“ਸ਼ਹੀਦ ਰਾਮ ਪ੍ਰਕਾਸ਼ ਯਾਦਗਾਰ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ” ਇਤਿਹਾਸਿਕ ਸਥਾਨ ਅੰਬੇਡਕਰ ਭਵਨ ਵਿਖੇ ਉਸਾਰੀ ਅਧੀਨ

ਫੋਟੋ ਕੈਪਸ਼ਨ: ਅੰਬੇਡਕਰ ਭਵਨ ਟਰੱਸਟ ਦੇ ਟਰੱਸਟੀ ਅਤੇ ਹੋਰ ਅੰਬੇਡਕਰੀ ਜਥੇਬੰਦੀਆਂ ਦੇ ਨੁਮਾਇੰਦੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ।

ਜਲੰਧਰ (ਸਮਾਜ ਵੀਕਲੀ)  : ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਨੇ ਇਤਿਹਾਸਿਕ ਸਥਾਨ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਇਕ ਬਹੁਤ ਹੀ ਆਲੀਸ਼ਾਨ ਇਮਾਰਤ ਦਾ ਨਿਰਮਾਣ ਕੀਤਾ ਹੈ ਜਿਸ ਦਾ ਨਾਮ ‘ਰਮਾ ਬਾਈ ਅੰਬੇਡਕਰ ਯਾਦਗਾਰ ਹਾਲ’ ਰੱਖਿਆ ਗਿਆ ਹੈ ਅਤੇ ਇਹ ਹਾਲ ਗਰੀਬ ਲੋਕਾਂ ਦੇ ਸਮਾਜਿਕ ਕਾਰਜਾਂ ਵਾਸਤੇ ਸ਼ੁਰੂ ਹੋ ਚੁੱਕਾ ਹੈ। ਵਰਤਮਾਨ ਵਿੱਚ ਟਰੱਸਟ ਨੇ ਆਪਣੀ ਉਸਾਰੀ ਅਧੀਨ ਨਵੀਂ ਲਾਇਬਰੇਰੀ ਦਾ ਨਾਮ ਆਰ.ਪੀ.ਆਈ. ਦੇ 1964 ਦੇ ਸਰਬ ਭਾਰਤ ਮੋਰਚੇ ਦੇ ਸ਼ਹੀਦ ਸ਼੍ਰੀ ਰਾਮ ਪ੍ਰਕਾਸ਼ ਦੀ ਯਾਦ ਵਿਚ ‘ਸ਼ਹੀਦ ਰਾਮ ਪ੍ਰਕਾਸ਼ ਯਾਦਗਾਰ ਡਾ. ਬੀ. ਆਰ. ਅੰਬੇਡਕਰ ਲਾਇਬ੍ਰੇਰੀ’ ਰੱਖਿਆ ਹੈ। ਇਹ ਨਵ-ਨਿਰਮਾਣ ਲਾਇਬ੍ਰੇਰੀ ਉਸਾਰੀ ਅਧੀਨ ਹੈ ਅਤੇ ਇਸ ਤੇ ਹੋਰ ਲਗਭਗ ਪੰਜ ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ। ਟਰੱਸਟ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਲਾਇਬ੍ਰੇਰੀ ਦੇ ਨਿਰਮਾਣ ਲਈ ਜੋ ਵੀ ਦਾਨੀ ਸੱਜਣ 10 ਹਜਾਰ ਰੁਪਏ ਜਾਂ ਇਸ ਤੋਂ ਵੱਧ ਦੀ ਰਾਸ਼ੀ ਦਾਨ ਕਰੇਗਾ, ਉਸ ਦਾ ਨਾਮ ਇਸ ਲਾਇਬ੍ਰੇਰੀ ਤੇ ਲਿਖਿਆ ਜਾਵੇਗਾ। ਅੰਬੇਡਕਰ ਭਵਨ ਦੇ ਚੇਅਰਮੈਨ ਸ੍ਰੀ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਨੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਜਿਉਂ ਹੀ ਇੱਕ ਮਿਸ਼ਨਰੀ ਸਾਥੀ ਸ੍ਰੀ ਸੋਹਨ ਲਾਲ ਸਾਂਪਲਾ (ਜਰਮਨੀ) ਨੂੰ ਇਸ ਲਾਇਬ੍ਰੇਰੀ ਦੇ ਨਿਰਮਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਅੰਬੇਡਕਰ ਭਵਨ ਟਰੱਸਟ ਨੂੰ ਲਾਇਬ੍ਰੇਰੀ ਵਾਸਤੇ 12 ਹਜਾਰ ਰੁਪਏ ਦੀ ਰਾਸ਼ੀ ਦਾਨ ਵਜੋਂ ਭੇਜੀ। ਬਲਦੇਵ ਭਾਰਦਵਾਜ ਨੇ ਕਿਹਾ ਕਿ ਚੇਅਰਮੈਨ ਸ਼੍ਰੀ ਸੋਹਨ ਲਾਲ ਨੇ ਸ੍ਰੀ ਸੋਹਨ ਲਾਲ ਸਾਂਪਲਾ ਜੀ ਦਾ ਧੰਨਵਾਦ ਕੀਤਾ ਅਤੇ ਦੇਸ਼-ਵਿਦੇਸ਼ ਵਿੱਚ ਬੈਠੇ ਦਾਨੀ ਸੱਜਣਾਂ ਨੂੰ ਇਸ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ। ਬਲਦੇਵ ਭਾਰਦਵਾਜ ਨੇ ਅੱਗੇ ਦੱਸਿਆ ਕਿ ਅੰਬੇਡਕਰ ਭਵਨ ਟਰੱਸਟ ਜਲਦ ਹੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਸਟੈਚੂ (ਬਸਟ) ਅੰਬੇਡਕਰ ਭਵਨ ਵਿਖੇ ਲਾਉਣ ਜਾ ਰਿਹਾ ਹੈ। ਇਹ ਸਟੈਚੂ ਅੰਬੇਡਕਰ ਭਵਨ ਦੇ ਵੇਹੜੇ ਵਿੱਚ ਤਥਾਗਤ ਗੌਤਮ ਬੁੱਧ ਦੀ ਪ੍ਰਤਿਮਾ ਦੇ ਨਜ਼ਦੀਕ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 1963 ਵਿੱਚ ਉੱਘੇ ਅੰਬੇਡਕਰਵਾਦੀ, ਮਹਾਨ ਚਿੰਤਕ ਅਤੇ ਭੀਮ ਪਤ੍ਰਿਕਾ ਦੇ ਐਡੀਟਰ ਸ੍ਰੀ ਲਹੌਰੀ ਰਾਮ ਬਾਲੀ ਨੇ ਆਪਣੇ ਇੱਕ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਚਰਨ-ਛੋਹ ਪ੍ਰਾਪਤ ਭੂਮੀ, ਜਿਥੇ ਬਾਬਾ ਸਾਹਿਬ 27 ਅਕਤੂਬਰ,1951 ਨੂੰ ਆਏ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ, ਖਰੀਦ ਕੇ 1972 ਵਿੱਚ ‘ਅੰਬੇਡਕਰ ਭਵਨ ਟਰੱਸਟ’ ਦੇ ਨਾਮ ਤੇ ਉਸ ਦਾ ਟਰੱਸਟ ਬਣਾਇਆ ਅਤੇ ਫਿਰ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਕ ਆਲੀਸ਼ਾਨ ਭਵਨ ਬਣਾ ਕੇ ਉੱਤਰੀ ਭਾਰਤ ਵਿੱਚ ਬਾਬਾ ਸਾਹਿਬ ਦੀ ਇੱਕ ਸ਼ਾਨਦਾਰ ਧਰੋਹਰ ਕਾਇਮ ਕੀਤੀ। ਇੱਥੋਂ ਬਾਬਾ ਸਾਹਿਬ ਦੀ ਨਿਰੋਲ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਹੋ ਰਿਹਾ ਹੈ। ਇਸ ਮੌਕੇ ਸਰਬ ਸ਼੍ਰੀ ਸੋਹਨ ਲਾਲ ਸਾਬਕਾ ਡੀਪੀਆਈ ਕਾਲਜਾਂ, ਡਾ. ਜੀ. ਸੀ. ਕੌਲ, ਹਰਮੇਸ਼ ਜਸਲ, ਬਲਦੇਵ ਰਾਜ ਭਾਰਦਵਾਜ, ਪ੍ਰੋ. ਬਲਬੀਰ, ਤਿਲਕ ਰਾਜ, ਜਸਵਿੰਦਰ ਵਰਿਆਣਾ, ਐਡਵੋਕੇਟ ਕੁਲਦੀਪ ਭੱਟੀ, ਪ੍ਰਿੰਸੀਪਲ ਪਰਮਜੀਤ ਜੱਸਲ, ਚਮਨ ਦਾਸ ਸਾਂਪਲਾ ਅਤੇ ਮਹਿੰਦਰ ਸੰਧੂ ਮੌਜੂਦ ਸਨ।
ਬਲਦੇਵ ਰਾਜ ਭਾਰਦਵਾਜ
ਵਿਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਲੜਕੀ ਦੇ ਵਿਆਹ ਤੇ ਸਰਪੰਚ ਨੇ ਵਾਅਦੇ ਮੁਤਾਬਿਕ ਸ਼ਗਨ ਵਜੋਂ 11 ਹਜ਼ਾਰ ਰੁਪਏ ਦਿੱਤੇ
Next article“ਲੈਨਿਨਵਾਦ ਤੋਂ ਇਨਕਲਾਬ ਜ਼ਿੰਦਾਬਾਦ ਤੱਕ”