ਚੰਡੀਗੜ੍ਹ (ਸਮਾਜ ਵੀਕਲੀ): ‘ਆਪ’ ਪੰਜਾਬ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ‘ਆਪ’ ਦੇ ਹੱਕ ’ਚ ਫਤਵਾ ਜਾਰੀ ਕਰ ਦਿੱਤਾ ਹੈ ਤੇ 10 ਮਾਰਚ ਨੂੰ ਬਸ ਐਲਾਨ ਹੋਣਾ ਬਾਕੀ ਹੈ। ਉਨ੍ਹਾਂ ਰਾਜਿੰਦਰ ਕੌਰ ਭੱਠਲ ਵੱਲੋਂ ਕਾਂਗਰਸ ਦੇ ‘ਆਪ’ ਨਾਲ ਗੱਠਜੋੜ ਕਰਨ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਪਾਈ ਹੈ ਤੇ ਪੰਜਾਬ ਵਿੱਚ ਭਾਰੀ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਕਰਕੇ ਸਿਆਸੀ ਗੱਠਜੋੜ ਉਨ੍ਹਾਂ ਦਾ ਏਜੰਡਾ ਨਹੀਂ ਸਗੋਂ ‘ਆਪ’ ਪੰਜਾਬ ਦੇ ਵਿਕਾਸ ਲਈ ਰਣਨੀਤੀ ਤਿਆਰ ਕਰ ਰਹੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਹਮੇਸ਼ਾ ਰਾਜਨੀਤਕ ਜੋੜ-ਤੋੜ ਵਿੱਚ ਹੀ ਪੈ ਕੇ ਲੋਕਾਂ ਤੋਂ ਦੂਰੀ ਬਣਾ ਲੈਂਦੀਆਂ ਹਨ, ਪਰ ‘ਆਪ’ ਅਜਿਹੀ ਨਹੀਂ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਬਿਆਨਾਂ ਤੋਂ ਸਾਫ ਝਲਕਦਾ ਹੈ ਕਿ ਪੰਜਾਬ ਵਿੱਚ ਉਨ੍ਹਾਂ ਦੀ ਸਰਕਾਰ ਨਹੀਂ ਬਣ ਰਹੀ ਤੇ ਉਹ ਗੱਠਜੋੜ ਅਤੇ ਜੋੜ-ਤੋੜ ਬਾਰੇ ਬਿਆਨਬਾਜ਼ੀ ਤੇ ਸ਼ਗੂਫੇਬਾਜ਼ੀ ਕਰ ਰਹੇ ਹਨ।(ਸਮਾਜ ਵੀਕਲੀ):