HOME ਮਾਲਵਿੰਦਰ ਮੈਡਮ (ਕਹਾਣੀ)

ਮਾਲਵਿੰਦਰ ਮੈਡਮ (ਕਹਾਣੀ)

ਡਾ. ਇਕਬਾਲ ਸਿੰਘ ਸਕਰੌਦੀ
   (ਸਮਾਜ ਵੀਕਲੀ)  ਮੁਸਕਾਨਪ੍ਰੀਤ ਕੌਰ, ਸਰਕਾਰੀ ਹਾਈ ਸਕੂਲ ਤਕੀਪੁਰ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੀ ਸੀ। ਪੜ੍ਹਾਈ ਦੇ ਨਾਲ਼-ਨਾਲ਼ ਉਹ ਬਾਲੀਵਾਲ ਦੀ ਵੀ ਵਧੀਆ ਖਿਡਾਰਨ ਸੀ। ਮਨਵੀਰ ਬੇਗ਼ਮ ਉਸ ਦੀ ਸਭ ਤੋਂ ਪਿਆਰੀ ਤੇ ਪੱਕੀ ਸਹੇਲੀ ਸੀ। ਦੋਵਾਂ ਦੇ ਘਰ ਵੀ ਨੇੜੇ-ਨੇੜੇ ਸਨ। ਆਮ ਤੌਰ ‘ਤੇ ਉਹ ਦੋਵੇਂ ਘਰੋਂ ਇਕੱਠੀਆਂ ਹੀ ਸਕੂਲ ਜਾਂਦੀਆਂ। ਸਕੂਲ ਵਿੱਚ ਵੀ ਇੱਕੋ ਡੈਸਕ ‘ਤੇ ਬੈਠਦੀਆਂ। ਪੜ੍ਹਾਈ ਵਿੱਚ ਉਹ ਦੋਵੇਂ ਹੁਸ਼ਿਆਰ ਸਨ। ਜੇਕਰ ਉਨ੍ਹਾਂ ਵਿੱਚੋਂ ਕਿਸੇ ਇੱਕ ਨੇ ਪਾਣੀ ਪੀਣ ਜਾਣਾ ਹੁੰਦਾ ਤਾਂ ਦੂਜੀ ਨੂੰ ਬਿਨਾਂ ਲੋੜ ਤੋਂ ਹੀ ਪਿਆਸ ਲੱਗ ਜਾਂਦੀ ਸੀ। ਸਕੂਲ ਮੁਖੀ ਅਤੇ ਹੋਰ ਅਧਿਆਪਕ ਉਨ੍ਹਾਂ ਦੀ ਵਧੀਆ ਪੜ੍ਹਾਈ ਅਤੇ ਸਹੇਲਪੁਣੇ ‘ਤੇ ਬੜਾ ਮਾਣ ਕਰਦੇ ਸਨ।
           ਜਿਉਂ ਹੀ ਅੱਧੀ ਛੁੱਟੀ ਦੀ ਘੰਟੀ ਵੱਜੀ ਤਾਂ ਮੁਸਕਾਨ ਨੇ ਆਪਣੀ ਸਹੇਲੀ ਨੂੰ ਕਿਹਾ- “ਮਨਵੀਰ, ਆਪਾਂ ਰੋਟੀ ਆ ਕੇ ਖਾਵਾਂਗੀਆਂ। ਪਹਿਲਾਂ ਆਪਾਂ ਲਾਇਬਰੇਰੀ ਚੱਲਣਾ ਹੈ।”
ਆਪਣੀ ਸਹੇਲੀ ਦੀ ਗੱਲ ਸੁਣ ਕੇ ਉਸ ਦਾ ਚਿਹਰਾ ਭੰਬੂਲ ਵਾਂਗੂੰ ਖਿੜ ਗਿਆ ਸੀ। ਉਹ ਬੜਾ ਚਹਿਕ ਕੇ ਬੋਲੀ- “ਵਾਹ! ਇਹ ਤਾਂ ਤੂੰ ਮੇਰੇ ਦਿਲ ਦੀ ਗੱਲ ਕਰ ਦਿੱਤੀ। ਮੈਂ ਸ੍ਰ. ਨਾਨਕ ਸਿੰਘ ਜੀ ਦਾ ਲਿਖਿਆ ਨਾਵਲ ‘ਗਗਨ ਦਮਾਮਾ ਬਾਜਿਓ’ ਪੜ੍ਹ ਚੁੱਕੀ ਹਾਂ। ਇਹ ਨਾਵਲ ਮੈਂ ਲਾਇਬਰੇਰੀ ਵਿੱਚ ਜਮ੍ਹਾਂ ਕਰਵਾ ਕੇ ਹੋਰ ਕੋਈ ਕਹਾਣੀਆਂ ਦੀ ਕਿਤਾਬ ਲੈ ਕੇ ਆਵਾਂਗੀ।” ਮਨਵੀਰ ਬੇਗ਼ਮ ਨੇ ਕਿਹਾ।
          ਦੋਵੇਂ ਕੁੜੀਆਂ ਉਸੇ ਵੇਲੇ ਲਾਇਬਰੇਰੀ ਵਿੱਚ ਚਲੀਆਂ ਗਈਆਂ। ਸਕੂਲ ਵਿੱਚ ਲਾਇਬਰੇਰੀ ਦੀ ਆਸਾਮੀ ਖ਼ਾਲੀ ਪਈ ਹੋਣ ਕਾਰਨ ਪੰਜਾਬੀ ਅਧਿਆਪਕਾ ਮਾਲਵਿੰਦਰ ਕੌਰ ਜੀ ਨੂੰ ਲਾਇਬਰੇਰੀ ਦਾ ਚਾਰਜ ਦਿੱਤਾ ਹੋਇਆ ਹੈ। ਮੈਡਮ ਮਾਲਵਿੰਦਰ ਜੀ ਉਂਝ ਵੀ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਸਾਹਿਤਕ ਪੁਸਤਕਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਸਨ। ਉਹ ਵਿਦਿਆਰਥੀਆਂ ਨੂੰ ਨਿੱਕੀਆਂ-ਨਿੱਕੀਆਂ ਕਹਾਣੀਆਂ ਅਤੇ ਕਵਿਤਾਵਾਂ ਲਿਖਣ ਲਈ ਵੀ ਉਤਸ਼ਾਹਿਤ ਕਰਦੇ ਸਨ। ਇੱਕ ਦਿਨ ਉਨ੍ਹਾਂ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਲੈਕਚਰ ਦਿੰਦਿਆਂ ਕਿਹਾ ਸੀ- “ਪਿਆਰੇ ਵਿਦਿਆਰਥੀਓ! ਕੋਈ ਵੀ ਸਾਹਿਤਕਾਰ ਆਪਣੀ ਪੁਸਤਕ ਰਚਣ ਲਈ ਇੱਕ ਜਾਂ ਡੇਢ ਸਾਲ ਲਾ ਦਿੰਦਾ ਹੈ। ਪਰੰਤੂ ਉਸ ਦੀ ਲਿਖੀ ਉਹੀ ਪੁਸਤਕ ਅਸੀਂ ਪੰਜ ਛੇ ਘੰਟਿਆਂ ਵਿੱਚ ਪੜ੍ਹ ਕੇ ਸਿੱਖਿਆ, ਖ਼ੁਸ਼ੀ, ਆਨੰਦ ਅਤੇ ਰਸ ਮਾਣ ਲੈਂਦੇ ਹਾਂ। ਇਸ ਲਈ ਪੁਸਤਕਾਂ ਪੜ੍ਹਨ ਵਾਲ਼ੇ ਵਿਦਿਆਰਥੀ ਅਤੇ ਅਧਿਆਪਕ ਇੱਕ ਜਨਮ ਵਿੱਚ ਕਈ ਜਨਮ ਜੀਅ ਲੈਂਦੇ ਹਨ। ਇਸ ਲਈ ਮੈਂ ਤੁਹਾਨੂੰ ਸਾਰੇ ਬੱਚਿਆਂ ਨੂੰ ਇਹੋ ਸਲਾਹ ਦਿੰਦੀ ਹਾਂ ਕਿ ਤੁਸੀਂ ਆਪਣੇ ਸਿਲੇਬਸ ਦੀਆਂ ਕਿਤਾਬਾਂ ਪੜ੍ਹਨ ਦੇ ਨਾਲ਼-ਨਾਲ਼ ਲਾਇਬਰੇਰੀ ਵਿੱਚੋਂ ਵੀ ਕਿਤਾਬਾਂ ਲੈ ਕੇ ਜਰੂਰ ਪੜ੍ਹਿਆ ਕਰੋ। ਇਸ ਨਾਲ਼ ਤੁਹਾਨੂੰ ਇੱਕ ਵਧੀਆ ਰੁਝੇਵਾਂ ਮਿਲੇਗਾ। ਤੁਹਾਡਾ ਸਮਾਂ ਸਾਰਥਕ ਹੋਵੇਗਾ। ਤੁਹਾਡਾ ਸ਼ਬਦ ਭੰਡਾਰ ਵਿਸ਼ਾਲ ਹੁੰਦਾ ਜਾਵੇਗਾ। ਤੁਸੀਂ ਕੋਈ ਵੀ ਮੁਕਾਬਲੇ ਦੀ ਪਰੀਖਿਆ ਨੂੰ ਬੜੇ ਸੌਖਿਆਂ ਹੀ ਪਾਸ ਕਰ ਜਾਵੋਗੇ। ਇਸ ਤੋਂ ਇਲਾਵਾ ਤੁਸੀਂ ਵੀ ਸਾਹਿਤ ਸਿਰਜਣਾ ਕਰਨ ਲੱਗ ਜਾਵੋਗੇ।”
          ਮਾਲਵਿੰਦਰ ਮੈਡਮ ਖ਼ੁਦ ਵੀ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸਨ। ਜਦੋਂ ਵੀ ਉਹ ਕਿਸੇ ਜਮਾਤ ਵਿੱਚ ਜਾਂਦੇ ਤਾਂ ਉਨ੍ਹਾਂ ਦੇ ਹੱਥ ਵਿੱਚ ਕੋਈ ਨਾ ਕੋਈ ਕਿਤਾਬ ਜਰੂਰ ਹੁੰਦੀ ਸੀ। ਜਮਾਤ ਵਿੱਚ ਜਾ ਕੇ ਉਹ ਆਪਣੇ ਹੱਥ ਵਿੱਚ ਫ਼ੜੀ ਕਿਤਾਬ ਮੇਜ ‘ਤੇ ਰੱਖ ਦਿੰਦੇ ਸਨ। ਕਿਤਾਬਾਂ ਪੜ੍ਹਨ ਵਿੱਚ ਦਿਲਚਸਪੀ ਰੱਖਣ ਵਾਲ਼ੇ ਵਿਦਿਆਰਥੀ ਮੈਡਮ ਨੂੰ ਅਕਸਰ ਕੋਈ ਨਾ ਕੋਈ ਸਵਾਲ ਕਰ ਲੈਂਦੇ ਸਨ। ਅੱਜ ਵੀ ਮਾਲਵਿੰਦਰ ਮੈਡਮ ਦੂਜੀ ਘੰਟੀ ਲਾਉਣ ਲਈ ਦਸਵੀਂ ਜਮਾਤ ਵਿੱਚ ਆਏ ਸਨ। ਉਨ੍ਹਾਂ ਆਪਣੇ ਹੱਥ ਵਿਚਲੀ ਕਿਤਾਬ ਮੇਜ ਉੱਤੇ ਰੱਖ ਦਿੱਤੀ ਸੀ। ਪਹਿਲੀ ਕਤਾਰ ਵਿੱਚ ਬੈਠੀ ਮੁਸਕਾਨਪ੍ਰੀਤ ਨੇ ਉਸੇ ਵੇਲੇ ਉਨ੍ਹਾਂ ਨੂੰ ਸਵਾਲ ਕੀਤਾ, “ਮੈਡਮ, ਇਹ ਕਿਹੜੀ ਕਿਤਾਬ ਹੈ ਜੀ?”
