ਮਨੀਪੁਰ ਹਿੰਸਾ: ਵਿਦੇਸ਼ ਰਾਜ ਮੰਤਰੀ ਦੇ ਘਰ ਦੀ ਭੰਨ-ਤੋੜ

 

ਰੈਪਿਡ ਐਕਸ਼ਨ ਫੋਰਸ ਤੇ ਹਜੂਮ ਵਿਚਾਲੇ ਹੋਈਆਂ ਝੜਪਾਂ

ਕੋਚੀ (ਸਮਾਜ ਵੀਕਲੀ): ਇੰਫਾਲ ਸ਼ਹਿਰ ’ਚ ਭੀੜ ਨੇ ਕੇਂਦਰੀ ਵਿਦੇਸ਼ ਰਾਜ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ’ਚ ਭੰਨ ਤੋੜ ਕੀਤੀ ਤੇ ਉਨ੍ਹਾਂ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਲੰਘੀ ਰਾਤ ਭੀੜ ਵੱਲੋਂ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਾਕਾਮ ਕਰਦਿਆਂ ਮੰਤਰੀ ਦੀ ਰਿਹਾਇਸ਼ ਸੜਨ ਤੋਂ ਬਚਾ ਲਈ। ਇਸ ਤੋਂ ਪਹਿਲਾਂ ਇੰਫਾਲ ’ਚ ਬੀਤੇ ਦਿਨ ਮਨੀਪੁਰ ਰੈਪਿਡ ਐਕਸ਼ਨ ਫੋਰਸ ਤੇ ਭੀੜ ਵਿਚਾਲੇ ਝੜਪਾਂ ਹੋਈਆਂ ਅਤੇ ਲੋਕਾਂ ਦੀ ਭੀੜ ਨੇ ਦੋ ਘਰ ਸਾੜ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ’ਚ ਆਮ ਲੋਕਾਂ ਦੀ ਭੀੜ ਤੇ ਸੁਰੱਖਿਆ ਬਲਾਂ ਵਿਚਾਲੇ ਦੇਰ ਰਾਤ ਵੀ ਝੜਪ ਹੋਈ। ਕੇਂਦਰੀ ਰਾਜ ਮੰਤਰੀ ਆਰਕੇ ਰੰਜਨ ਸਿੰਘ ਨੇ ਪੀਟੀਆਈ ਨੂੰ ਦੱਸਿਆ, ‘ਮਨੀਪੁਰ ’ਚ ਲੰਘੀ ਰਾਤ ਮੇਰੀ ਰਿਹਾਇਸ਼ ’ਤੇ ਘਟਨਾ ਹੋਈ ਹੈ।’

ਉਨ੍ਹਾਂ ਕਿਹਾ, ‘ਮੈਂ ਤਿੰਨ ਮਈ ਤੋਂ ਸ਼ਾਂਤੀ ਸਥਾਪਤ ਕਰਨ ਅਤੇ ਹਿੰਸਾ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਇਹ ਦੋ ਭਾਈਚਾਰਿਆਂ ਵਿਚਾਲੇ ਗਲਤਫਹਿਮੀ ਦਾ ਮਾਮਲਾ ਹੈ। ਸਰਕਾਰ ਨੇ ਇੱਕ ਸ਼ਾਂਤੀ ਕਮੇਟੀ ਦਾ ਗਠਨ ਕੀਤਾ ਹੈ, ਪ੍ਰਕਿਰਿਆ ਜਾਰੀ ਹੈ।’ ਮੰਤਰੀ ਜੋ ਇਸ ਸਮੇਂ ਕੇਰਲਾ ਦੇ ਕੋਚੀ ’ਚ ਸਨ, ਸਾਰੇ ਪ੍ਰੋਗਰਾਮ ਰੱਦ ਕਰਕੇ ਘਰ ਵਾਪਸ ਆ ਗਏ ਹਨ। ਉਨ੍ਹਾਂ ਕਿਹਾ, ‘ਇਹ ਘਰ ਮੇਰੀ ਮਿਹਨਤ ਦੀ ਕਮਾਈ ਨਾਲ ਬਣਿਆ ਸੀ। ਮੈਂ ਭ੍ਰਿਸ਼ਟ ਨਹੀਂ ਹਾਂ। ਇਸ ਸ਼ਾਸਨ ’ਚ ਕੋਈ ਵੀ ਭ੍ਰਿਸ਼ਟ ਨਹੀਂ ਹੈ। ਜੇਕਰ ਇਸ ਵਿੱਚ ਕੁਝ ਧਾਰਮਿਕ ਹੈ ਤਾਂ ਮੈਂ ਇੱਕ ਹਿੰਦੂ ਹਾਂ। ਹਮਲਾਵਰ ਵੀ ਹਿੰਦੂ ਸਨ। ਇਸ ਲਈ ਇਹ ਕੋਈ ਧਾਰਮਿਕ ਮਸਲਾ ਨਹੀਂ ਹੈ। ਇਹ ਭੀੜ ਸੀ।’ ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਭਾਈਚਾਰਿਆਂ ਨਾਲ ਗੱਲ ਕਰਕੇ ਕੋਈ ਰਾਹ ਲੱਭੇਗੀ। ਇੰਫਾਲ ਪੂਰਬ ਜ਼ਿਲ੍ਹੇ ’ਚ ਅੱਜ ਤੜਕੇ ਗੋਲੀਬਾਰੀ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਸੁਰੱਖਿਆ ਬਲਾਂ ਨੇ ਲੰਘੇ ਬੁੱਧਵਾਰ ਨੌਂ ਆਮ ਲੋਕਾਂ ਦੀ ਮੌਤ ਦੇ ਰੋਸ ਵਜੋਂ ਮੁਜ਼ਾਹਰੇ ਕਰ ਰਹੇ ਸਥਾਨਕ ਲੋਕਾਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਕਈ ਗੋਲੇ ਦਾਗੇ ਤੇ ਨਕਲੀ ਬੰਬ ਵੀ ਵਰਤੇ। ਉਨ੍ਹਾਂ ਦੱਸਿਆ ਕਿ ਝੜਪਾਂ ਦੌਰਾਨ ਦੋ ਮੁਜ਼ਾਹਰਾਕਾਰੀ ਤੇ ਆਰਏਐੱਫ ਦਾ ਇਕ ਮੁਲਾਜ਼ਮ ਜ਼ਖ਼ਮੀ ਹੋਇਆ ਹੈ। ਮੁਜ਼ਾਹਰਾਕਾਰੀਆਂ ਨੇ ਮੁੱਖ ਸੜਕਾਂ ਵੀ ਜਾਮ ਕੀਤੀਆਂ ਜਿੱਥੇ ਉਨ੍ਹਾਂ ਦੀ ਸੁਰੱਖਿਆ ਬਲਾਂ ਨਾਲ ਝੜਪ ਵੀ ਹੋਈ।

