸ਼ ਵਰਮਾ ਜੀ ਵੀ ਦਵਾਈ ਲੈਣ ਵਾਲਿਆਂ ਦੀ ਲਾਈਨ ਵਿਚ ਖੜ੍ਹੇ ਸਨ। ਜਦੋਂ ਉਹਨਾਂ ਦੀ ਦਵਾਈ ਲਿਖੀ ਉਹ ਸਮਝ ਗਏ ਕਿ ਡਾਕਟਰ ਵਧੀਆ ਦਵਾਈਆਂ ਨਹੀਂ ਲਿਖ ਰਿਹਾ। ਜਦੋਂ ਉਨ੍ਹਾਂ ਡਾਕਟਰ ਨੂੰ ਕਿਹਾ,” ਤੁਸੀਂ ਸਹੀ ਦਵਾਈ ਨਹੀਂ ਲਿਖ ਰਹੇ, ਮੈਨੂੰ ਇਨ੍ਹਾਂ ਬਾਰੇ ਪੂਰਨ ਜਾਣਕਾਰੀ ਹੈ।

ਮੈਂ ਯੂਨੀਅਨ ਦਾ ਵਾਇਸ ਪ੍ਰੈਸੀਡੈਂਟ ਹਾਂ।” ਤਾਂ ਡਾਕਟਰ ਘਬਰਾ ਗਿਆ। ਉਸ ਨੂੰ ਪਤਾ ਸੀ ਕਿ ਜੇ ਮੇਰੀ ਸ਼ਿਕਾਇਤ ਹੋ ਗਈ, ਐਕਸ਼ਨ ਜ਼ਰੂਰ ਹੋਵੇਗਾ। ਫ਼ੇਰ ਤਾਂ ਉਹ ਵਰਮਾ ਜੀ ਨਾਲ ਜਾਣ-ਪਹਿਚਾਣ ਕੱਢਣ ਲੱਗ ਪਿਆ। ਗੱਲਾਂ ਗੱਲਾਂ ਚ ਹੀ ਪਤਾ ਲੱਗ ਗਿਆ ਕਿ ਉਹ ਬਠਿੰਡੇ ਦਾ ਹੀ ਰਹਿਣ ਵਾਲਾ ਸੀ, ਪੰਝੀ ਸਾਲ ਪਹਿਲਾਂ ਵਰਮਾ ਜੀ ਦਾ ਹੀ ਵਿਦਿਆਰਥੀ ਰਿਹਾ ਸੀ। ਕੁਝ ਵਧੀਆ ਦਵਾਈਆਂ ਉਸ ਨੇ ਵਰਮਾ ਜੀ ਨੂੰ ਦਿੱਤੀਆਂ ਪਰ ਵਰਮਾ ਜੀ ਨੇ ਕਿਹਾ,” ਇਹ ਵਧੀਆ ਦਵਾਈਆਂ ਮੇਰੇ ਸਾਰੇ ਅਧਿਆਪਕਾਂ ਨੂੰ ਚਾਹੀਦੀਆਂ ਹਨ। ਇਕੱਲੇ ਮੈਨੂੰ ਨਹੀਂ ਚਾਹੀਦੀਆਂ।” ਡਾਕਟਰ ਕਹਿੰਦਾ,” ਜੇਲ੍ਹ ਪ੍ਰਸ਼ਾਸਨ ਨੂੰ ਲਿਖ ਕੇ ਚੰਗੀਆਂ ਦਵਾਈਆਂ ਮੰਗਵਾਉਣੀਆਂ ਪੈਣਗੀਆਂ।

ਅਜੇ ਇਹ ਗੱਲਾਂ-ਬਾਤਾਂ ਹੋ ਰਹੀਆਂ ਸਨ ਕਿ ਇਹ ਖ਼ਬਰ ਆ ਗਈ, ਜਲੰਧਰ ਵਾਲਿਆਂ ਦੀ ਬੈਰਕ ਵਿਚ ਕੁਝ ਸਾਥੀ ਬੀਮਾਰ ਹਨ। ਉਹਨਾਂ ਸਾਰੀ ਰਾਤ ਵੀ ਮੁਸ਼ਕਲ ਨਾਲ ਕੱਢੀ ਸੀ। ਡਾਕਟਰ ਅਧੂਰੀਆਂ ਜਿਹੀਆਂ ਦਵਾਈਆਂ ਨਾਲ ਕੁਝ ਨਹੀਂ ਕਰ ਸਕਦਾ ਸੀ। ਰਾਤ ਨੂੰ ਫ਼ਿਰ ਇੱਕ ਜਲੰਧਰ ਦੇ ਸਾਥੀ “ਰਮੇਸ਼ ਕੋਹਲੀ” ਨੇ ਸ਼ਿਕਾਇਤ ਕੀਤੀ, ਕਿ ਮੈਨੂੰ ਕਬਜ਼ ਦੀ ਸ਼ਿਕਾਇਤ ਹੈ, ਤਿੰਨ ਦਿਨਾਂ ਤੋਂ ਕੁਝ ਖਾਧਾ ਪੀਤਾ ਵੀ ਨਹੀਂ ਜਾ ਰਿਹਾ।”ਕੰਪਾਊਡਰ ਇੱਕ ਗੋਲੀ ਦੀ ਕੇ ਚਲਾ ਗਿਆ। ਸਾਰੀ ਰਾਤ ਅਧਿਆਪਕ ਸਾਥੀ ਤਕਲੀਫ਼ ਨਾਲ ਘੁਲਦਾ ਰਿਹਾ। ਸਵੇਰੇ ਚਾਰ ਕੁ ਵਜੇ ਉਹ ਲੈਟਰਿਨ ਲਈ ਚਲੇ ਗਏ , ਉੱਥੋਂ ਹੀ ਉਹ ਬਾਥਰੂਮ ਵੱਲ ਹੋ ਗਏ। ਜਦੋਂ ਕੁਝ ਹੋਰ ਸਾਥੀ ਨਹਾਉਣ ਗਏ ਤਾਂ ਉਹਨਾਂ ਕੋਹਲੀ ਹਿਸਾਬ ਨੂੰ ਉੱਥੇ ਡਿੱਗੇ ਹੋਏ ਦੇਖਿਆ।

ਸਾਰੀ ਬੈਰਕ ਵਿਚ ਹਫੜਾ-ਦਫੜੀ ਮੱਚ ਗਈ। ਕੋਈ ਕਹੇ, ਬੇਹੋਸ਼ ਹਨ,” ਕੋਈ ਕਹੇ ਉਹਨਾਂ ਵਿਚ ਕੁਝ ਵੀ ਨਹੀਂ।” ਸਾਰੀਆਂ ਬੈਰਕਾਂ ਦੇ ਅਧਿਆਪਕ ਜਲੰਧਰ ਜਿਲ੍ਹੇ ਵਾਲੀ ਬੈਰਕ ਵਿਚ ਪਹੁੰਚਣੇ ਸ਼ੁਰੂ ਹੋ ਗਏ। ਜੇਲ੍ਹ ਦੀ ਗੱਡੀ ਮੰਗਵਾ ਕੇ ਉਨ੍ਹਾਂ ਨੂੰ ਪੀ.ਜੀ.ਆਈ. ਹਸਪਤਾਲ ਭੇਜਿਆ ਗਿਆ। ਜੇਲ੍ਹ ਵਿਚ ਡਰ ਦਾ ਵਾਤਾਵਰਨ ਬਣ ਗਿਆ ਸੀ।‌ ਜਿੰਨਾਂ ਅਧਿਆਪਕਾਂ ਨੇ ਕੋਹਲੀ ਸਾਹਿਬ ਦੀ ਹਾਲਤ ਦੇਖੀ ਸੀ ਓਹਨਾ ‘ਚੋਂ ਕਈਆਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਸਨ। ਜਿੰਨ੍ਹਾਂ ਨੇ ਹਾਦਸਾ ਅੱਖੀਂ ਦੇਖਿਆ ਸੀ, ਉਹ ਜਾਣਦੇ ਸਨ ਕੋਹਲੀ ਸਾਹਿਬ ਸ਼ਾਇਦ ਹੀ ਹਸਪਤਾਲ ‘ਚੋਂ ਵਾਪਸ ਆਉਣ। ਸਾਰੀ ਜੇਲ੍ਹ ਵਿਚ ਚੁੱਪ ਚਾਪ ਛਾ ਗਈ ਸੀ। ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਜੇਲ੍ਹ ਵਿਚ ਹੋ ਰਹੀਆਂ ਸਨ। ਸਾਰੇ ਅਧਿਆਪਕ ਜੇਲ੍ਹ ਪ੍ਰਸ਼ਾਸ਼ਨ ਤੇ ਡਾਕਟਰਾਂ ਨੂੰ ਕੋਸ ਰਹੇ ਸਨ ਕਿਉਂਕਿ ਦਵਾਈਆਂ ਦਾ ਇੰਤਜ਼ਾਮ ਬਹੁਤ ਘਟੀਆ ਦਰਜੇ ਦਾ ਸੀ। ਆਟੇ ਵਿਚ ਵੀ ਮਿਲਾਵਟ ਦੀ ਸ਼ਿਕਾਇਤ ਸੀ। ਦੁੱਧ ਤਾਂ ਪਾਊਡਰ ਵਾਲਾ, ਘਟੀਆ ਦਰਜੇ ਦਾ ਹੈ ਹੀ ਸੀ। ਸਭ ਦੇ ਗਲੇ ਪੱਕੇ ਹੋਏ ਸਨ।