          “ਪਿਆਰੀ ਬੇਟੀ ਮੁਸਕਾਨ, ਇਹ ਪੰਜਾਬੀ ਦੇ ਪ੍ਰਸਿੱਧ ਕਥਾਕਾਰ ਜਸਵੀਰ ਰਾਣਾ ਦਾ ਨਵਾਂ ਲਿਖਿਆ ਨਾਵਲ “70% ਪ੍ਰੇਮ ਕਥਾ” ਹੈ। ਇਹ ਨਾਵਲ ਮੈਂ ਕੱਲ੍ਹ ਸ਼ਾਮੀਂ ਹੀ ਪੜ੍ਹ ਕੇ ਪੂਰਾ ਕੀਤਾ ਹੈ। ਅੱਜ ਮੈਂ ਇਸ ਨਾਵਲ ਸੰਬੰਧੀ ਹੀ ਤੁਹਾਨੂੰ ਜਾਣਕਾਰੀ ਦੇਣੀ ਹੈ। ਇਸੇ ਲਈ ਮੈਂ ਇਸ ਨੂੰ ਆਪਣੇ ਨਾਲ਼ ਲੈ ਆਈ ਹਾਂ।”
          “ਵਾਓ!” ਮੁਸਕਾਨ, ਮਨਵੀਰ ਅਤੇ ਜਮਾਤ ਦੇ ਕਈ ਹੋਰ ਵਿਦਿਆਰਥੀਆਂ ਦੇ ਮੂੰਹੋਂ ਇਕੱਠਿਆਂ ਹੀ ਨਿੱਕਲਿਆ ਸੀ। ਮੈਡਮ ਨੇ ਚਾਕ ਲਿਆ। ਉਨ੍ਹਾਂ ਬਲੈਕ ਬੋਰਡ ‘ਤੇ ਲਿਖ ਦਿੱਤਾ-
          70% ਪ੍ਰੇਮ ਕਥਾ, ਨਾਵਲਕਾਰ ਜਸਵੀਰ ਰਾਣਾ।
          ਮੈਡਮ ਨੇ ਵਿਦਿਆਰਥੀਆਂ ਦੇ ਚਿਹਰਿਆਂ ‘ਤੇ ਇੱਕ ਭਰਵੀਂ ਨਜ਼ਰ ਮਾਰੀ। ਉਸ ਨੇ ਨੋਟ ਕੀਤਾ ਕਿ ਜਮਾਤ ਵਿੱਚ ਬੈਠੇ ਸਾਰੇ ਵਿਦਿਆਰਥੀ ਇੱਕ ਟੱਕ ਉਸ ਵੱਲ ਦੇਖ ਰਹੇ ਹਨ। ਤਦ ਉਹ ਬੋਲੀ- “ਪਿਆਰੇ ਵਿਦਿਆਰਥੀਓ! ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਇਸ ਧਰਤੀ ‘ਤੇ 70% ਪਾਣੀ ਹੈ। ਸਾਡੇ ਸਰੀਰ ਵਿੱਚ ਵੀ 70% ਪਾਣੀ ਹੈ। ਉਸੇ ਨੂੰ ਆਧਾਰ ਬਣਾ ਕੇ ਨਾਵਲਕਾਰ ਜਸਵੀਰ ਰਾਣਾ ਨੇ ਆਪਣੇ ਇਸ ਨਵੇਂ ਨਾਵਲ ਦਾ ਨਾਂ 70% ਪ੍ਰੇਮ ਕਥਾ ਰੱਖਿਆ ਹੈ। ਇਹ ਇੱਕ ਸਵੈਜੀਵਨਕ ਨਾਵਲ ਹੈ, ਜਿਸ ਵਿੱਚ ਜਸਵੀਰ ਰਾਣਾ ਨੇ ਆਪਣੇ ਫ਼ੌਜੀ ਪਿਤਾ ਦਰਸ਼ਨ ਸਿੰਘ, ਆਪਣੀ ਮਾਂ ਗੁਰਚਰਨ ਕੌਰ ਅਤੇ ਆਪਣੇ ਬਚਪਨ ਤੋਂ ਲੈ ਕੇ ਪਚਵੰਜਾ ਸਾਲ ਦੀ ਉਮਰ ਤੱਕ ਦੀ ਕਹਾਣੀ ਨੂੰ ਨਾਵਲ ਰੂਪ ਵਿੱਚ ਪੇਸ਼ ਕੀਤਾ ਹੈ। ਬੇਸ਼ੱਕ ਨਾਵਲਕਾਰ ਨੇ ਆਪਣੇ ਪੜਦਾਦਾ ਪੜਦਾਦੀ, ਦਾਦਾ ਦਾਦੀ, ਚਾਚੇ ਚਾਚੀਆਂ, ਤਾਈ ਤਾਇਆ ਅਤੇ ਆਪਣੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦੇ ਕਿਰਦਾਰ ਨੂੰ ਵੀ ਇਸ ਨਾਵਲ ਵਿੱਚ ਪੇਸ਼ ਕੀਤਾ ਹੈ। ਪਰੰਤੂ ਨਾਵਲਕਾਰ ਨੇ ਆਪਣੇ ਪਿਤਾ, ਜਿਸ ਨੂੰ ਉਹ ‘ਬਾਜੀ’ ਕਹਿੰਦਾ ਹੈ, ਆਪਣੀ ਮਾਂ ਅਤੇ ਆਪਣੀ ਨਿੱਜੀ ਕਹਾਣੀ ਨੂੰ ਬੜੀ ਬੇਬਾਕੀ, ਸ਼ਿੱਦਤ ਅਤੇ ਰੀਝ ਨਾਲ਼ ਪੇਸ਼ ਕੀਤਾ ਹੈ। ਪਿਆਰੇ ਬੱਚਿਓ! ਇਸ ਨਾਵਲ ਨੂੰ ਇੰਨੇ ਰੌਚਿਕ ਅਤੇ ਕਲਾਤਮਕ ਢੰਗ ਨਾਲ਼ ਰਚਿਆ ਗਿਆ ਹੈ ਕਿ ਜਦੋਂ ਤੁਸੀਂ ਇਸ ਨੂੰ ਇੱਕ ਵਾਰੀ ਪੜ੍ਹਨਾ ਸ਼ੁਰੂ ਕਰ ਦਿੰਦੇ ਹੋ, ਤਾਂ ਪੂਰਾ ਨਾਵਲ ਪੜ੍ਹ ਕੇ ਹੀ ਹਟਦੇ ਹੋ। ਮੈਂ ਸਮਝਦੀ ਹਾਂ ਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮਾਜ ਦੇ ਹੋਰ ਸਭਨਾਂ ਲੋਕਾਂ ਨੂੰ ਇਹ ਨਾਵਲ ਜਰੂਰ ਪੜ੍ਹਨਾ ਚਾਹੀਦਾ ਹੈ। ਇਹ ਨਾਵਲ ਪੜ੍ਹ ਕੇ ਸਾਨੂੰ ਜੀਵਨ ਜੀਊਣ ਦੀ ਜਾਚ ਆ ਜਾਂਦੀ ਹੈ।”
          ਜਿਉਂ ਹੀ ਮੈਡਮ ਨੇ ਆਪਣੀ ਗੱਲ ਪੂਰੀ ਕੀਤੀ, ਸਾਰੇ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਮੈਡਮ ਦਾ ਧੰਨਵਾਦ ਕੀਤਾ। ਉਸੇ ਵੇਲੇ ਮੁਸਕਾਨਪ੍ਰੀਤ ਆਪਣੀ ਸੀਟ ਤੋਂ ਉੱਠ ਕੇ ਖੜ੍ਹੀ ਹੋ ਗਈ। ਉਸ ਨੇ ਪੁੱਛਿਆ, “ਮੈਡਮ, ਕੀ ਤੁਸੀਂ ਇਹ ਨਾਵਲ ਮੈਨੂੰ ਪੜ੍ਹਨ ਲਈ ਦੇ ਸਕਦੇ ਹੋ?” ਮੈਡਮ ਨੇ ਮੁਸਕੁਰਾ ਕੇ ਕੁੜੀ ਵੱਲ ਦੇਖਿਆ। ਤੇ ਕਿਹਾ, “ਹਾਂ ਹਾਂ, ਜਰੂਰ।” ਇਹ ਕਹਿੰਦਿਆਂ ਹੋਇਆਂ ਮੈਡਮ ਨੇ ਨਾਵਲ ਚੁੱਕ ਕੇ ਮੁਸਕਾਨ ਨੂੰ ਫ਼ੜਾ ਦਿੱਤਾ।