ਇਸੇ ਦੌਰਾਨ ਟੀਐੱਮਸੀ ਆਗੂ ਤੇ ਸੰਸਦ ਮੈਂਬਰ ਡੈਰੇਕ ਓ’ਬ੍ਰਾਇਨ ਨੇ ਮਨੀਪੁਰ ’ਚ ਮੌਜੂਦਾ ਹਾਲਾਤ ਦੀ ਸਥਿਤੀ ਦਾ ਮੁਲਾਂਕਣ ਕਰਨ ਲਈ ਗ੍ਰਹਿ ਮੰਤਰਾਲਿਆਂ ਬਾਰੇ ਸੰਸਦ ਦੀ ਸਥਾਈ ਕਮੇਟੀ ਦੀ ਤੁਰੰਤ ਮੀਟਿੰਗ ਬੁਲਾਏ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਜ਼ਮੀਨੀ ਹਕੀਕਤ ਨੂੰ ਸਮਝਣ ਤੇ ਸਥਿਤੀ ਦੀ ਅਸਲ ਜਾਣਕਾਰੀ ਹੋਣਾ ਜ਼ਰੂਰੀ ਹੈ। ਸੂਬੇ ਦੇ ਕਬਾਇਲੀ ਭਾਈਚਾਰੇ ਦੇ ਲੋਕਾਂ ਵੱਲੋਂ ਕੌਮੀ ਰਾਜ ਮਾਰਗ ਅਤੇ ਮਹਿਲਾਵਾਂ ਦੀ ਅਗਵਾਈ ਹੇਠਲੇ ਗਰੁੱਪਾਂ ਵੱਲੋਂ ਘੱਟੋ ਘੱਟ ਛੇ ਹੋਰ ਸੜਕਾਂ ਜਾਮ ਕੀਤੇ ਜਾਣ ਕਾਰਨ ਸੂਬੇ ’ਚ ਬੱਚਿਆਂ ਲਈ ਖੁਰਾਕੀ ਸਮੱਗਰੀ, ਦਵਾਈਆਂ ਦੀ ਸਪਲਾਈ ਦੇ ਨਾਲ ਨਾਲ ਸੁਰੱਖਿਆ ਬਲਾਂ ਦੀ ਆਵਾਜਾਈ ’ਚ ਅੜਿੱਕਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਘਾਟੀ ’ਚ ਜਾਣ ਲਈ ਸਿਰਫ਼ ਕੌਮੀ ਮਾਰਗ ਨੰਬਰ 37 ਖੁੱਲ੍ਹਾ ਹੈ ਤੇ ਇੱਥੋਂ ਪਿਛਲੇ ਇੱਕ ਹਫ਼ਤੇ ਦੌਰਾਨ ਜ਼ਰੂਰੀ ਵਸਤਾਂ ਦੀ ਸਪਲਾਈ ਦੇ ਚਾਰ ਹਜ਼ਾਰ ਟਰੱਕ ਘਾਟੀ ’ਚ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਇਹ ਸੜਕਾਂ ਜਾਮ ਹੋਣੀਆਂ ਅਸਾਮ ਰਾਈਫਲ ਤੇ ਫੌਜ ਲਈ ਨਵੀਂ ਚੁਣੌਤੀ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਿਆਨੀ ਰਘਬੀਰ ਸਿੰਘ ਬਣੇ ਅਕਾਲ ਤਖ਼ਤ ਦੇ ਜਥੇਦਾਰ
Next articleਕੁਪਵਾੜਾ ਮੁਕਾਬਲੇ ’ਚ ਪੰਜ ਵਿਦੇਸ਼ੀ ਅਤਿਵਾਦੀ ਹਲਾਕ