ਸਭ ਸੁੱਖਾਂ ਸੁੱਖ ਰਹੇ ਸਨ ਕਿ ਹੇ ਪਰਮਾਤਮਾ ! ਕੋਹਲੀ ਸਾਹਿਬ ਠੀਕ ਠਾਕ ਹੋਣ। ਪਰ ਘੰਟੇ ਕੁ ਬਾਅਦ ਖ਼ਬਰ ਮਿਲੀ ਕਿ ਕੋਹਲੀ ਸਾਹਿਬ ਜੇਲ੍ਹ ਯਾਤਰਾ ਦੌਰਾਨ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਕੇ “ਸ਼ਹੀਦ” ਹੋ ਗਏ ਹਨ। ਜੇਲ੍ਹ ਵਿਚ ਇੱਕ ਦਮ ਭਿਆਨਕ ਸਹਿਮ ਛਾ ਗਿਆ।

“ਪੰਜਾਬ ਸਰਕਾਰ-ਮੁਰਦਾਬਾਦ”
ਜੇਲ੍ਹ ਪ੍ਰਸ਼ਾਸਨ – ਹਾਏ ! ਹਾਏ !
ਦੇ ਨਾਅਰਿਆਂ ਨੇ ਜੇਲ੍ਹ ਦੀਆਂ ਕੰਧਾਂ ਕੰਬਾਂ ਦਿੱਤੀਆਂ। ਵੱਖ-ਵੱਖ ਜ਼ਿਲ੍ਹਿਆਂ ਦੇ ਸੁਲਝੇ ਹੋਏ ਆਗੂ, ਨਵੇਂ ਮੁੰਡਿਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਸੁਨੇਹਾ ਆ ਗਿਆ ਕਿ ਇੱਕ ਦੋ ਹੋਰ ਅਧਿਆਪਕਾਂ ਨੂੰ ਦੌਰਾ ਪਿਆ ਹੈ। ਕੁਝ ਸਾਥੀ ਓਧਰ ਭੱਜੇ। ਸਾਰੀ ਜੇਲ੍ਹ ਸੋਗਮਈ ਹੋ ਗਈ ਸੀ। ਉਹਨਾਂ ਨੂੰ ਫ਼ਟਾ ਫ਼ਟ ਗੱਡੀ ‘ਚ ਪਾ ਕੇ ਹਸਪਤਾਲ ਭੇਜਿਆ ਗਿਆ। ਸਾਰੇ ਅਧਿਆਪਕ ਸਾਥੀ ਆਪਣੀਆਂ ਬੈਰਕਾਂ ਚੋਂ ਨਿਕਲ ਕੇ ਮੇਨ ਗੇਟ ਤੱਕ ਪਹੁੰਚ ਗਏ ਸਨ। ਉੱਥੇ ਹੀ ਰੈਲੀ ਸ਼ੁਰੂ ਹੋ ਗਈ ਸੀ।

ਕਈਆਂ ਦੀਆਂ ਅੱਖਾਂ ਵਿਚੋਂ ਅੱਥਰੂ ਪਰਲ ਪਰਲ ਵਗ ਰਹੇ ਸਨ। ਅਸੀਂ ਕੁਝ ਸਾਥੀ ਉਹਨਾਂ ਨੂੰ ਪਾਣੀ ਪਿਲਾ ਰਹੇ ਸਾਂ। ਭੈਣਾਂ ਵੀ ਆਪਣੀ ਬੈਰਕ ‘ਚੋਂ ਬਾਹਰ ਆ ਗਈਆਂ ਸਨ। ਪੰਜਾਬ ਸਰਕਾਰ ਦਾ ਸਿਆਪਾ ਸ਼ੁਰੂ ਕਰ ਦਿੱਤਾ ਸੀ। ਜੇਲ੍ਹ ਫੋਰਸ ਵੀ ਚੌਕਸ ਹੋ ਗਈ ਸੀ ਕਿ ਕੀ ਪਤੈ ਕੋਈ ਵੱਡਾ ਭਾਣਾ ਨਾ ਵਾਪਰ ਜਾਵੇ। ਜੇਲ੍ਹ ਸੁਪਰਡੈਂਟ ਅੱਜ ਅਧਿਆਪਕਾਂ ਦੇ ਮੱਥੇ ਨਹੀਂ ਲੱਗ ਰਿਹਾ ਸੀ ਕਿਉਂਕਿ ਅਧਿਆਪਕਾਂ ਵਿਚ ਕਾਫ਼ੀ ਰੋਹ ਭਰਿਆ ਹੋਇਆ ਸੀ।
ਚਲਦਾ…..

(ਜਸਪਾਲ ਜੱਸੀ )

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਰੀ ਬੇਬੇ (ਪੁਆਧੀ ਰਚਨਾ)
Next articleਮਾਪੇ……