          ਪੂਰੀ ਛੁੱਟੀ ਹੋਣ ‘ਤੇ ਉਹ ਆਪਣੇ ਘਰ ਚਲੀ ਗਈ। ਉਸ ਦੇ ਬੀਜੀ ਪਾਪਾ ਜੀ ਦੋਵੇਂ ਖੇਤ ਗਏ ਹੋਏ ਸਨ। ਘਰ ਵਿੱਚ ਦਾਦਾ ਦਾਦੀ ਸਨ। ਉਸ ਨੇ ਆਪਣਾ ਬੈਗ ਉਤਾਰ ਕੇ ਰੱਖ ਦਿੱਤਾ ਅਤੇ ਆਪਣੇ ਦਾਦਾ ਦਾਦੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ। ਉਸ ਨੇ ਉਸੇ ਵੇਲੇ ਨਾਵਲ ਆਪਣੀ ਦਾਦੀ ਜੀ ਨੂੰ ਦਿਖਾਉਂਦਿਆਂ ਕਿਹਾ, “ਦਾਦੀ ਜੀ! ਮੈਂ ਆਪਣੇ ਸਕੂਲ ਦੇ ਮੈਡਮ ਮਾਲਵਿੰਦਰ ਕੌਰ ਜੀ ਤੋਂ ਇਹ ਨਾਵਲ ਲੈ ਕੇ ਆਈ ਹਾਂ। ਮੈਂ ਪਹਿਲਾਂ ਇਹ ਨਾਵਲ ਪੜ੍ਹ ਲਵਾਂ। ਫ਼ਿਰ ਇਸ ਨਾਵਲ ਵਿੱਚ ਪੇਸ਼ ਕੀਤੀ ਕਹਾਣੀ ਤੁਹਾਨੂੰ ਸੁਣਾਵਾਂਗੀ।” ਦਾਦੀ ਨੇ ਮੁਸਕੁਰਾਉਂਦਿਆਂ ਹੋਇਆਂ ਪੋਤੀ ਦੇ ਵਾਲ਼ਾਂ ਵਿੱਚ ਹੱਥ ਫੇਰਿਆ ਤੇ ਕਿਹਾ, “ਹਾਂ ਹਾਂ, ਜਰੂਰ ਸੁਣਾਈਂ ਮੈਨੂੰ ਇਹਦੀ ਕਹਾਣੀ। ਪਰ ਹੁਣ ਤੂੰ ਪਹਿਲਾਂ ਆਪਣੇ ਸਕੂਲ ਦੀ ਵਰਦੀ ਬਦਲ ਲੈ। ਮੂੰਹ ਹੱਥ ਧੋ ਕੇ ਰੋਟੀ ਖਾ ਲੈ।” ਉਹ ਦਾਦੀ ਦੇ ਹੱਥਾਂ ਨੂੰ ਪਿਆਰ ਨਾਲ਼ ਸਹਿਲਾਉਂਦੀ ਹੋਈ ਪਿਛਲੇ ਕਮਰੇ ਵਿੱਚ ਚਲੀ ਗਈ।
ਡਾ. ਇਕਬਾਲ ਸਿੰਘ ਸਕਰੌਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਚਿੰਤਨ
Next articleNarendra Modi: Successes, Failures and Criticism